ਧਰਮਕੋਟ, 23 ਜੂਨ (ਪਰਮਜੀਤ ਸਿੰਘ)- ਮੋਗਾ ਜ਼ਿਲ੍ਹੇ ’’ਚ ਯੂਥ ਕਾਂਗਰਸ ਦੀਆ ਚੋਣਾਂ ਦੇ ਅੱਜ ਆਏ ਨਤੀਜਿਆਂ ’ਚ ਜ਼ਿਲ੍ਹੇ ’ਚੋਂ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਤੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਜ਼ਿਲ੍ਹੇ ’ਚੋਂ ਝੰਡੀ ਬਰਕਰਾਰ ਰਹੀ ਹੈ ਕਿਉਂਕਿ ਉਨ੍ਹਾਂ ਦੇ ਧੜੇ ਵਲੋਂ ਖੜੇ ਈਸ਼ਵਰ ਸਿੰਘ ਢਿੱਲੋਂ ਜੇਤੂ ਰਹੇ ਹਨ । ਦੱਸਣਾ ਬਣਦਾ ਹੈ ਕਿ ਇਕ ਪਾਸੇ ਇਕੱਲੇ ਸਾਬਕਾ ਵਿਧਾਇਕ ਕਾਕਾ ਲੋਹਗੜ੍ਹ ਦਾ ਗਰੁੱਪ ਸੀ, ਜਦ ਕਿ ਦੂਜੇ ਪਾਸੇ ਸਾਰੇ ਜ਼ਿਲ੍ਹੇ ਦੇ ਕਾਂਗਰਸੀ ਸਨ । ਸਾਬਕਾ ਵਿਧਾਇਕ ਦੇ ਨਿੱਜੀ ਸਕੱਤਰ ਤੇ ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਸੋਹਣ ਸਿੰਘ ਖੇਲਾ ਦੀ ਚੋਣ ਰਣਨੀਤੀ ਵੀ ਚੋਣ ’ਚ ਜਿੱਤ ਦਾ ਕਾਰਨ ਬਣੀ ਹੈ । ਇੱਥੇ ਹੀ ਬੱਸ ਨਹੀ ਕਾਂਗਰਸ ਦੇ ਦਿੱਗਜ ਆਗੂਆਂ ਨੇ ਵੀ ਕਾਕਾ ਲੋਹਗੜ੍ਹ ਦੇ ਧੜੇ ਨੂੰ ਹਰਾਉਣ ਲਈ ਅੱਡੀ ਚੋਟੀ ਦਾ ਜੋਰ ਲਾਇਆ ਸੀ ਪਰ ਇਸ ਜਿੱਤ ਨੇ ਸਾਬਕਾ ਵਿਧਾਇਕ ਦਾ ਸਿਆਸੀ ਕਦ ਤੇ ਸੋਹਣ ਸਿੰਘ ਖੇਲਾ ਦੀ ਚੋਣ ਰਣਨੀਤੀ ’ਤੇ ਪੱਕੀ ਮੋਹਰ ਲਗਾ ਦਿੱਤੀ ਹੈ । ਦੂਜੇ ਪਾਸੇ ਸਾਬਕਾ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ, ਸਰਪੰਚ ਜਸਮੱਤ ਸਿੰਘ ਮੱਤਾ ,ਧਰਮਕੋਟ ਸ਼ਹਿਰ ਦੇ ਆਗੂ ਸੰਦੀਪ ਸਿੰਘ ਸੰਧੂ ਸਾਬਕਾ ਚੇਅਰਮੈਨ ਸ਼ਿਵਾਜ ਸਿੰਘ ਭੋਲਾ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਸ਼ੇਰੇਵਾਲਾ ਸਾਬਕਾ ਚੇਅਰਮੈਨ ਸੁਧੀਰ ਗੋਇਲ ਅਵਤਾਰ ਸਿੰਘ ਪੀ.ਏ. ਆਦਿ ਨੇ ਜਿੱਤ ਦੀ ਵਧਾਈ ਦਿੱਤੀ ਹੈ। ਦੂਜੇ ਪਾਸੇ ਨਵੇਂ ਬਣੇ ਪ੍ਰਧਾਨ ਈਸ਼ਵਰ ਸਿੰਘ ਢਿੱਲੋਂ ਨੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਮੋਗਾ ਦੇ ਇੰਚਾਰਜ ਮਾਲਵਿਕਾ ਸੂਦ ਤੇ ਜਗਸੀਰ ਸਿੰਘ ਕਾਲੇਕੇ ਤੇ ਖ਼ਾਸਕਰ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਤੇ ਜ਼ਿਲ੍ਹਾ ਯੂਥ ਪ੍ਰਧਾਨ ਸੋਹਣ ਸਿੰਘ ਖੇਲਾ ਦਾ ਧੰਨਵਾਦ ਕੀਤਾ ਹੈ।