06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਮਾਈਨਿੰਗ ਲਈ ਚਲਦੀਆਂ ਟਰੈਕਟਰ ਟਰਾਲੀਆਂ ਤੋਂ ਤੰਗ ਕਿਸਾਨ ‘ਮਰਨ ਵਰਤ’ ’ਤੇ ਬੈਠਾ

ਅਜੀਤ ਡੈਸਕ 24-06-2026

 

ਧਰਮਕੋਟ, 23 ਜੂਨ (ਪਰਮਜੀਤ ਸਿੰਘ)-ਵਿਧਾਨ ਸਭਾ ਹਲਕਾ ਧਰਮਕੋਟ ਦੇ ਪਿੰਡ ਨਾਨਕ ਨਗਰ ਚੱਕ ਭੌਰਾ ਦਾ ਕਿਸਾਨ ਭਜਨ ਸਿੰਘ ਮਾਈਨਿੰਗ ਲਈ ਚੱਲਦੀਆਂ ਟਰੈਕਟਰ ਟਰਾਲੀਆਂ ਤੋਂ ਪ੍ਰੇਸ਼ਾਨ ਹੋ ਕੇ ਮਰਨ ਵਰਤ ਉੱਪਰ ਬੈਠ ਚੁੱਕਾ ਹੈ। ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਪੀੜਤ ਕਿਸਾਨ ਭਜਨ ਸਿੰਘ ਅਤੇ ਉਸ ਦੇ ਸਪੁੱਤਰ ਸਤਨਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਖੇਤਾਂ ਵਿਚੋਂ ਹੁੰਦਾ ਹੋਇਆ ਰਸਤਾ ਉਨ੍ਹਾਂ ਦੇ ਘਰ ਨੂੰ ਜਾਂਦਾ ਹੈ, ਜਿਸ ਉੱਪਰ ਰਾਤ ਬਰਾਤੇ ਮਾਈਨਿੰਗ ਲਈ ਵਰਤੀਆਂ ਜਾਣ ਵਾਲੀਆਂ ਟਰੈਕਟਰ ਟਰਾਲੀਆਂ ਰਾਤ ਦੇ ਹਨੇਰੇ ਅੰਦਰ ਇਸ ਰਾਹ ਉੱਪਰ ਆਉਂਦੀਆਂ ਹਨ ਅਤੇ ਉਨ੍ਹਾਂ ਦੀ ਫ਼ਸਲ ਦਾ ਨੁਕਸਾਨ ਕਰਦੀਆਂ ਹਨ ਕਿਉਂਕਿ ਇੱਥੇ ਚੱਲ ਰਹੀ ਮਾਈਨਿੰਗ ਨਜਾਇਜ਼ ਤੌਰ ‘ਤੇ ਚੱਲ ਰਹੀ ਹੈ, ਇਸ ਸਬੰਧੀ ਕਈ ਵਾਰ ਪ੍ਰਸ਼ਾਸਨ ਨੂੰ ਵੀ ਇਤਲਾਹ ਕੀਤੀ ਲਿਖਤੀ ਦਰਖਾਸਤ ਵੀ ਦਿੱਤੀਆਂ ਗਈਆਂ ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਜਦ ਵੀ ਕੋਈ ਪੁਲਿਸ ਪਾਰਟੀ ਉਕਤ ਮਾਈਨਿੰਗ ਕਰਨ ਵਾਲਿਆਂ ਉੱਪਰ ਕਾਰਵਾਈ ਕਰਨ ਲਈ ਆਉਂਦੇ ਹੈ ਤਾਂ ਉਹ ਦੂਰ ਤੋਂ ਹੀ ਹੂਟਰ ਛੱਡ ਦਿੰਦੇ ਹਨ ਤਾਂ ਜੋ ਨਜਾਇਜ਼ ਮਾਈਨਿੰਗ ਕਰਨ ਵਾਲੇ ਭੱਜ ਜਾਣ, ਇਸੇ ਕਾਰਨ ਹੀ ਉਹ ਲਾਈਟਾਂ ਬੰਦ ਕਰਕੇ ਆਪਣੇ ਟਰੈਕਟਰ ਟਰਾਲੀਆਂ ਸਾਡੇ ਖੇਤਾਂ ਵਿਚ ਉਤਾਰ ਦਿੰਦੇ ਹਨ ਅਤੇ ਫ਼ਸਲ ਦਾ ਵੱਡਾ ਨੁਕਸਾਨ ਹੁੰਦਾ ਹੈ। ਪੀੜਤ ਕਿਸਾਨ ਭਜਨ ਸਿੰਘ ਨੇ ਕਿਹਾ ਕਿ ਉਹ ਤਦ ਤੱਕ ਪਾਣੀ ਦੀ ਘੁੱਟ ਵੀ ਨਹੀਂ ਆਪਣੇ ਅੰਦਰ ਲੰਘਾਉਣਗੇ ਜਦ ਤੱਕ ਪ੍ਰਸ਼ਾਸਨਿਕ ਅਧਿਕਾਰੀ ਇਸ ਮਸਲੇ ਦਾ ਹੱਲ ਨਾ ਕਰ ਦੇਣ। ਇਸ ਮਾਮਲੇ ਸਬੰਧੀ ਗੱਲਬਾਤ ਕਰਦੇ ਹੋਏ ਪਿੰਡ ਦੇ ਨੰਬਰਦਾਰ ਨੇ ਵੀ ਜਾਣਕਾਰੀ ਸਾਂਝੀ ਕੀਤੀ ਕਿ ਪਿਛਲੇ ਲੰਬੇ ਸਮੇਂ ਤੋਂ ਉਕਤ ਕਿਸਾਨ ਇਸ ਪੀੜਾ ਨੂੰ ਝੱਲ ਰਿਹਾ ਹੈ, ਜਦ ਵੀ ਇਸ ਪਹੀ ਉੱਪਰੋਂ ਟਰੈਕਟਰ ਟਰਾਲੀਆਂ ਲੰਘਾਉਣ ਵਾਲਿਆਂ ਨੂੰ ਰੋਕਿਆ ਜਾਂਦਾ ਹੈ ਤਾਂ ਉਹ ਅੱਗੋਂ ਗਾਲੀ ਗਲੋਚ ਕਰਦੇ ਹਨ ਅਤੇ ਧਮਕੀਆਂ ਦਿੰਦੇ ਹਨ। ਬੀਤੀ ਰਾਤ ਵੀ ਟਰੈਕਟਰ ਟਰਾਲੀਆਂ ਨੇ ਉਕਤ ਕਿਸਾਨ ਦੀ ਫ਼ਸਲ ਦਾ ਨੁਕਸਾਨ ਕੀਤਾ ਜਿਸ ਇੰਡੀਅਨ ਫਾਰਮਰ ਐਸੋਸੀਏਸ਼ਨ (ਬਹਿਰੂ ਗਰੁੱਪ) ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਦਬੁਰਜੀ ਨੇ ਕਿਹਾ ਕਿ ਉਕਤ ਪੀੜਤ ਕਿਸਾਨ ਸਾਡੀ ਐਸੋਸੀਏਸ਼ਨ ਦਾ ਸਰਗਰਮ ਮੈਂਬਰ ਹੈ ਅਤੇ ਉਹ ਆਪਣੇ ਸਾਥੀ ਨਾਲ ਹੋ ਰਹੇ ਧੱਕੇ ਨੂੰ ਬਰਦਾਸ਼ਤ ਨਹੀਂ ਕਰਨਗੇ । ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਕਤ ਕਿਸਾਨ ਦੇ ਮਸਲੇ ਵਿਚ ਕਿਸਾਨ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ । ਇਸ ਮੌਕੇ ਮੇਜਰ ਸਿੰਘ ਦਬੁਰਜੀ ਜ਼ਿਲ੍ਹਾ ਪ੍ਰਧਾਨ ਇੰਡੀਅਨ ਫਾਰਮਰ ਐਸੋਸੀਏਸ਼ਨ (ਬਹਿਰੂ ਗਰੁੱਪ), ਡਾ. ਬਲਦੇਵ ਸਿੰਘ, ਗੁਰਸ਼ਰਨ ਸਿੰਘ ਬਲਾਕ ਪ੍ਰਧਾਨ, ਪਰਸਨ ਸਿੰਘ ਖ਼ਜ਼ਾਨਚੀ, ਜਰਨੈਲ ਸਿੰਘ ਕਮਾਲ ਕੇ, ਪਰਮਜੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਜਰਨੈਲ ਸਿੰਘ ਬੱਡੂਵਾਲ, ਬਲਵੀਰ ਸਿੰਘ, ਜਗੀਰ ਸਿੰਘ, ਮੋਹਣ ਸਿੰਘ ਤੋਂ ਇਲਾਵਾ ਪਿੰਡ ਦੇ ਹੋਰ ਮੋਹਤਬਰ ਅਤੇ ਕਿਸਾਨ ਆਗੂ ਪੀੜਤ ਕਿਸਾਨ ਦੇ ਹਮਾਇਤ ਵਿਚ ਹਾਜ਼ਰ ਸਨ।

ਪਿਛਲੀ ਖ਼ਬਰ ਕਿੰਗਜ਼ ਵੇ ਗਲੋਬਲ ਸਕੂਲ ਵਲੋਂ ਗਤੀਵਿਧੀ ਆਧਾਰਿਤ ਸਿੱਖਣ ਅਤੇ ਸਿਖਲਾਈ ’ਤੇ ਸੈਮੀਨਾਰ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।