ਮੋਗਾ, 3 ਜੂਨ (ਸੁਰਿੰਦਰਪਾਲ ਸਿੰਘ)-ਪਿਛਲੇ 30 ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਮੋਗਾ ਦੀ ਵਾਲੀ ਪੁਰਾਣੀ ਦਾਣਾ ਮੰਡੀ ਵਿਚ ਮਾਂ ਭਗਵਤੀ ਦੇ ਵਿਸ਼ਾਲ ਜਾਗਰਣ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਜਾਗਰਣ ਕਰਵਾਉਣ ਵਾਲੀ ਸੰਸਥਾ ਦੇ ਮੈਂਬਰਾਂ ਵਿਚ ਮਾਤਾ ਰਾਣੀ ਪ੍ਰਤੀ ਅਟੁੱਟ ਸ਼ਰਧਾ ਅਤੇ ਭਗਤੀ ਭਾਵਨਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਜ਼ਰ ਆ ਰਹੀ ਹੈ | ਮੋਗਾ ਵਾਸੀਆਂ ਨੂੰ ਹਰ ਸਾਲ ਇਸ ਧਾਰਮਿਕ ਸਮਾਗਮ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ | ਇਸ ਸਾਲ 29 ਅਗਸਤ ਨੂੰ ਪੁਰਾਣੀ ਦਾਣਾ ਮੰਡੀ ਵਿਖੇ ਰਾਈਸ ਬ੍ਰਾਨ ਡੀਲਰ ਐਸੋਸੀਏਸ਼ਨ 127 ਵਲੋਂ ਕਰਵਾਏ ਜਾ ਰਹੇ ਮਾਂ ਭਗਵਤੀ ਦੇ ਵਿਸ਼ਾਲ ਜਾਗਰਣ ਦਾ ਸੱਦਾ ਪੋਸਟਰ ਜਾਰੀ ਕੀਤਾ ਗਿਆ | ਸੰਸਥਾ ਦੇ ਸਮੂਹ ਮੈਂਬਰਾਂ ਦੀ ਹਾਜ਼ਰੀ ਵਿਚ ਪੋਸਟਰ ਜਾਰੀ ਕਰਨ ਦੀ ਰਸਮ ਸਰਪ੍ਰਸਤ ਜਗਦੀਸ਼ ਮਿੱਤਲ ਵਲੋਂ ਅਦਾ ਕੀਤੀ ਗਈ | ਇਸ ਮੌਕੇ ਮਾਤਾ ਰਾਣੀ ਦੇ ਜੈਕਾਰੇ ਲਗਾ ਕੇ ਮਾਹੌਲ ਨੂੰ ਭਗਤੀਮਈ ਬਣਾਇਆ ਗਿਆ | ਅਹੁਦੇਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਗਰਣ ਦੀਆਂ ਤਿਆਰੀਆਂ ਅੱਜ ਤੋਂ ਹੀ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਜਾਗਰਣ ਦੌਰਾਨ ਮਾਂ ਭਗਵਤੀ ਦਾ ਵਿਸ਼ਾਲ ਦਰਬਾਰ ਅਤੇ ਰੰਗ ਬਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਪੰਡਾਲ ਖ਼ਾਸ ਆਕਰਸ਼ਨ ਦਾ ਕੇਂਦਰ ਹੋਵੇਗਾ | ਇਸ ਤੋਂ ਇਲਾਵਾ ਵਿਸ਼ਵ ਪ੍ਰਸਿੱਧ ਭਜਨ ਗਾਇਕ ਮਨੀ ਲਾਡਲਾ ਅਤੇ ਅੰਜਲੀ ਦਿਵੇਦੀ ਆਪਣੀ ਸੁਰੀਲੀ ਆਵਾਜ਼ ਨਾਲ ਮਾਂ ਦਾ ਗੁਣਗਾਨ ਕਰਨਗੇ, ਜਦ ਕਿ ਜਾਗਰਣ ਦੀ ਸ਼ੁਰੂਆਤ ਪ੍ਰੇਮ ਨਗੀਨਾ ਵਲੋਂ ਆਪਣੇ ਖ਼ਾਸ ਅੰਦਾਜ਼ ਵਿਚ ਭਜਨਾਂ ਨਾਲ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪੋਸਟਰ ਰਿਲੀਜ਼ ਸਮੇਂ ਮੈਂਬਰਾਂ ਵਲੋਂ ਲਗਾਏ ਜਾ ਰਹੇ ਜੈਕਾਰੇ ਇਕ ਭਗਤੀਮਈ ਲਹਿਰ ਦਾ ਅਹਿਸਾਸ ਕਰਵਾ ਰਹੇ ਸਨ | ਸੰਸਥਾ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਮਾਤਾ ਰਾਣੀ ਦੇ ਨਾਮ ਦੇ ਪ੍ਰਚਾਰ ਅਤੇ ਜਾਗਰਣ ਨੂੰ ਯਾਦਗਾਰ ਬਣਾਉਣ ਲਈ ਪੂਰੀ ਤਨਦੇਹੀ ਨਾਲ ਯਤਨਸ਼ੀਲ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਜਾਗਰਣ ਤੋਂ 7 ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਤੋਂ ਮਾਂ ਭਗਵਤੀ ਦੀ ਜੋਤੀ ਸਰੂਪ ਲਿਆਂਦੀ ਜਾਵੇਗੀ ਅਤੇ ਜਾਗਰਣ ਉਪਰੰਤ ਵਿਧੀਵਤ ਢੰਗ ਨਾਲ ਉਸ ਦੀ ਵਿਦਾਇਗੀ ਕੀਤੀ ਜਾਵੇਗੀ | ਸੰਸਥਾ ਵਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਪਰਿਵਾਰ ਸਮੇਤ ਇਸ ਵਿਸ਼ਾਲ ਭਗਵਤੀ ਜਾਗਰਣ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ | ਇਸ ਮੌਕੇ ਸਰਪ੍ਰਸਤ ਜਗਦੀਸ਼ ਮਿੱਤਲ, ਚੇਅਰਮੈਨ ਮੋਹਨ ਲਾਲ ਗੋਇਲ, ਵਾਈਸ ਚੇਅਰਮੈਨ ਪ੍ਰਦੀਪ ਕਾਕਾ, ਪ੍ਰਧਾਨ ਰਾਕੇਸ਼ ਗੋਇਲ, ਸਕੱਤਰ ਰਮਨ ਬੱਬਰ, ਖ਼ਜ਼ਾਨਚੀ ਦਿਨੇਸ਼ ਜਿੰਦਲ, ਕਿ੍ਸ਼ਨ ਤਾਇਲ, ਪ੍ਰੇਮ ਜਿੰਦਲ, ਸਲਾਹਕਾਰ ਰਾਕੇਸ਼ ਸਿਤਾਰਾ, ਅਜੈ ਕਥੂਰੀਆ, ਸੁਮੇਸ਼ ਮਿੱਤਲ, ਮੰਗਤ ਰਾਏ ਬਾਂਸਲ, ਪਰਵੀਨ ਗੋਇਲ, ਗੌਰਵ ਜੈਨ, ਰਮਨ ਮੱਕੜ, ਰੋਹਿਤ ਜਿੰਦਲ, ਪੁਨੀਤ ਜਿੰਦਲ, ਵੇਦ ਗਰਗ, ਸ਼ੈਂਕੀ ਤਾਇਲ, ਮਹੇਸ਼ ਗੋਇਲ, ਰਿਸ਼ੀ ਗਰਗ, ਅਮਿਤ ਮਿੱਤਲ, ਗਗਨਦੀਪ ਮਿੱਤਲ ਆਦਿ ਹਾਜ਼ਰ ਸਨ |