ਮੋਗਾ, 3 ਜੂਨ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ ਵਿਚ ਨਿਰਮਾਣ ਅਧੀਨ ਕਿ੍ਟੀਕਲ ਕੇਅਰ ਬਲਾਕ (ਸੀ.ਸੀ.ਬੀ.) ਇਕ 50 ਬਿਸਤਰਿਆਂ ਵਾਲਾ ਜੀ ਵੰਨ ਯੂਨਿਟ ਹੈ ਜੋ ਛੂਤ ਦੀਆਂ ਬਿਮਾਰੀਆਂ ਅਤੇ ਸਿਹਤ ਐਮਰਜੈਂਸੀ ਦੇ ਪ੍ਰਬੰਧਨ ਲਈ ਡਾਕਟਰੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਇਕ ਮਹੱਤਵਪੂਰਨ ਹਿੱਸਾ ਹੈ | ਇਹ ਬਲਾਕ ਆਈ.ਸੀ.ਯੂ., ਆਕਸੀਜਨ ਵਾਲੇ ਬੈੱਡਾਂ ਅਤੇ ਮਜ਼ਬੂਤ ਇਨਫੈਕਸ਼ਨ ਕੰਟਰੋਲ ਵਿਧੀਆਂ ਦੁਆਰਾ ਵਿਆਪਕ ਇੰਟੈਂਸਿਵ ਕੇਅਰ ਪ੍ਰਦਾਨ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਗੰਭੀਰ ਰੂਪ ਨਾਲ ਬਿਮਾਰ ਮਰੀਜ਼ਾਂ ਨੂੰ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਸਿਹਤ ਸੇਵਾ ਪ੍ਰਦਾਨ ਕੀਤੀ ਜਾ ਸਕੇਗੀ | ਅੱਜ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਕਿ੍ਟੀਕਲ ਕੇਅਰ ਬਲਾਕ ਦੇ ਚੱਲ ਰਹੇ ਕੰਮ ਦੀ ਸਮੀਖਿਆ ਲਈ ਵਿਸ਼ੇਸ਼ ਤੌਰ 'ਤੇ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕੁਲਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ | ਸੀ.ਸੀ.ਬੀ. ਮੋਗਾ ਦੀ ਬਿਲਡਿੰਗ ਦਾ ਕਾਰਜ ਲਗ-ਪਗ ਪੂਰਾ ਹੋ ਗਿਆ ਹੈ ਅਤੇ ਅੰਦਰੂਨੀ ਕੰਮ, ਇਲੈਕਟ੍ਰੀਕਲ, ਪੀ.ਐਚ. ਕੰਮ ਪ੍ਰਗਤੀ ਅਧੀਨ ਹੈ | ਡਿਪਟੀ ਕਮਿਸ਼ਨਰ ਨੇ ਪੀ.ਡਬਲਿਊ.ਡੀ. (ਬੀ ਐਂਡ ਆਰ) ਵਿਭਾਗ ਨੂੰ ਕੰਮ ਦੀ ਗੁਣਵੱਤਾ ਦੀ ਨਿਯਮਤ ਤੌਰ 'ਤੇ ਨਿਗਰਾਨੀ/ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੇ ਨਾਲ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਮਿਲਣ ਲੱਗਣਗੀਆਂ | ਇਸ ਲਈ ਇਸ ਕੰਮ ਨੂੰ ਪਹਿਲ ਦੇ ਆਧਾਰ 'ਤੇ ਉੱਚ ਗੁਣਵੱਤਾ ਨਾਲ ਮੁਕੰਮਲ ਕਰਵਾਉਣਾ ਯਕੀਨੀ ਬਣਾਇਆ ਜਾਵੇ | ਉਨ੍ਹਾਂ ਲੋਕ ਨਿਰਮਾਣ ਵਿਭਾਗ ਨੂੰ ਹਰ 15 ਦਿਨਾਂ ਬਾਅਦ ਪ੍ਰਗਤੀ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਵੀ ਜਾਰੀ ਕੀਤੇ |