ਮੋਗਾ, 31 ਮਾਰਚ (ਅਸ਼ੋਕ ਬਾਂਸਲ)-ਆੜ੍ਹਤੀਆ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਸਮੀਰ ਜੈਨ ਨੇ ਕਿਹਾ ਕਿ 16 ਮਾਰਚ ਨੂੰ ਮਖੂ ਵਿਖੇ ਇਕ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦਾ ਵੱਡਾ ਇਕੱਠ ਪੰਜਾਬ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਵਿਚ ਹੋਇਆ ਸੀ ਜਿਸ 'ਚ ਪੰਜਾਬ ਭਰ ਦੇ ਆੜ੍ਹਤੀਆਂ ਨੇ ਫ਼ੈਸਲਾ ਕੀਤਾ ਸੀ ਕਿ ਜੇਕਰ ਆੜ੍ਹਤੀਆਂ ਦੀ ਮੰਗਾਂ ਪੰਜਾਬ ਤੇ ਕੇਂਦਰ ਸਰਕਾਰ ਨੇ ਨਾ ਮੰਨੀਆਂ ਤਾਂ 1 ਅਪ੍ਰੈਲ ਨੂੰ ਸਾਰੇ ਪੰਜਾਬ ਦੀਆਂ ਮੰਡੀਆਂ ਅਣਮਿਥੇ ਸਮੇਂ ਲਈ ਬੰਦ ਕਰ ਦਿੱਤੀਆਂ ਜਾਣਗੀਆਂ | ਇਸ ਫ਼ੈਸਲੇ ਦੀ ਸਾਰੇ ਆੜ੍ਹਤੀਆਂ ਨੇ ਤਾਈਦ ਕੀਤੀ ਸੀ | ਉਨ੍ਹਾਂ ਕਿਹਾ ਕਿ ਆੜ੍ਹਤੀਆਂ ਦੀ ਮੰਗ ਹੈ ਕਿ ਢਾਈ ਪ੍ਰਤੀਸ਼ਤ ਆੜ੍ਹਤ ਜੋ ਕਿ ਮੰਡੀ ਬੋਰਡ ਐਕਟ ਦੇ ਮੁਤਾਬਿਕ ਹੈ ਉਹ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਆੜ੍ਹਤੀਆਂ ਦੀ ਆੜ੍ਹਤ ਵਿਚ ਚਾਰ ਰੁਪਏ 75 ਪੈਸੇ ਦਾ ਮਾਮੂਲੀ ਵਾਧਾ ਕਰਕੇ ਕੇਂਦਰ ਸਰਕਾਰ ਨੇ ਕੋਝਾ ਮਜ਼ਾਕ ਕੀਤਾ ਹੈ, ਜੋ ਆੜ੍ਹਤੀਆਂ ਨੇ ਮਨਜ਼ੂਰ ਨਹੀਂ ਕੀਤਾ ਹੈ ਉਸ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰਾਂ ਸਾਡੀਆਂ ਮੰਗਾਂ ਨਹੀਂ ਮੰਨਦੀਆਂ ਅਸੀਂ ਮੰਡੀਆਂ ਬੰਦ ਕਰਨ ਲਈ ਮਜਬੂਰ ਹੋਵਾਂਗੇ | ਇਸ ਮੌਕੇ ਪ੍ਰਧਾਨ ਸਮੀਰ ਜੈਨ ਨੇ ਆਖਿਆ ਕਿ ਮੰਡੀ ਵਿਚ ਆਉਣ ਵਾਲੀ ਕਣਕ ਨੂੰ ਨਾ ਹੀ ਟਰਾਲੀ ਵਿਚੋਂ ਉਤਾਰਿਆ ਜਾਵੇਗਾ, ਨਾ ਹੀ ਕੋਈ ਭਰ ਕੇ ਰੱਖੇਗਾ ਤੇ ਸਾਡਾ ਧਰਨਾ ਮੰਡੀ ਵਿਚ ਉਦੋਂ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ |