ਬਾਘਾ ਪੁਰਾਣਾ, 26 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਸਥਾਨਕ ਸ਼ਹਿਰ 'ਚ ਲਗਾਤਾਰ ਅਣਪਛਾਤੇ ਨੌਜਵਾਨ ਮੋਟਰਸਾਈਕਲ ਚਾਲਕਾਂ ਵਲੋਂ ਰਾਹਗੀਰਾਂ ਤੇ ਦਿਹਾੜੀਦਾਰ ਰੇਹੜੀ ਵਾਲਿਆਂ ਦੀ ਕੀਤੀ ਜਾ ਰਹੀ ਲੁੱਟ ਕਾਰਨ ਸ਼ਹਿਰ ਅੰਦਰ ਦਿਹਾੜੀ ਕਰਨ ਵਾਲੇ ਮਜ਼ਦੂਰ ਕਿਸੇ ਚੰਗੇ ਪੁਲਿਸ ਅਫ਼ਸਰ ਦੀ ਉਡੀਕ 'ਚ ਹਨ ਜੋ ਇਨ੍ਹਾਂ ਲੋਟੂ ਮੋਟਰਸਾਈਕਲ ਚਾਲਕਾਂ ਦੀ ਭੁਗਤ ਸਵਾਰ ਕੇ ਨੱਥ ਪਾ ਸਕਣ | ਸ਼ਹਿਰ ਅੰਦਰ ਲੁੱਟ ਖੋਹ ਕਰਨ ਵਾਲੇ ਕੁਝ ਅਣਪਛਾਤੇ ਮੋਟਰਸਾਈਕਲ ਚਾਲਕਾਂ ਬਾਰੇ ਜਿੱਥੇ ਕੁਝ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਆਪਣਾ ਨਾਂਅ ਗੁਪਤ ਰੱਖਣ ਦੀ ਗੱਲ ਕੀਤੀ ਹੈ, ਉੱਥੇ ਇਕ ਪਰਵਾਸੀ ਬਿਹਾਰੀ ਈਸ਼ਵਰ ਕੁਮਾਰ ਨੇ ਸਾਹਮਣੇ ਆਉਂਦੇ ਹੋਏ ਕਿਹਾ ਕਿ ਉਹ ਮੁਦਕੀ ਰੋਡ 'ਤੇ ਸਬਜ਼ੀ ਤੇ ਫਲਾਂ ਦੀ ਰੇਹੜੀ ਲਗਾਉਂਦਾ ਹੈ ਤੇ ਬੀਤੀ ਸ਼ਾਮ ਉਹ ਆਪਣੀ ਪਤਨੀ ਅਤੇ ਲੜਕੀ ਨਾਲ ਗਾਹਕਾਂ ਨੂੰ ਸਮਾਨ ਵੇਚ ਰਿਹਾ ਸੀ ਕਿ ਨਾਲ ਲੱਗਦੀ ਗਲੀ 'ਚੋਂ ਇਕ ਅਣਪਛਾਤਾ ਨੌਜਵਾਨ ਆਇਆ ਤੇ ਉਸ ਤੋਂ 12000 ਹਜ਼ਾਰ ਰੁਪਏ ਦੀ ਕੀਮਤ ਵਾਲਾ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਿਆ | ਇਸ ਮੌਕੇ ਪੀੜਤ ਵਿਅਕਤੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਅੰਦਰ ਸੁਰੱਖਿਆ ਵਿਵਸਥਾ ਕਾਇਮ ਕਰਦੇ ਹੋਏ ਲੋਟੂ ਮੋਟਰਸਾਈਕਲ ਚਾਲਕਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ |