02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸੈਂਕੜੇ ਕਿਸਾਨ, ਮਜ਼ਦੂਰ ਬੀਬੀਆਂ ਵਲੋਂ ਦਿੱਲੀ ਅੰਦੋਲਨ-2 ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ <br/>

ਅਜੀਤ ਡੈਸਕ 22-02-2026
ਮੋਗਾ, 21 ਫਰਵਰੀ (ਸੁਰਿੰਦਰਪਾਲ ਸਿੰਘ)-ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ 'ਤੇ ਅੱਜ ਸੈਂਕੜੇ ਕਿਸਾਨ, ਮਜ਼ਦੂਰ ਬੀਬੀਆਂ ਵਲੋਂ ਦਾਣਾ ਮੰਡੀ ਮੋਗਾ ਵਿਖੇ ਦਿੱਲੀ ਅੰਦੋਲਨ-2 ਦੇ ਸ਼ਹੀਦ ਸ਼ੁਭਕਰਨ ਸਿੰਘ ਬੱਲੋ ਸਮੇਤ ਸਾਰੇ ਸ਼ਹੀਦਾਂ ਨੂੰ ਦੋ ਮਿੰਟ ਮੌਨ ਧਾਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਅਮਰੀਕੀ ਸਾਮਰਾਜ ਅੱਗੇ ਗੋਡੇ ਟੇਕੀ ਖੜ੍ਹੇ ਭਾਰਤੀ ਰਾਜ ਪ੍ਰਬੰਧ ਖ਼ਿਲਾਫ਼ ਸੰਘਰਸ਼ ਹੋਰ ਤਿੱਖਾ ਕਰਨ ਦਾ ਅਹਿਦ ਕੀਤਾ ਗਿਆ ਤੇ ਕਿਸਾਨਾਂ 'ਤੇ ਕੇਂਦਰ ਸਰਕਾਰ ਤੇ ਕੇਜਰੀਵਾਲ ਦੀ ਮਰਜ਼ੀ ਮੁਤਾਬਿਕ ਜ਼ਬਰ ਢਾਹੁਣ ਤੇ ਕਿਸਾਨਾਂ ਨਾਲ ਵਾਰ-ਵਾਰ ਮੀਟਿੰਗਾਂ ਰੱਖ ਕੇ ਮੁੱਕਰਨ ਵਾਲੀ ਭਗਵੰਤ ਮਾਨ ਦੀ ਸਰਕਾਰ ਦਾ ਰੈਲੀ ਤੋਂ ਬਾਅਦ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮੁੱਖ ਮੰਤਰੀ ਦੀ ਅਰਥੀ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ | ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂ, ਬੀਕੇਯੂ ਬਹਿਰਾਮਕੇ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ, ਬੀਕੇਯੂ ਏਕਤਾ ਆਜ਼ਾਦ ਦੇ ਸੂਬਾ ਆਗੂ ਲਖਵੀਰ ਸਿੰਘ ਦੌਧਰ, ਬੀਕੇਯੂ ਕ੍ਰਾਂਤੀਕਾਰੀ ਦੇ ਆਗੂ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਦਿੱਲੀ ਅੰਦੋਲਨ-2 ਦੌਰਾਨ ਸ਼ੰਭੂ ਖਨੌਰੀ ਬਾਰਡਰ 'ਤੇ 21 ਫਰਵਰੀ 2024 ਨੂੰ ਭਾਜਪਾ ਸਰਕਾਰ ਦੀ ਹਰਿਆਣਾ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਸ਼ੁਭਕਰਨ ਸਿੰਘ ਬੱਲੋ ਸਮੇਤ ਹੋਰ 50 ਤੋਂ ਵੱਧ ਸ਼ਹੀਦੀਆਂ ਪ੍ਰਾਪਤ ਕਰ ਗਏ ਕਿਸਾਨਾਂ, ਮਜ਼ਦੂਰਾਂ ਬੀਬੀਆਂ ਨੂੰ ਯਾਦ ਕਰਨਾ ਅਤਿ ਜ਼ਰੂਰੀ ਹੈ, ਕਿਉਂਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੇ ਕਿਸਾਨਾਂ ਤੇ ਮਜ਼ਦੂਰਾਂ ਦਾ ਕਿੱਤਾ ਤਬਾਹ ਕਰ ਕੇ ਹੋਂਦ ਨੂੰ ਖ਼ਤਰਾ ਬਣਾ ਦਿੱਤਾ ਹੈ ਜਿਵੇਂ ਕੇਂਦਰ ਸਰਕਾਰ ਵਲੋਂ ਅਮਰੀਕਾ ਨਾਲ ਵਪਾਰਕ ਸੰਧੀ ਕਰਨ ਤੇ ਬਿਜਲੀ ਸੋਧ ਬਿੱਲ 2025 ਤੇ ਬੀਜ ਐਕਟ 2025 ਲਾਗੂ ਕਰਨ ਤੇ ਨਵੇਂ ਲੇਬਰ ਕੋਡ ਲਿਆ ਕੇ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਸਾਰੇ ਜਨਤਕ ਅਦਾਰੇ ਆਰਥਿਕ ਸੋਮੇ ਤੇ ਖੇਤੀ ਸੈਕਟਰ ਦਾ ਮਨਸੂਬਾ ਬਣਾ ਲਿਆ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਪਹਿਲਾਂ 7 ਜਨਵਰੀ ਤੇ ਹੁਣ 20 ਫਰਵਰੀ ਨੂੰ ਕਿਸਾਨ ਮੰਗਾਂ ਦੇ ਹੱਲ ਲਈ ਕਿਸਾਨ ਆਗੂਆਂ ਨਾਲ ਮੀਟਿੰਗ ਰੱਖ ਕੇ ਮੁੱਕਰ ਚੁੱਕੀ ਹੈ | ਇਸ ਲਈ ਮੁੱਖ ਮੰਤਰੀ ਸਮੇਤ ਮੰਤਰੀਆਂ ਤੇ ਵਿਧਾਇਕਾਂ ਦਾ ਪੰਜਾਬ ਭਰ ਵਿਚ ਆਉਣ 'ਤੇ ਭਾਰੀ ਵਿਰੋਧ ਕੀਤਾ ਜਾਵੇਗਾ ਤੇ ਸਵਾਲ ਪੁੱਛੇ ਜਾਣਗੇ | ਕਿਸਾਨ ਆਗੂਆਂ ਨੇ ਇਕੱਠ ਵਲੋਂ ਪਾਸ ਕੀਤੇ ਮਤਿਆਂ ਰਾਹੀਂ ਮੰਗ ਕੀਤੀ ਕਿ ਦਿੱਲੀ ਅੰਦੋਲਨ-2 ਦੇ ਸ਼ਹੀਦਾਂ ਦੇ ਪਰਿਵਾਰਾਂ ਤੇ ਜ਼ਖ਼ਮੀਆਂ ਨੂੰ ਮੁਆਵਜ਼ਾ ਦਿੱਤਾ ਜਾਵੇ | ਕੇਂਦਰ ਸਰਕਾਰ ਵਲੋਂ ਅਮਰੀਕਾ ਨਾਲ ਕੀਤੀ ਵਪਾਰਕ ਸੰਧੀ ਰੱਦ ਕੀਤੀ ਜਾਵੇ, ਬਿਜਲੀ ਸੋਧ ਬਿੱਲ, ਬੀਜ ਐਕਟ 2025 ਦਾ ਖਰੜਾ ਰੱਦ ਕੀਤਾ ਜਾਵੇ, ਨਵੇਂ 4 ਲੇਬਰ ਕੋਡ ਤੇ ਇਕ ਦੇਸ਼ ਇਕ ਭੂਮੀ ਰਿਜ਼ਰਵੇਸ਼ਨ ਦਾ ਕਾਨੂੰਨ ਰੱਦ ਕੀਤਾ ਜਾਵੇ | ਇਸ ਮੌਕੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਧਰਮ ਸਿੰਘ ਵਾਲਾ, ਗੁਰਦੇਵ ਸਿੰਘ ਸ਼ਾਹਵਾਲਾ, ਗੁਰਮੇਲ ਸਿੰਘ, ਜਗਰੂਪ ਸਿੰਘ ਰੰਡਿਆਲਾ, ਜਗਰਾਜ ਸਿੰਘ ਦੱਦਾਹੂਰ, ਬਲਜਿੰਦਰ ਸਿੰਘ ਸ਼ੰਭੂ, ਗੁਰਮੇਲ ਸਿੰਘ ਲੋਹਗੜ੍ਹ, ਗੁਰਭੇਜ ਸਿੰਘ ਸਾਹ, ਦਰਸ਼ਨ ਸਿੰਘ ਮੋਗਾ, ਨਛੱਤਰ ਸਿੰਘ ਹੇਰ, ਰਣਜੀਤ ਸਿੰਘ ਬੁੱਟਰ, ਹਰਬੰਸ ਸਿੰਘ ਆਦਿ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਬੀਬੀਆਂ ਹਾਜ਼ਰ ਸਨ |
ਕਿਸਾਨ ਜਥੇਬੰਦੀਆਂ ਕੇਂਦਰ ਦੇ ਲੋਕ ਵਿਰੋਧੀ ਫ਼ੈਸਲਿਆਂ ਦਾ ਡਟ ਕੇ ਵਿਰੋਧ ਕਰਨਗੀਆਂ-ਆਗੂ
ਮੋਗਾ, (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਜਗਮੋਹਨ ਸਿੰਘ ਕੰਗ ਨੇ ਜਾਣਕਾਰੀ ਦਿੱਤੀ ਕਿ ਮਜ਼ਦੂਰ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਖਨੌਰੀ ਬਾਰਡਰ 'ਤੇ ਸ਼ਹੀਦ ਹੋਏ ਸ਼ੁਭਕਰਨ ਸਮੇਤ ਹੋਰਨਾਂ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਨੇਚਰ ਪਾਰਕ ਮੋਗਾ ਵਿਖੇ ਸ਼ਰਧਾਂਜਲੀਆਂ ਦਿੱਤੀਆਂ | ਰੈਲੀ ਦੇ ਸ਼ੁਰੂ ਵਿਚ ਮੌਨ ਧਾਰ ਕੇ ਸ਼ੁਭਕਰਨ ਨੂੰ ਸ਼ਰਧਾਂਜਲੀ ਦਿੱਤੀ ਗਈ | ਕੇਂਦਰ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ, ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਵੈਰੋਕੇ, ਜ਼ਿਲ੍ਹਾ ਪ੍ਰਧਾਨ ਲਾਭ ਸਿੰਘ ਰੋਡੇ, ਜ਼ਿਲ੍ਹਾ ਸਕੱਤਰ ਪਰਮਿੰਦਰ ਸਿੰਘ ਬਰਾੜ, ਹਰਬੰਸ ਸਿੰਘ ਨਿਧਾਂਵਾਲਾ, ਗੁਰਦੌਰ ਸਿੰਘ, ਰਣਜੀਤ ਸਿੰਘ, ਟਹਿਲ ਸਿੰਘ ਝੰਡੇਆਣਾ, ਗੁਰਜੀਤ ਸਿੰਘ, ਬਲਦੇਵ ਸਿੰਘ ਮਹੇਸ਼ਰੀ, ਬਲਵਿੰਦਰ ਸਿੰਘ ਨੇ ਸੰਬੋਧਨ ਕੀਤਾ | ਸਾਰੇ ਬੁਲਾਰੇ ਨੇ ਦੱਸਿਆ ਕਿ 13 ਫਰਵਰੀ 2024 ਨੂੰ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਨੇ ਦਿੱਲੀ ਕੂਚ ਦਾ ਪ੍ਰੋਗਰਾਮ ਦਿੱਤਾ ਸੀ ਪਰ ਹਰਿਆਣਾ ਦੀ ਭਾਜਪਾ ਸਰਕਾਰ ਨੇ ਸਖ਼ਤ ਬੈਰੀਕੇਟਿੰਗ ਕਰ ਕੇ ਅਤੇ ਵੱਡੀ ਪੱਧਰ 'ਤੇ ਫੋਰਸਾਂ ਝੋਕ ਕੇ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਦੇ ਬਾਰਡਰਾਂ 'ਤੇ ਸ਼ੰਭੂ ਅਤੇ ਖਨੌਰੀ ਰੋਕ ਲਿਆ | ਦੋ ਦਿਨ ਜੱਦੋ-ਜਹਿਦ ਹੁੰਦੀ ਰਹੀ | ਫਿਰ ਰੁਕ ਕੇ 21 ਫਰਵਰੀ ਨੂੰ ਦੁਬਾਰਾ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕੀਤੀ | ਉਸ ਦਿਨ ਖਨੌਰੀ ਬਾਰਡਰ 'ਤੇ ਨੌਜਵਾਨ ਕਿਸਾਨ ਸ਼ੁਭਕਰਨ ਦੀ ਪੁਲਿਸ ਦੀ ਗੋਲੀ ਨਾਲ ਸ਼ਹੀਦੀ ਹੋ ਗਈ | ਕਿਸਾਨ ਜਥੇਬੰਦੀਆਂ ਐਮ.ਐਸ.ਪੀ. ਗਰੰਟੀ ਕਾਨੂੰਨ ਬਣਾਉਣ, ਕਰਜ਼ਾ ਮਾਫ਼ੀ, ਫ਼ਸਲਾਂ ਦਾ ਬੀਮਾ, ਹਰ 58 ਸਾਲ ਦੇ ਮਜ਼ਦੂਰ ਕਿਸਾਨ ਨੂੰ ਪੈਨਸ਼ਨ, ਨਰੇਗਾ ਕਾਨੂੰਨ ਤਹਿਤ 200 ਦਿਨ ਦੀ ਕੰਮ ਗਰੰਟੀ ਆਦਿ ਮੰਗਾਂ ਲਈ ਸੰਘਰਸ਼ ਕਰ ਰਹੇ ਸਨ | ਕੇਂਦਰ ਸਰਕਾਰ ਨੇ ਇਹ ਮੰਗਾਂ ਤਾਂ ਕੀ ਮੰਨਣੀਆਂ ਸਨ (ਬਾਕੀ ਸਫਾ 6 'ਤੇ)
(ਸਫਾ 5 ਦੀ ਬਾਕੀ)
ਉਲਟਾ ਹੋਰ ਬਹੁਤ ਸਾਰੇ ਕਿਸਾਨ ਮਜ਼ਦੂਰ ਵਿਰੋਧੀ ਬਿੱਲ ਪਾਰਲੀਮੈਂਟ ਵਿਚ ਲਿਆਂਦੇ ਗਏ ਜਿਵੇਂ ਬਿਜਲੀ ਸੋਧ ਬਿੱਲ 2025, ਬੀਜ ਬਿੱਲ 2025, ਖੇਤੀ ਨੀਤੀ ਰਾਹੀਂ ਪੁਰਾਣੇ ਵਾਪਸ ਕਰਾਏ ਕਾਲੇ ਖੇਤੀ ਕਾਨੂੰਨਾਂ, ਕਾਰਪੋਰੇਟਾਂ ਲਈ ਲੈਂਡ ਪੋਲਿੰਗ ਪਾਲਿਸੀ ਰਾਹੀਂ ਕਿਸਾਨਾਂ ਤੋਂ ਉਪਜਾਊ ਜ਼ਮੀਨਾਂ ਖੋਹਣੀਆਂ ਆਦਿ | ਕਿਸਾਨ ਜਥੇਬੰਦੀਆਂ ਇਸ ਲੋਕ ਵਿਰੋਧੀ ਫ਼ੈਸਲਿਆਂ ਦਾ ਡਟ ਕੇ ਵਿਰੋਧ ਕਰਨਗੀਆਂ ਤੇ ਲਾਗੂ ਹੋਣ ਤੋਂ ਰੋਕਣ ਲਈ ਜੱਦੋ-ਜਹਿਦ ਕੀਤੀ ਜਾਵੇਗੀ | ਆਗੂਆਂ ਨੇ ਕਿਹਾ ਕਿ ਭਾਰਤ ਸਰਕਾਰ ਸਾਮਰਾਜਵਾਦ ਖ਼ਾਸ ਕਰ ਕੇ ਅਮਰੀਕਨ ਸਾਮਰਾਜਵਾਦ ਦੇ ਥੱਲੇ ਲੱਗੀ ਹੋਈ ਹੈ | ਉਸ ਨਾਲ ਫ਼ਰੀ ਟਰੇਡ ਸਮਝੌਤੇ ਕਰ ਕੇ ਸਾਡੀ ਖੇਤੀਬਾੜੀ ਨੂੰ ਹੋਰ ਡੋਬ ਰਹੀ ਹੈ | ਇਨ੍ਹਾਂ ਹਮਲਿਆਂ ਦਾ ਇੱਕਜੁੱਟ ਹੋ ਕੇ ਜਵਾਬ ਦੇਣਾ ਬਣਦਾ ਹੈ |

ਪਿਛਲੀ ਖ਼ਬਰ ਟਰੈਫ਼ਿਕ ਪੁਲਿਸ ਇੰਚਾਰਜ ਸੁਖਮੰਦਰ ਸਿੰਘ ਦਾ ਸਨਮਾਨ <br/> ਅਗਲੀ ਖ਼ਬਰ ਪੰਜਾਬ ਦੇ ਸੱਦੇ 'ਤੇ ਬਾਰ ਐਸੋਸੀਏਸ਼ਨ ਮੋਗਾ ਸੱਤ ਦਿਨਾ ਹੜਤਾਲ 'ਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।