ਐੱਸ. ਏ. ਐੱਸ. ਨਗਰ, 15 ਅਕਤੂਬਰ (ਕਪਿਲ ਵਧਵਾ)-ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਦੇ ਚਾਰ ਸਰਕਾਰੀ ਖੇਤੀਬਾੜੀ ਕੌਂਸਲਾਂ ਨਾਲ ਜੁੜੇ ਕਰੀਬ 2.15 ਕਰੋੜ ਰੁ. ਦੇ ਘੁਟਾਲੇ ਦੇ 15 ਸਾਲ ਪੁਰਾਣੇ ਮਾਮਲੇ ਵਿਚ 9 ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ। ਵਧੀਕ ਸੈਸ਼ਨ ਜੱਜ ਨੀਤਿਕਾ ਵਰਮਾ ਦੀ ਅਦਾਲਤ ਨੇ ਮੁੱਖ ਦੋਸ਼ੀਆਂ ਵਿਕਰਮਜੀਤ ਸਿੰਘ ਚਿਮਨੀ ਤੇ ਗੁਰਪ੍ਰੀਤ ਸਿੰਘ ਨੈਨ ਨੂੰ 10 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ, ਜਦਕਿ ਬਾਕੀ ਦੋਸ਼ੀਆਂ ਨੂੰ ਵੱਖ-ਵੱਖ ਧਾਰਾਵਾਂ ਤਹਿਤ ਵੱਧ ਤੋਂ ਵੱਧ 7 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਸਜ਼ਾ ਪਾਉਣ ਵਾਲੇ ਦੋਸ਼ੀਆਂ ਵਿਚ ਸੀਰਤ ਢਿੱਲੋਂ ਵੀ ਸ਼ਾਮਿਲ ਹੈ, ਜੋ ਕਿ ਆਪਣੇ ਪਤੀ ਏਕਮ ਸਿੰਘ ਢਿੱਲੋਂ ਦੀ ਹੱਤਿਆ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਹੈ। ਇਸ ਮਾਮਲੇ ਵਿਚ ਦੋਸ਼ੀਆਂ ਵਿਰੁੱਧ ਸਰਕਾਰੀ ਫ਼ੰਡਾਂ ਦੀ ਕਥਿਤ ਹੇਰਾ-ਫੇਰੀ, ਜਾਅਲੀ ਦਸਤਾਵੇਜ਼ ਤਿਆਰ ਕਰਨ, ਧੋਖਾਧੜੀ ਤੇ ਅਪਰਾਧਿਕ ਸਾਜ਼ਿਸ਼ ਦੇ ਦੋਸ਼ ਲੱਗੇ ਸਨ। ਅਦਾਲਤੀ ਰਿਕਾਰਡ ਅਨੁਸਾਰ ਇਹ ਮਾਮਲਾ ਸਿਟਰਸ ਐਂਡ ਐਗਰੀ-ਜੂਸਿੰਗ ਕੌਂਸਲ, ਵੈਲਿਊ ਐਡਿਡ ਹਾਰਟੀਕਲਚਰ ਕੌਂਸਲ, ਵਿਟੀਕਲਚਰ ਕੌਂਸਲ ਤੇ ਆਰਗੈਨਿਕ ਫਾਰਮਿੰਗ ਕੌਂਸਲ ਵਿਚ ਵਰਮੀ ਕੰਪੋਸਟ ਤੇ ਰਸਾਇਣਾਂ ਦੀ ਖ਼ਰੀਦ ਤੇ ਸਪਲਾਈ ਨਾਲ ਸੰਬੰਧਿਤ ਹੈ। ਇਸ ਮਾਮਲੇ ਵਿਚ 3 ਫਰਵਰੀ 2011 ਨੂੰ ਥਾਣਾ ਸਟੇਟ ਕ੍ਰਾਈਮ ਮੁਹਾਲੀ ਵਿਖੇ ਧੋਖਾਧੜੀ, ਜਾਅਲਸਾਜ਼ੀ, ਅਪਰਾਧਿਕ ਸਾਜ਼ਿਸ਼ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਦੋਸ਼ੀਆਂ ’ਤੇ ਜਾਅਲੀ ਫਰਮਾਂ ਰਾਹੀਂ ਸਪਲਾਈ ਦੇ ਆਰਡਰ ਹਾਸਿਲ ਕਰਨ, ਜਾਅਲੀ ਬਿੱਲ ਤੇ ਆਵਾਜਾਈ ਦੇ ਰਿਕਾਰਡ ਤਿਆਰ ਕਰਨ ਤੇ ਸਰਕਾਰੀ ਰਕਮ ਕਢਵਾਉਣ ਦੇ ਦੋਸ਼ ਸਨ। ਮਾਮਲੇ ਵਿਚ ਤਤਕਾਲੀ ਸੀ. ਈ. ਓ. ਵਿਕਰਮਜੀਤ ਸਿੰਘ ਚਿਮਨੀ ਨੂੰ ਦੋਸ਼ੀ ਕਰਾਰ ਦਿੰਦਿਆਂ ਅਦਾਲਤ ਨੇ 10 ਸਾਲਾਂ ਦੀ ਕੈਦ ਸਮੇਤ 1.50 ਲੱਖ ਰੁ. ਜ਼ੁਰਮਾਨਾ, ਤਤਕਾਲੀ ਸਹਾਇਕ ਜਨਰਲ ਮੈਨੇਜਰ ਗੁਰਪ੍ਰੀਤ ਸਿੰਘ ਨੈਨ ਨੂੰ 10 ਸਾਲਾਂ ਦੀ ਕੈਦ ਸਮੇਤ 1.90 ਲੱਖ ਰੁ. ਜ਼ੁਰਮਾਨਾ, ਰਜਿੰਦਰ ਸਿੰਘ, ਯੋਗੇਸ਼ ਦੱਤਾ, ਗੁਰਦਾਸ ਕੁਮਾਰ ਮਲਿਕ, ਮਧੂਮਿਤਾ ਨੈਨ, ਸੀਰਤ ਢਿੱਲੋਂ ਸਮੇਤ ਪੰਜ ਮੁਲਜ਼ਮਾਂ ਨੂੰ 7-7 ਸਾਲਾਂ ਦੀ ਕੈਦ ਸਮੇਤ 1.30 ਲੱਖ ਰੁ. ਜ਼ੁਰਮਾਨਾ, ਵਿਪਿਨ ਸੈਣੀ ਅਤੇ ਉਮਾ ਸੈਣੀ ਨੂੰ 7-7 ਸਾਲਾਂ ਦੀ ਕੈਦ ਸਮੇਤ 1.05 ਲੱਖ ਰੁ. ਜ਼ੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਦੋਸ਼ੀ ਕਰਾਰ ਦਿੱਤੇ ਗਏ ਮੁਲਜ਼ਮਾਂ ਨੂੰ ਕੁੱਲ 11 ਲੱਖ ਰੁ. ਦਾ ਜ਼ੁਰਮਾਨਾ ਭਰਨਾ ਹੋਵੇਗਾ ਨਹੀਂ ਤਾਂ ਵਾਧੂ ਕੈਦ ਭੁਗਤਣੀ ਹੋਵੇਗੀ।