ਮੈਦਾਨ ’ਚ ਮੁਕਾਬਲੇ ਤੋਂ ਪਹਿਲਾਂ ‘ਕਟਆਫ਼’ ਦੀ ਦੌੜ ’ਚ ਫਸੇ ਪੰਜਾਬ ਦੇ ਜੂਨੀਅਰ ਅਥਲੀਟ
ਜਲੰਧਰ, 8 ਅਕਤੂਬਰ (ਡਾ. ਜਤਿੰਦਰ ਸਾਬੀ)-ਰਾਸ਼ਟਰੀ ਪੱਧਰ ’ਤੇ ਆਪਣਾ ਹੁਨਰ ਦਿਖਾਉਣ ਦਾ ਸੁਪਨਾ ਦੇਖ ਰਹੇ ਪੰਜਾਬ ਦੇ ਜੂਨੀਅਰ ਅਥਲੀਟਾਂ ਲਈ ਹੁਣ ਮੁਕਾਬਲਾ ਸਿਰਫ਼ ਮੈਦਾਨ ’ਚ ਨਹੀਂ, ਸਗੋਂ ਚੋਣ ਦੇ ਪੈਮਾਨੇ ’ਤੇ ਵੀ ਬਣ ਗਿਆ ਹੈ।
ਜਲੰਧਰ, 8 ਅਕਤੂਬਰ (ਡਾ. ਜਤਿੰਦਰ ਸਾਬੀ)-ਰਾਸ਼ਟਰੀ ਪੱਧਰ ’ਤੇ ਆਪਣਾ ਹੁਨਰ ਦਿਖਾਉਣ ਦਾ ਸੁਪਨਾ ਦੇਖ ਰਹੇ ਪੰਜਾਬ ਦੇ ਜੂਨੀਅਰ ਅਥਲੀਟਾਂ ਲਈ ਹੁਣ ਮੁਕਾਬਲਾ ਸਿਰਫ਼ ਮੈਦਾਨ ’ਚ ਨਹੀਂ, ਸਗੋਂ ਚੋਣ ਦੇ ਪੈਮਾਨੇ ’ਤੇ ਵੀ ਬਣ ਗਿਆ ਹੈ। ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ (ਏ.ਐੱਫ.ਆਈ.) ਵਲੋਂ 41ਵੀਂ ਰਾਸ਼ਟਰੀ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਲਈ ਪਹਿਲਾਂ ਹੀ ‘ਈਵੈਂਟਵਾਰ’ ਦਾਖਲਾ ਮਾਪਦੰਡ ਤੈਅ ਕੀਤੇ ਜਾ ਚੁੱਕੇ ਹਨ। ਇਸ ਦੇ ਬਾਵਜੂਦ ਪੰਜਾਬ ਅਥਲੈਟਿਕਸ ਐਸੋਸੀਏਸ਼ਨ ਵਲੋਂ ਖਿਡਾਰੀਆਂ ਲਈ ਵਾਧੂ ਪੈਰਾਮੀਟਰ ਤੈਅ ਕੀਤੇ ਜਾਣ ਦੀ ਚਰਚਾ ਨੇ ਸੂਬੇ ਦੇ ਖੇਡ ਹਲਕਿਆਂ ਵਿਚ ਸਵਾਲ ਖੜ੍ਹੇ ਕਰ ਦਿੱਤੇ ਹਨ।ਏ.ਐੱਫ.ਆਈ. ਦੇ ਸਰਕੁਲਰ ਮੁਤਾਬਕ ਰਾਸ਼ਟਰੀ ਜੂਨੀਅਰ ਚੈਂਪੀਅਨਸ਼ਿਪ 23 ਤੋਂ 27 ਅਕਤੂਬਰ ਤੱਕ ਜੇ.ਐੱਨ. ਸਟੇਡੀਅਮ, ਚੇਨਈ ਵਿੱਚ ਹੋਵੇਗੀ। ਇਸ ਵਿਚ ਅੰਡਰ-14, ਅੰਡਰ-16, ਅੰਡਰ-18 ਅਤੇ ਅੰਡਰ-20 ਵਰਗਾਂ ਦੇ ਖਿਡਾਰੀ ਹਿੱਸਾ ਲੈਣਗੇ। ਫੈਡਰੇਸ਼ਨ ਵਲੋਂ ਹਰੇਕ ਉਮਰ ਵਰਗ ਅਤੇ ਵਰਗ ਲਈ ਦਾਖਲਾ ਮਾਪਦੰਡ, ਰੁਕਾਵਟਾਂ ਦੀ ਉਚਾਈ, ਥ੍ਰੋ ਇਵੈਂਟਾਂ ਵਿਚ ਵਰਤੇ ਜਾਣ ਵਾਲੇ ਸਾਜ਼ੋ-ਸਾਮਾਨ ਦਾ ਭਾਰ ਅਤੇ ਹੋਰ ਤਕਨੀਕੀ ਮਾਪਦੰਡ ਤੈਅ ਕੀਤੇ ਗਏ ਹਨ। ਏ.ਐੱਫ.ਆਈ. ਨੇ ਸੂਬਾਈ ਇਕਾਈਆਂ ਨੂੰ ਸਪੱਸ਼ਟ ਕੀਤਾ ਹੈ ਕਿ ਨਿਰਧਾਰਤ ਮਾਪਦੰਡ ਪੂਰਾ ਨਾ ਕਰਨ ਵਾਲੇ ਖਿਡਾਰੀ ਨੂੰ ਦਾਖਲਾ ਨਾ ਦਿੱਤਾ ਜਾਵੇ।ਪੰਜਾਬ ਦੇ ਖੇਡ ਹਲਕਿਆਂ ਵਿਚ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਜਦੋਂ ਰਾਸ਼ਟਰੀ ਚੈਂਪੀਅਨਸ਼ਿਪ ਲਈ ਏ.ਐੱਫ.ਆਈ. ਵਲੋਂ ਦਾਖਲਾ ਮਾਪਦੰਡ ਤੈਅ ਕਰ ਦਿੱਤੇ ਗਏ ਹਨ ਤਾਂ ਪੰਜਾਬ ਵਿਚ ਵਾਧੂ ਮਾਪਦੰਡ ਦੀ ਲੋੜ ਕਿਉਂ ਪਈ। ਪੰਜਾਬ ਅਥਲੈਟਿਕਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੇਮ ਸਿੰਘ ਨੇ ਕਿਹਾ ਕਿ ਜੇ ਐਸੋਸੀਏਸ਼ਨ ਦੇ ਪ੍ਰਧਾਨ ਵਲੋਂ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾਣ ਤਾਂ ਪੰਜਾਬ ਦੇ 200 ਤੋਂ ਵੱਧ ਖਿਡਾਰੀ ਵੀ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ, ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਅੰਤਿਮ ਫੈਸਲਾ ਐਸੋਸੀਏਸ਼ਨ ਦੇ ਪ੍ਰਧਾਨ ਵਲੋਂ ਕੀਤਾ ਜਾਣਾ ਹੈ।ਐਸੋਸੀਏਸ਼ਨ ਦੇ ਪ੍ਰਧਾਨ ਐੱਸ.ਐੱਸ.ਪੀ. ਸਤਬੀਰ ਸਿੰਘ ਨੇ ਕਿਹਾ ਕਿ ਪਹਿਲਾਂ ਜਨਰਲ ਸਕੱਤਰ ਨਾਲ ਗੱਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਤੇ ਇਸਦਾ ਹੱਲ ਕੀਤਾ ਜਾਵੇਗਾ।