02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਮਾਮਲਾ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪਾਠ ਪੁਸਤਕਾਂ ਦੀ ਛਪਾਈ ਨਾਲ ਸੰਬੰਧਿਤ ਘੁਟਾਲੇ ਦਾ ਤਤਕਾਲੀ ਦੋ ਡਿਪਟੀ ਡਾਇਰੈਕਟਰ ਬਰੀ ਤੀਜੇ ਕਰਮਚਾਰੀ ਦੀ ਸੁਣਵਾਈ ਦੌਰਾਨ ਹੋਈ ਮੌਤ

ਐੱਸ. ਏ.

ਵਕੀਲ ਜਸ਼ਨਪ੍ਰੀਤ ਸਿੰਘ ਸੰਧੂ 02-10-2026
ਐੱਸ. ਏ. ਐੱਸ. ਨਗਰ, 1 ਅਕਤੂਬਰ (ਕਪਿਲ ਵਧਵਾ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪਾਠ-ਪੁਸਤਕਾਂ ਦੀ ਛਪਾਈ ਨਾਲ ਸੰਬੰਧਿਤ ਕਥਿਤ ਘੁਟਾਲੇ ਦੇ ਕਰੀਬ 15 ਸਾਲ ਪੁਰਾਣੇ ਮਾਮਲੇ ਵਿਚ ਮੁਹਾਲੀ ਦੀ ਅਦਾਲਤ ਨੇ ਤਤਕਾਲੀ ਡਿਪਟੀ ਡਾਇਰੈਕਟਰ ਗੁਰਦੀਪ ਸਿੰਘ ਸਿਆਲ ਅਤੇ ਜੋਗਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਹੈ। ਦੋਵਾਂ ਖ਼ਿਲਾਫ਼ ਧੋਖਾਧੜੀ, ਜਾਅਲਸਾਜ਼ੀ ਅਤੇ ਸਾਜਿਸ਼ ਸਮੇਤ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਫੇਜ਼-8 ਮੁਹਾਲੀ ਵਿਖੇ ਸਾਲ 2011 ਵਿਚ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਮਾਮਲੇ ਵਿਚ ਨਾਮਜ਼ਦ ਬੋਰਡ ਦੇ ਕਰਮਚਾਰੀ ਦੇਸ਼ ਰਾਜ ਖ਼ਿਲਾਫ਼ ਕਾਰਵਾਈ ਉਸ ਦੀ ਮੌਤ ਕਾਰਨ ਸਮਾਪਤ ਕਰ ਦਿੱਤੀ ਗਈ ਸੀ। ਅਦਾਲਤ ਵਲੋਂ ਸੁਣਾਏ ਗਏ ਫ਼ੈਸਲੇ ਵਿਚ ਕਿਹਾ ਗਿਆ ਕਿ ਸਰਕਾਰੀ ਧਿਰ ਦੋਵਾਂ ਮੁਲਜ਼ਮਾਂ ਖ਼ਿਲਾਫ਼ ਲਗਾਏ ਗਏ ਦੋਸ਼ਾਂ ਨੂੰ ਵਾਜ਼ਬ ਸ਼ੱਕ ਤੋਂ ਪਰੇ ਸਾਬਿਤ ਕਰਨ ਵਿਚ ਸਫ਼ਲ ਨਹੀਂ ਹੋਈ। ਉਕਤ ਮਾਮਲੇ ਵਿਚ ਬਚਾਅ ਧਿਰ ਵਲੋਂ ਅਗਵਾਈ ਵਕੀਲ ਜਸ਼ਨਪ੍ਰੀਤ ਸਿੰਘ ਸੰਧੂ ਨੇ ਕੀਤੀ, ਜਦਕਿ ਸਰਕਾਰੀ ਧਿਰ ਵਲੋਂ ਏ. ਪੀ. ਪੀ. ਅੱਛਰਪ੍ਰੀਤ ਕੌਰ ਨੇ ਪੱਖ ਰੱਖਿਆ । ਇਹ ਮਾਮਲਾ ਸਾਲ 2007-08 ਦੌਰਾਨ ਬੋਰਡ ਵਲੋਂ ਵੱਖ-ਵੱਖ ਪ੍ਰਿੰਟਰਾਂ ਨੂੰ ਪਾਠ-ਪੁਸਤਕਾਂ ਛਾਪਣ ਦੇ ਦਿੱਤੇ ਗਏ ਆਰਡਰਾਂ ਨਾਲ ਸੰਬੰਧਿਤ ਹੈ। ਸ਼ਿਕਾਇਤ ਅਨੁਸਾਰ ਕੁਝ ਪ੍ਰਿੰਟਰਾਂ ਵਲੋਂ 8 ਲੱਖ 43 ਹਜ਼ਾਰ ਪੁਸਤਕਾਂ ਦੇ ਆਰਡਰ ਦੇ ਮੁਕਾਬਲੇ 64 ਹਜ਼ਾਰ 564 ਘੱਟ ਕਿਤਾਬਾਂ ਸਪਲਾਈ ਕਰਨ ਅਤੇ ਰਸੀਦਾਂ ਵਿਚ ਕਥਿਤ ਤੌਰ ’ ਤੇ ਅੰਕਾਂ ਨਾਲ ਛੇੜਛਾੜ ਕਰਕੇ ਵੱਧ ਕਿਤਾਬਾਂ ਦੀ ਸਪਲਾਈ ਦਰਸਾਉਣ ਦੇ ਦੋਸ਼ ਲੱਗੇ ਸਨ। ਸ਼ਿਕਾਇਤ ਵਿਚ ਦੱਸਿਆ ਗਿਆ ਸੀ ਕਿ ਨਿਊ ਭਾਰਤ ਆਫਸੈੱਟ ਪ੍ਰਿੰਟਰਜ਼ ਨੋਇਡਾ ਵਲੋਂ ਗਣਿਤ-6 ਪੰਜਾਬੀ ਅਤੇ ਐਨਵਾਇਰਮੈਂਟ-8 ਪੰਜਾਬੀ ਦੀਆਂ ਕਿਤਾਬਾਂ ਦੀ ਛਪਾਈ ਕੀਤੀ ਗਈ ਸੀ । ਬੋਰਡ ਦੇ ਰਿਕਾਰਡ ਅਨੁਸਾਰ ਦੋਵਾਂ ਪੁਸਤਕਾਂ ਦੀ ਸਪਲਾਈ ਵਿਚ ਕਮੀ ਰਹਿਣ ਕਾਰਨ ਕ੍ਰਮਵਾਰ ਕਰੀਬ 20.30 ਲੱਖ ਅਤੇ 4.62 ਲੱਖ ਰੁ. ਦੇ ਨੁਕਸਾਨ ਦਾ ਦਾਅਵਾ ਕੀਤਾ ਗਿਆ ਸੀ। ਇਸੇ ਤਰ੍ਹਾਂ ਐੱਸ. ਬੀ. ਪ੍ਰਿੰਟਰਜ਼ ਨੋਇਡਾ ਨਾਲ ਸੰਬੰਧਿਤ ਪੁਸਤਕਾਂ ਦੀ ਸਪਲਾਈ ਵਿਚ ਵੀ ਕਮੀ ਅਤੇ ਕਥਿਤ ਛੇੜਛਾੜ ਦੇ ਦੋਸ਼ ਲਗਾਏ ਗਏ ਸਨ। ਅਦਾਲਤ ਨੇ ਆਪਣੇ ਫ਼ੈਸਲੇ ਵਿਚ ਬਚਾਅ ਧਿਰ ਵਲੋਂ ਕੀਤੀ ਗਈ ਗਵਾਹਾਂ ਦੀ ਜਿਰ੍ਹਾ ਦੌਰਾਨ ਸਾਹਮਣੇ ਆਏ ਤੱਥਾਂ ਨੂੰ ਅਹਿਮ ਮੰਨਿਆ। ਅਦਾਲਤ ਨੇ ਜਾਂਚ ਅਧਿਕਾਰੀਆਂ ਦੀ ਕਾਰਵਾਈ ’ਤੇ ਵੀ ਸਵਾਲ ਚੁੱਕੇ। ਫ਼ੈਸਲੇ ਵਿਚ ਅਦਾਲਤ ਨੇ ਕਿਹਾ ਕਿ ਅਪਰਾਧਿਕ ਮਾਮਲੇ ਵਿਚ ਮੁਲਜ਼ਮਾਂ ਖ਼ਿਲਾਫ਼ ਦੋਸ਼ ਵਾਜ਼ਬ ਸ਼ੱਕ ਤੋਂ ਪਰੇ ਸਾਬਿਤ ਨਹੀਂ ਕੀਤਾ ਜਾ ਸਕਿਆ। ਇਸ ਆਧਾਰ ’ਤੇ ਦੋਵਾਂ ਡਿਪਟੀ ਡਾਇਰੈਕਟਰਾਂ ਨੂੰ ਬਰੀ ਕਰ ਦਿੱਤਾ ਗਿਆ।
ਪਿਛਲੀ ਖ਼ਬਰ ਇਕੋਤਰੀ ਸਮਾਗਮ ਦੀ ਆਰੰਭਤਾ ਨੂੰ ਲੈ ਕੇ ਦੇਸ਼-ਵਿਦੇਸ਼ ਦੀ ਸੰਗਤਾਂ ’ਚ ਭਾਰੀ ਉਤਸ਼ਾਹ ਅਗਲੀ ਖ਼ਬਰ ਐਲ.ਪੀ.ਯੂ. ਮਾਮਲੇ ’ਚ 3 ਨੌਜਵਾਨ ਗ੍ਰਿਫ਼ਤਾਰ, ਸਿੱਟ ਨੇ ਤਿੰਨਾਂ ਨੂੰ ਅਦਾਲਤ ’ਚ ਪੇਸ਼ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।