ਐੱਸ. ਏ. ਐੱਸ. ਨਗਰ, 17 ਸਤੰਬਰ (ਕਪਿਲ ਵਧਵਾ)- ਸੁਪਰੀਮ ਕੋਰਟ ਵਿਚ ਬਰਖ਼ਾਸਤ ਏ. ਆਈ. ਜੀ. ਰਾਜਜੀਤ ਸਿੰਘ ਹੁੰਦਲ ਵਲੋਂ ਆਤਮ-ਸਮਰਪਣ ਦੀ ਪੇਸ਼ਕਸ਼ ਉਪਰੰਤ 1 ਅਕਤੂਬਰ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੋਂ ਪਹਿਲਾਂ ਸੰਬੰਧਿਤ ਮਾਮਲੇ ਵਿਚ ਆਤਮ-ਸਮਰਪਣ ਕਰਨ ਦੇ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਇਹ ਮਾਮਲਾ ਮੁਹਾਲੀ ਜ਼ਿਲ੍ਹਾ ਅਦਾਲਤ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਰਾਜਜੀਤ ਹੁੰਦਲ ਦੇ ਆਤਮ-ਸਮਰਪਣ ਤੋਂ ਬਾਅਦ ਮਾਮਲੇ ਵਿਚ ਅਗਲੀ ਕਾਨੂੰਨੀ ਕਾਰਵਾਈ ਕੀ ਰੁਖ਼ ਅਖ਼ਤਿਆਰ ਕਰਦੀ ਹੈ, ਇਸ ’ਤੇ ਕਾਨੂੰਨੀ ਹਲਕਿਆਂ ਦੀ ਨਜ਼ਰ ਟਿਕੀ ਹੋਈ ਹੈ। ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਰਾਜਜੀਤ ਹੁੰਦਲ ਦੇ ਨਜ਼ਦੀਕੀਆਂ ਵਲੋਂ ਮੁਹਾਲੀ ਜ਼ਿਲ੍ਹਾ ਅਦਾਲਤ ਦੇ ਨਾਮੀ ਵਕੀਲਾਂ ਨਾਲ ਸੰਪਰਕ ਕੀਤਾ ਗਿਆ ਹੈ । ਇਸ ਦੌਰਾਨ ਆਤਮ ਸਮਰਪਣ ਤੋਂ ਬਾਅਦ ਅਪਣਾਏ ਜਾਣ ਵਾਲੇ ਕਾਨੂੰਨੀ ਵਿਕਲਪਾਂ ਤੇ ਅਗਲੀ ਕਾਰਵਾਈ ਬਾਰੇ ਰਾਏ-ਮਸ਼ਵਰਾ ਕੀਤਾ ਗਿਆ, ਹਾਲਾਂਕਿ, ਅਜੇ ਤੱਕ ਕਿਸੇ ਇਕ ਵਕੀਲ ਦੇ ਨਾਮ ’ਤੇ ਮੁਕੰਮਲ ਤੌਰ ’ਤੇ ਮੋਹਰ ਲੱਗਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ। ਬਰਖ਼ਾਸਤਗੀ ਤੋਂ ਬਾਅਦ ਅਪਰਾਧਿਕ ਕਾਰਵਾਈ : ਐਸ. ਆਈ. ਟੀ. ਦੀ ਜਾਂਚ ਤੋਂ ਬਾਅਦ ਰਾਜਜੀਤ ਹੁੰਦਲ ਵਿਰੁੱਧ ਅਪਰਾਧਿਕ ਕਾਰਵਾਈ ਅੱਗੇ ਵਧੀ ਤੇ ਪੰਜਾਬ ਸਰਕਾਰ ਵਲੋਂ ਉਸ ਨੂੰ ਸੇਵਾ ਤੋਂ ਬਰਖ਼ਾਸਤ ਕੀਤਾ ਗਿਆ । ਇਸ ਮਾਮਲੇ ਵਿਚ ਉਸ ਨੂੰ ਉਕਤ ਐਫ. ਆਈ. ਆਰ. ਵਿਚ ਸਹਿ ਮੁਲਜ਼ਮ ਵਜੋਂ ਨਾਮਜ਼ਦ ਕਰਨ ਸੰਬੰਧੀ ਵੀ ਕਾਰਵਾਈ ਕੀਤੀ ਗਈ । ਰਾਜਜੀਤ ਹੁੰਦਲ ਨੇ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਤੋਂ ਹਟਾ ਕੇ ਕਿਸੇ ਹੋਰ ਸੁਤੰਤਰ ਜਾਂਚ ਏਜੰਸੀ ਨੂੰ ਸੌਂਪਣ ਦੀ ਮੰਗ ਵੀ ਕੀਤੀ ਹੈ । ਐਸ. ਐਲ. ਪੀ. ’ਤੇ ਅਗਲੀ ਸੁਣਵਾਈ 1 ਅਕਤੂਬਰ ਨੂੰ : ਹੁਣ ਰਾਜਜੀਤ ਹੁੰਦਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 20 ਜੁਲਾਈ 2026 ਦੇ ਹੁਕਮ ਨੂੰ ਸੁਪਰੀਮ ਕੋਰਟ ਵਿਚ ਵਿਸ਼ੇਸ਼ ਛੁੱਟੀ ਪਟੀਸ਼ਨ (ਐਸ. ਐਲ. ਪੀ.) ਰਾਹੀਂ ਚੁਣੌਤੀ ਦਿੱਤੀ ਹੈ । ਇਸੇ ਸੁਣਵਾਈ ਦੌਰਾਨ ਉਸ ਦੇ ਵਕੀਲ ਵਲੋਂ ਸੁਪਰੀਮ ਕੋਰਟ ਨੂੰ ਦੱਸਿਆ ਗਿਆ ਕਿ ਉਹ ਆਤਮ-ਸਮਰਪਣ ਕਰਨ ਲਈ ਤਿਆਰ ਹੈ । ਜਸਟਿਸ ਐੱਮ. ਐੱਮ. ਸੁੰਦਰੇਸ਼ ਅਤੇ ਜਸਟਿਸ ਆਗਸਟੀਨ ਜਾਰਜ ਮਸੀਹ ਦੀ ਬੈਂਚ ਨੇ ਇਸ ਤੋਂ ਬਾਅਦ ਉਸ ਨੂੰ ਆਤਮ-ਸਮਰਪਣ ਕਰਨ ਦੇ ਨਿਰਦੇਸ਼ ਦਿੱਤੇ ਤੇ ਮਾਮਲੇ ਦੀ ਅਗਲੀ ਸੁਣਵਾਈ 1 ਅਕਤੂਬਰ ਲਈ ਰੱਖੀ। ਅਦਾਲਤ ਨੇ ਆਤਮ-ਸਮਰਪਣ ਤੋਂ ਬਾਅਦ ਉੱਚਿਤ ਅਰਜ਼ੀ ਦਾਇਰ ਕਰਨ ਦੀ ਆਜ਼ਾਦੀ ਵੀ ਦਿੱਤੀ ਹੈ । ਇਸ ਤਰ੍ਹਾਂ ਸੁਪਰੀਮ ਕੋਰਟ ਵਲੋਂ ਦਿੱਤਾ ਗਿਆ ਆਤਮ-ਸਮਰਪਣ ਦਾ ਨਿਰਦੇਸ਼ ਮਾਮਲੇ ਦੇ ਦੋਸ਼ਾਂ ਬਾਰੇ ਅੰਤਿਮ ਫੈਸਲਾ ਨਹੀਂ ਹੈ । ਐਸ.ਐਲ.ਪੀ. ਵਿਚ ਜਾਂਚ ਕਿਸ ਏਜੰਸੀ ਤੋਂ ਕਰਵਾਈ ਜਾਵੇ ਤੇ ਹੋਰ ਕਾਨੂੰਨੀ ਰਾਹਾਂ ਬਾਰੇ ਪੱਖ ਦੀਆਂ ਦਲੀਲਾਂ ’ਤੇ ਅਗਲੀ ਸੁਣਵਾਈ ਦੌਰਾਨ ਵਿਚਾਰ ਹੋਣਾ ਹੈ। ਹੁਣ ਆਤਮ-ਸਮਰਪਣ ਤੋਂ ਬਾਅਦ ਹੋਣ ਵਾਲੀ ਕਾਰਵਾਈ ਅਤੇ 1 ਅਕਤੂਬਰ ਦੀ ਸੁਣਵਾਈ ਮਹੱਤਵਪੂਰਨ ਰਹੇਗੀ।