13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਇੱਟਾਂ ਦੇ ਅਸਮਾਨੀਂ ਚੜ੍ਹੇ ਭਾਅ ਨੇ ‘ਆਸ਼ਿਆਨਾ’ ਬਣਾਉਣ ਦੇ ਸੁਪਨੇ ਕੀਤੇ ਚਕਨਾਚੂਰ

ਇੱਟਾਂ ਦੇ ਅਸਮਾਨੀਂ ਚੜ੍ਹੇ ਭਾਅ ਨੇ ‘ਆਸ਼ਿਆਨਾ’ ਬਣਾਉਣ ਦੇ ਸੁਪਨੇ ਕੀਤੇ ਚਕਨਾਚੂਰ

ਅਜੀਤ ਡੈਸਕ 13-09-2026

ਮਾਲੇਰਕੋਟਲਾ (ਸੰਗਰੂਰ), 12 ਸਤੰਬਰ (ਮਨਜਿੰਦਰ ਸਿੰਘ ਸਰੌਦ)-ਸਾਡੇ ਮੁਲਕ ਅੰਦਰ ਇਕ ਗੱਲ ਅਹਿਮ ਹੈ ਕਿ ਇੱਥੇ ਕਿਸੇ ਵੀ ਵਸਤੂ ਦਾ ਭਾਅ ਇਕ ਵਾਰ ਵੱਧ ਗਿਆ ਤਾਂ ਉਸ ਦਾ ਵਾਪਸ ਹੇਠਾਂ ਵੱਲ ਆਉਣਾ ਮੁਸ਼ਕਿਲ ਹੈ । ਭਾਵੇਂ ਸਰਕਾਰਾਂ ਵਲੋਂ ਵਸਤੂਆਂ ਦੇ ਭਾਅ ਨੂੰ ਘੱਟ ਕਰਨ ਲਈ ਕੀਤੀ ਜਾ ਰਹੀ ਚਾਰਾਜੋਈ ਤਹਿਤ ਗੱਲਾਂ ਤਾਂ ਢੇਰ ਸਾਰੀਆਂ ਕੀਤੀਆਂ ਜਾਂਦੀਆਂ ਨੇ ਪਰ ਉਸ ਦਾ ਅਮਲੀ ਰੂਪ ਵਿਚ ਕੁਝ ਵੀ ਨਹੀਂ ਹੁੰਦਾ। ਜੇਕਰ ਬਾਕੀ ਸਭ ਕੁਝ ਨੂੰ ਇਕ ਪਾਸੇ ਰੱਖ ਕੇ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਨਾਲ ਜੁੜੇ ਇਕ ‘ਖਾਸ ਮਕਸਦ’ ਦੀ ਗੱਲ ਕਰੀਏ ਤਾਂ ਕਿਸੇ ਵੀ ਇਨਸਾਨ ਦਾ ਆਪਣੀ ਜ਼ਿੰਦਗੀ ਦੇ ਅੰਦਰ ਇਕ ਅਹਿਮ ਮਕਸਦ ਮਕਾਨ ਬਣਾਉਣਾ ਜ਼ਰੂਰ ਹੁੰਦਾ ਹੈ। ਮਕਾਨ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਇੱਟ, ਰੇਤਾ, ਬਜਰੀ ਤੇ ਸੀਮੈਂਟ ਦੀ ਜ਼ਰੂਰਤ ਹੁੰਦੀ ਹੈ। ਪਰ ਸੂਬੇ ਅੰਦਰ ਇੱਟਾਂ ਦਾ ਭਾਅ ਅਸਮਾਨੀ ਚੜ੍ਹ ਚੁੱਕਿਆ ਹੈ, ਉਸ ਦੇ ਨਾਲ ਹੀ ਰੇਤਾ ਬਜ਼ਰੀ ਦੇ ਭਾਅ ਨੇ ਵੀ ਰਫ਼ਤਾਰ ਫੜ ਲਈ ਹੈ। ਜੇਕਰ ਇਸੇ ਵਰ੍ਹੇ ਦੇ ਅਪ੍ਰੈਲ ਮਹੀਨੇ ਦੀ ਗੱਲ ਕਰੀਏ ਤਾਂ ਉਸ ਸਮੇਂ ਅੱਵਲ ਇੱਟ ਦਾ ਭਾਅ 6 ਹਜ਼ਾਰ ਤੋਂ 6500 ਜਾਂ 7 ਹਜ਼ਾਰ ਰੁਪਏ ਦੇ ਕਰੀਬ ਸੀ । ਉਸ ਤੋਂ ਬਾਅਦ ਇਹ ਭਾਅ ਅਚਾਨਕ ਵਧ ਕੇ 8 ਹਜ਼ਾਰ ਜਾਂ 8500 ’ਤੇ ਪਹੁੰਚ ਗਿਆ। ਇੱਟ ਦੇ ਭਾਅ ਵਧਣ ਦੀ ਇਹ ਕਹਾਣੀ ਇੱਥੇ ਵੀ ਨਹੀਂ ਰੁਕੀ ਫਿਰ ਇਹ ਭਾਅ ਸਿੱਧਾ 10 ਹਜ਼ਾਰ ਨੂੰ ਅੱਪੜਿਆ ਤੇ ਅੱਜ-ਕੱਲ੍ਹ 11 ਹਜ਼ਾਰ ਦੇ ਕਰੀਬ ਅੱਵਲ ਇੱਟ ਮਿਲ ਰਹੀ। ਕਈ ਭੱਠਿਆਂ ‘ਤੇ ਰੇਟ ਥੋੜਾ ਬਹੁਤ ਘੱਟ ਵੱਧ ਹੋ ਸਕਦਾ ਹੈ। ਇੱਟਾਂ ਦੇ ਅਮਰਮੇਲ ਵਾਂਗੂ ਵੱਧ ਰਹੇ ਭਾਅ ਨੇ ਮਕਾਨ ਬਣਾਉਣ ਵਾਲੇ ਇਨਸਾਨਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੈ। ਉਸ ਤੋਂ ਬਾਅਦ ਟਾਇਲ ਇੱਟ ਦਾ ਭਾਅ ਵੀ ਇਸੇ ਤਰ੍ਹਾਂ ਪੜਾਅ ਦਰ ਪੜਾਅ ਵੱਧਦਾ ਚਲਿਆ ਗਿਆ ਜੋ ਅੱਜ ਕੱਲ੍ਹ ਸਾਢੇ 10 ਹਜ਼ਾਰ ਦੇ ਕਰੀਬ ਪਹੁੰਚ ਗਿਆ। ਆਮ ਲੋਕਾਂ ਦੇ ਨਾਲ ਇੱਟਾਂ ਤੋਂ ਬਾਅਦ ਰੇਤਾ ਬਜਰੀ ਨੇ ਵੀ ਘੱਟ ਨਹੀਂ ਗੁਜ਼ਾਰੀ, ਉਸ ਦੇ ਭਾਅ ਵੀ ‘ਜੰਗਲ ਦੀ ਅੱਗ’ ਵਾਂਗ ਵਧੇ। ਆਮ ਰੇਤੇ ਦਾ ਭਾਅ 2300 ਜਾਂ 2400 ਤੋਂ 3 ਹਜ਼ਾਰ ਦੇ ਕਰੀਬ, ਖ਼ਾਸ ਰੇਤਾ ਜਿਸ ਨੂੰ ਮੋਟਾ ਰੇਤਾ ਆਖਦੇ ਹਨ ਉਹ 3500 ਤੋਂ 4500 ‘ਤੇ ਜਾ ਖੜ੍ਹਿਆ। ਮਕਾਨ ਸਬੰਧੀ ਵਰਤਿਆ ਜਾਣ ਵਾਲਾ ਬਾਕੀ ਮਟੀਰੀਅਲ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਜੋ ਮਕਾਨ ਕੁਝ ਸਮਾਂ ਪਹਿਲਾਂ 20 ਲੱਖ ਰੁਪਏ ਦਾ ਤਿਆਰ ਹੁੰਦਾ ਸੀ ਹੁਣ ਉਸ ‘ਤੇ ਕਰੀਬ 30 ਲੱਖ ਰੁਪਿਆ ਲਾਗਤ ਆ ਰਹੀ ਹੈ। ਇਸ ਸਬੰਧੀ ਕਈ ਮਕਾਨ ਬਣਾਉਣ ਵਾਲੇ ਸੱਜਣਾਂ ਨੇ ਆਖਿਆ ਕਿ ਚੰਗਾ ਹੋਵੇ ਜੇਕਰ ਸਰਕਾਰਾਂ ਆਪਣੇ ਪੱਧਰ ‘ਤੇ ਇੱਟਾਂ ਦੀ ਕਾਲਾ-ਬਜ਼ਾਰੀ ਜਾਂ ਫਿਰ ਉਸ ਦੇ ਭਾਅ ਜਾਣ-ਬੁਝ ਕੇ ਵਧਾਉਣ ਵਾਲੇ ਵਿਅਕਤੀਆਂ ‘ਤੇ ਸ਼ਿਕੰਜਾ ਕਸੇ ਤਾਂ ਕਿ ਆਮ ਲੋਕ ਆਪਣਾ ਰਹਿਣ-ਬਸੇਰਾ ਬਣਾ ਸਕਣ। 

ਪਿਛਲੀ ਖ਼ਬਰ ਬੀ.ਐਸ.ਐਫ. ਵਲੋਂ 2 ਪਿਸਤੌਲ, ਜ਼ਿੰਦਾ ਕਾਰਤੂਸ ਤੇ 2.4 ਕਿਲੋ ਅਫੀਮ ਬਰਾਮਦ ਅਗਲੀ ਖ਼ਬਰ ਬੀ.ਬੀ.ਐਨ. ਦਾ ਉਦਯੋਗਿਕ ਕੂੜਾ ਸਤਲੁਜ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ-ਦਿਨੇਸ਼ ਚੱਢਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।