ਪੋਲਟਰੀ ਫੀਡ ਮਹਿੰਗੀ ਹੋਣ ਕਾਰਨ ਆਂਡਿਆਂ ਦੇ ਭਾਅ ’ ਚ ਰਿਕਾਰਡ ਤੇਜ਼ੀ
ਹਰਪ੍ਰੀਤ ਸਿੰਘ ਗਿੱਲ
ਅਮਲੋਹ, 28 ਅਗਸਤ-ਬਹੁਤ ਸਾਰੇ ਲੋਕਾਂ ਦੀ ਖ਼ੁਰਾਕ ਦਾ ਅਹਿਮ ਹਿੱਸਾ ਬਣ ਚੁੱਕੇ ਆਂਡਿਆਂ ਦੀਆਂ ਕੀਮਤਾਂ ਨੇ ਰੋਜ਼ਾਨਾ ਆਂਡੇ ਖਾਣ ਦੇ ਸ਼ੌਕੀਨਾਂ ਦੇ ਬਜਟ ਨੂੰ ਝਟਕਾ ਦੇਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਪਿਛਲੇ ਇਕ ਸਾਲ ਦੌਰਾਨ ਦੇਸ਼ ਭਰ ਵਿਚ ਆਂਡਿਆਂ ਦੀਆਂ ਕੀਮਤਾਂ ਵਿਚ ਕਰੀਬ 35 ਤੋਂ 40 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ, ਜਿਸ ਨਾਲ ਪ੍ਰਚੂਨ ਬਾਜ਼ਾਰ ਵਿਚ ਇਕ ਆਂਡਾ 8. 50 ਤੋਂ 9 ਰੁਪਏ ਤੱਕ ਵਿਕ ਰਿਹਾ ਹੈ, ਜਦਕਿ ਪੋਲਟਰੀ ਫਾਰਮ ਤੋਂ ਆਂਡੇ ਦਾ ਭਾਅ ਕਰੀਬ 6.
ਆ
ਆਂਡੇ ਵੇਚ ਕੇ ਆਪਣੀ ਰੋਜ਼ੀ-ਰੋਟੀ ਚਲਾ ਰਿਹਾ ਅਮਲੋਹ ਦੇ ਬੁੱਗਾ ਬੱਸ ਅੱਡੇ ਉੱਪਰ ਇਕ ਨੌਜਵਾਨ। ਤਸਵੀਰ : ਗਿੱਲ
29-08-2026
ਅਮਲੋਹ, 28 ਅਗਸਤ-ਬਹੁਤ ਸਾਰੇ ਲੋਕਾਂ ਦੀ ਖ਼ੁਰਾਕ ਦਾ ਅਹਿਮ ਹਿੱਸਾ ਬਣ ਚੁੱਕੇ ਆਂਡਿਆਂ ਦੀਆਂ ਕੀਮਤਾਂ ਨੇ ਰੋਜ਼ਾਨਾ ਆਂਡੇ ਖਾਣ ਦੇ ਸ਼ੌਕੀਨਾਂ ਦੇ ਬਜਟ ਨੂੰ ਝਟਕਾ ਦੇਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਪਿਛਲੇ ਇਕ ਸਾਲ ਦੌਰਾਨ ਦੇਸ਼ ਭਰ ਵਿਚ ਆਂਡਿਆਂ ਦੀਆਂ ਕੀਮਤਾਂ ਵਿਚ ਕਰੀਬ 35 ਤੋਂ 40 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ, ਜਿਸ ਨਾਲ ਪ੍ਰਚੂਨ ਬਾਜ਼ਾਰ ਵਿਚ ਇਕ ਆਂਡਾ 8.50 ਤੋਂ 9 ਰੁਪਏ ਤੱਕ ਵਿਕ ਰਿਹਾ ਹੈ, ਜਦਕਿ ਪੋਲਟਰੀ ਫਾਰਮ ਤੋਂ ਆਂਡੇ ਦਾ ਭਾਅ ਕਰੀਬ 6.50 ਰੁਪਏ ਪ੍ਰਤੀ ਆਂਡਾ ਦੱਸਿਆ ਜਾ ਰਿਹਾ ਹੈ। ਨੈਸ਼ਨਲ ਐਗ ਕੋਆਰਡੀਨੇਸ਼ਨ ਕਮੇਟੀ ਦੀ ਤਾਜ਼ਾ ਰਿਪੋਰਟ ਦੇ ਅੰਕੜੇ ਵੀ ਪਿਛਲੇ ਇਕ ਸਾਲ ਵਿਚ ਆਂਡਿਆਂ ਦੇ ਭਾਅ ’ਚ ਲਗਭਗ 40 ਫ਼ੀਸਦੀ ਦੇ ਵਾਧੇ ਦੀ ਪੁਸ਼ਟੀ ਕਰਦੇ ਹਨ। ਕੇਂਦਰ ਸਰਕਾਰ ਦੇ ‘ਬੇਸਿਕ ਐਨੀਮਲ ਹਸਬੈਂਡਰੀ ਸਟੈਟਿਸਟਿਕਸ-2025’ ਦੀ ਰਿਪੋਰਟ ਅਨੁਸਾਰ ਪੰਜਾਬ ਵਿਚ ਕਮਰਸ਼ੀਅਲ ਪੋਲਟਰੀ ਫਾਰਮਾਂ ਤੋਂ ਸੁਧਰੀਆਂ ਮੁਰਗ਼ੀਆਂ ਦੇ ਆਂਡਿਆਂ ਦਾ ਉਤਪਾਦਨ 2023-24 ਵਿਚ 465.83 ਕਰੋੜ ਸੀ, ਜੋ 2024-25 ਵਿਚ ਵਧ ਕੇ 500.93 ਕਰੋੜ ਹੋ ਗਿਆ। ਇਸ ਤਰ੍ਹਾਂ ਇਕ ਸਾਲ ਦੌਰਾਨ ਆਂਡਿਆਂ ਦੇ ਉਤਪਾਦਨ ਵਿਚ 35.10 ਕਰੋੜ, ਭਾਵ ਕਰੀਬ 7.5 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਲੋਕਾਂ ਵਲੋਂ ਆਪਣੇ ਘਰਾਂ ਵਿਚ ਪਾਲੀਆਂ ਦੇਸੀ ਮੁਰਗ਼ੀਆਂ ਤੋਂ ਵੀ 2024-25 ਵਿਚ 2.37 ਕਰੋੜ ਆਂਡਿਆਂ ਦਾ ਉਤਪਾਦਨ ਹੋਇਆ। ਉਤਪਾਦਨ ਵਿਚ ਹੋਏ ਇਸ ਵਾਧੇ ਦੇ ਬਾਵਜੂਦ ਆਂਡਿਆਂ ਦੇ ਭਾਅ ਵਿਚ ਮੰਦੇ ਦੀ ਥਾਂ ਤੇਜ਼ੀ ਆਈ ਹੈ, ਜਿਸ ਲਈ ਮਾਹਿਰ ਇਕੋ-ਇਕ ਕਾਰਨ ਫੀਡ ਦੇ ਭਾਅ ਵਿਚ ਆਈ ਤੇਜ਼ੀ ਨੂੰ ਮੰਨ ਰਹੇ ਹਨ। ਲੇਅਰ ਫੀਡ ਵਿਚ ਮੁੱਖ ਤੌਰ ’ਤੇ ਮੱਕੀ ਤੇ ਸੋਇਆਬੀਨ ਮੀਲ ਵਰਤੇ ਜਾਂਦੇ ਹਨ। ਮੱਕੀ ਦਾ ਭਾਅ ਤਿੰਨ ਸਾਲ ਪਹਿਲਾਂ ਕਰੀਬ 14 ਹਜ਼ਾਰ ਰੁਪਏ ਪ੍ਰਤੀ ਟਨ ਸੀ, ਜੋ ਹੁਣ 26,500 ਰੁਪਏ ਤੱਕ ਪਹੁੰਚ ਗਿਆ ਹੈ ਅਤੇ ਪਿਛਲੇ ਪੰਜ ਮਹੀਨਿਆਂ ਵਿਚ ਇਸ ਵਿਚ ਲਗਭਗ 20 ਫ਼ੀਸਦੀ ਵਾਧਾ ਦਾ ਹੋਇਆ ਹੈ। ਇਸੇ ਤਰ੍ਹਾਂ 2025 ਦੇ ਮੁਕਾਬਲੇ 2026 ਵਿਚ ਸੋਇਆਬੀਨ ਮੀਲ ਵੀ ਮਹਿੰਗਾ ਹੋਇਆ ਹੈ। ਆਂਡਾ ਉਤਪਾਦਨ ਦੀ ਕੁੱਲ ਲਾਗਤ ਵਿਚ ਫੀਡ ਦਾ ਹਿੱਸਾ ਕਰੀਬ 60 ਤੋਂ 70 ਫ਼ੀਸਦੀ ਹੋਣ ਕਾਰਨ ਇਸ ਦਾ ਸਿੱਧਾ ਅਸਰ ਆਂਡਿਆਂ ਦੀ ਉਤਪਾਦਨ ਲਾਗਤ ’ਤੇ ਪੈਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ ਦੌਰਾਨ ਆਂਡਿਆਂ ਦੀਆਂ ਕੀਮਤਾਂ ਦੇ ਹੋਰ ਉੱਪਰ ਜਾਣ ਦੀ ਸੰਭਾਵਨਾ ਹੈ।