ਬਰਸੀ ’ਤੇ ਵਿਸ਼ੇਸ਼
ਸੰਤ ਬਾਬਾ ਸੁੱਚਾ ਸਿੰਘ
ਲੁਧਿਆਣਾ, 26 ਅਗਸਤ-ਗੁਰਮਤਿ ਸੰਗੀਤ ਨੂੰ ਮੁੜ ਸੁਰਜੀਤ ਕਰਕੇ ਸਿਖ਼ਰਾਂ ’ਤੇ ਪਹੁੰਚਾਉਣ ਵਾਲੀ, ਸਿੱਖ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਵਿਚੋਂ ਇਕ ਸ਼ਖ਼ਸੀਅਤ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ, ਜਵੱਦੀ ਟਕਸਾਲ ਦੇ ਬਾਨੀ ਮਹਾਂਪੁਰਸ਼ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਦਾ ਜਨਮ 1 ਅਕਤੂਬਰ, 1948 ਨੂੰ ਪਿਤਾ ਨਗੀਨਾ ਸਿੰਘ ਤੇ ਮਾਤਾ ਧੰਨ ਕੌਰ ਦੇ ਘਰ ਪਿੰਡ ਜਮੀਅਤਗੜ੍ਹ ਭੱਲੇ, ਹੁਸ਼ਿਆਰਪੁਰ ਵਿਖੇ ਹੋਇਆ। ਪਿਤਾ ਜੀ ਦੇ ਬੱਬਰ ਅਕਾਲੀ ਦਲ ਨਾਲ ਸੰਬੰਧਿਤ ਹੋਣ ਕਰਕੇ ਗੁਰਸਿੱਖੀ ਜੀਵਨ ਦੀ ਗੁੜ੍ਹਤੀ ਆਪ ਜੀ ਨੂੰ ਘਰ ਤੋਂ ਹੀ ਮਿਲੀ।
ਲੁਧਿਆਣਾ, 26 ਅਗਸਤ-ਗੁਰਮਤਿ ਸੰਗੀਤ ਨੂੰ ਮੁੜ ਸੁਰਜੀਤ ਕਰਕੇ ਸਿਖ਼ਰਾਂ ’ਤੇ ਪਹੁੰਚਾਉਣ ਵਾਲੀ, ਸਿੱਖ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਵਿਚੋਂ ਇਕ ਸ਼ਖ਼ਸੀਅਤ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ, ਜਵੱਦੀ ਟਕਸਾਲ ਦੇ ਬਾਨੀ ਮਹਾਂਪੁਰਸ਼ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਦਾ ਜਨਮ 1 ਅਕਤੂਬਰ, 1948 ਨੂੰ ਪਿਤਾ ਨਗੀਨਾ ਸਿੰਘ ਤੇ ਮਾਤਾ ਧੰਨ ਕੌਰ ਦੇ ਘਰ ਪਿੰਡ ਜਮੀਅਤਗੜ੍ਹ ਭੱਲੇ, ਹੁਸ਼ਿਆਰਪੁਰ ਵਿਖੇ ਹੋਇਆ। ਪਿਤਾ ਜੀ ਦੇ ਬੱਬਰ ਅਕਾਲੀ ਦਲ ਨਾਲ ਸੰਬੰਧਿਤ ਹੋਣ ਕਰਕੇ ਗੁਰਸਿੱਖੀ ਜੀਵਨ ਦੀ ਗੁੜ੍ਹਤੀ ਆਪ ਜੀ ਨੂੰ ਘਰ ਤੋਂ ਹੀ ਮਿਲੀ। ਇਸ ਕਰਕੇ ਬਚਪਨ ਤੋਂ ਹੀ ਸੇਵਾ ਸਿਮਰਨ ਵਿਚ ਲੀਨ ਰਹਿੰਦਿਆਂ ਆਪ ਜੀ ਨੇ ਆਪਣੇ ਜੀਵਨ ਵਿਚ ਸੰਤ ਬਾਬਾ ਤਾਰਾ ਸਿੰਘ ਬਲਾਚੌਰ, ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਤੇ ਸੰਤ ਬਾਬਾ ਕਿਸ਼ਨ ਸਿੰਘ ਰਾੜਾ ਸਾਹਿਬ ਵਾਲਿਆਂ ਵਰਗੇ ਮਹਾਨ ਤਪੱਸਵੀਆਂ ਦੀ ਛੱਤਰ ਛਾਇਆ ਹੇਠ ਰਹਿ ਕੇ ਅਧਿਆਤਮਿਕ ਉਚਾਈਆਂ ਦਾ ਤਜਰਬਾ ਅੰਗੀਕਾਰ ਕੀਤਾ। ਬੜੂ ਸਾਹਿਬ ਦੀਆਂ ਪਹਾੜੀਆਂ ਤੇ ਹਜ਼ੂਰ ਸਾਹਿਬ ਵਿਚ ਸਿਮਰਨ ਸਾਧਨਾ ਵਿਚ ਜੀਵਨ ਦਾ ਕੁਝ ਸਮਾਂ ਬਤੀਤ ਕਰਕੇ ਲੁਧਿਆਣਾ ਦੀਆਂ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਦੇ ਸਥਾਪਨਾ ਕੀਤੀ, ਜਿਥੇ ਆਪ ਨੇ 1991 ਵਿਚ ਗੁਰੂ ਸਾਹਿਬ ਜੀ ਵਲੋਂ ਦਿੱਤੇ ਨਿਰਧਾਰਿਤ ਰਾਗਾਂ ਨੂੰ ਗਾਇਨ ਕਰਨ ਦੀ ਪਰੰਪਰਾ ਨੂੰ ਮੁੜ ਸੁਰਜੀਤ ਕਰਕੇ ‘ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ’ ਦੀ ਲੜੀ ਦੀ ਆਰੰਭਤਾ ਕੀਤੀ, ਜੋ ਕਿ ਹੁਣ ਵੀ ਨਿਰੰਤਰ ਜਾਰੀ ਹੈ। ਆਪ ਜੀ ਦੀਆਂ ਅਣਥੱਕ ਤੇ ਨਿਵੇਕਲੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਲੋਂ ਪੰਜ ਸ਼ਸਤਰਾਂ ਨਾਲ ਸਨਮਾਨਿਤ ਕੀਤਾ ਗਿਆ ਤੇ ਸਰੀਰਕ ਚਲਾਣੇ ਤੋਂ ਬਾਅਦ (ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ) ਅੰਮ੍ਰਿਤਸਰ ਵਲੋਂ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਤੇ ਤਖ਼ਤ ਸ਼੍ਰੀ ਪਟਨਾ ਸਾਹਿਬ ਵਲੋਂ ‘ਸ਼੍ਰੋਮਣੀ ਸੇਵਾ ਰਤਨ’ ਦੀ ਉਪਾਧੀ ਬਖ਼ਸ਼ਿਸ਼ ਕੀਤੀ ਗਈ। ਇਸ ਲਈ ਅਜਿਹੇ ਪਰਉਪਕਾਰੀ ਮਹਾਂਪੁਰਸ਼ ਧਾਰਮਿਕ ਕਾਰਜ ਕਰਦੇ 27 ਅਗਸਤ, 2002 ਨੂੰ ਸਰੀਰਕ ਚੋਲ੍ਹਾ ਤਿਆਗ ਗਏ। ਉਨ੍ਹਾਂ ਤੋਂ ਬਾਅਦ ਅੱਜ ਉਨ੍ਹਾਂ ਦੇ ਜਾਨਸ਼ੀਨ ਸੰਤ ਬਾਬਾ ਅਮੀਰ ਸਿੰਘ ਉਸੇ ਤਰ੍ਹਾਂ ਮਹਾਪੁਰਸ਼ਾਂ ਵਲੋਂ ਚਲਾਈ ਪਰੰਪਰਾ ਨੂੰ ਹੋਰ ਵੀ ਬੜੀ ਚੜ੍ਹਦੀਕਲਾ ਨਾਲ ਨਿਭਾਅ ਰਹੇ ਹਨ। –ਪਰਮਿੰਦਰ ਸਿੰਘ ਆਹੂਜਾ