15 ਅਗਸਤ ਨੂੰ ਰਾਜਪਾਲ ਹਾਊਸ ਤੱਕ ਰੋਸ ਮਾਰਚ ਕੱਢਣ ਦਾ ਫ਼ੈਸਲਾ ਬਰਕਰਾਰ - ਕੌਮੀ ਇਨਸਾਫ਼ ਮੋਰਚਾ
ਚੰਡੀਗੜ੍ਹ, 10 ਅਗਸਤ (ਸੰਦੀਪ ਕੁਮਾਰ ਮਾਹਨਾ)– ਕੌਮੀ ਇਨਸਾਫ਼ ਮੋਰਚੇ ਵਲੋਂ ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਸਰਕਾਰ ਤੋਂ ਤੁਰੰਤ ਠੋਸ ਫ਼ੈਸਲਾ ਲੈਣ ਦੀ ਮੰਗ ਕੀਤੀ ਗਈ ਅਤੇ ਸਪੱਸ਼ਟ ਕੀਤਾ ਗਿਆ ਕਿ 15 ਅਗਸਤ ਨੂੰ ਰਾਜਪਾਲ ਦੀ ਰਿਹਾਇਸ਼ ਤੱਕ ਰੋਸ ਮਾਰਚ ਕੱਢਣ ਦਾ ਫ਼ੈਸਲਾ ਬਰਕਰਾਰ ਹੈ। ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿਖੇ ਅੱਜ ਮੋਰਚਾ ਦੇ ਆਗੂਆਂ ਵਲੋਂ ਕੀਤੀ ਗਈ ਪੱਤਰਕਾਰ ਮਿਲਣੀ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ 10 ਦਿਨਾਂ ਦੀ ਪੈਰੋਲ ਦੇਣ ਸਬੰਧੀ ਮੁੱਖ ਮੰਤਰੀ ਵਲੋਂ ਰਾਜਪਾਲ ਨੂੰ ਪੱਤਰ ਲਿਖੇ ਜਾਣ ਦੀ ਗੱਲ ਸਾਹਮਣੇ ਆਈ ਹੈ, ਪਰ ਅਜੇ ਤੱਕ ਪੈਰੋਲ ਮਨਜ਼ੂਰ ਹੋਣ ਸਬੰਧੀ ਕੋਈ ਅਧਿਕਾਰਤ ਹੁਕਮ ਜਾਂ ਤਰੀਕ ਸਾਹਮਣੇ ਨਹੀਂ ਆਈ।
ਚੰਡੀਗੜ੍ਹ, 10 ਅਗਸਤ (ਸੰਦੀਪ ਕੁਮਾਰ ਮਾਹਨਾ)– ਕੌਮੀ ਇਨਸਾਫ਼ ਮੋਰਚੇ ਵਲੋਂ ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਸਰਕਾਰ ਤੋਂ ਤੁਰੰਤ ਠੋਸ ਫ਼ੈਸਲਾ ਲੈਣ ਦੀ ਮੰਗ ਕੀਤੀ ਗਈ ਅਤੇ ਸਪੱਸ਼ਟ ਕੀਤਾ ਗਿਆ ਕਿ 15 ਅਗਸਤ ਨੂੰ ਰਾਜਪਾਲ ਦੀ ਰਿਹਾਇਸ਼ ਤੱਕ ਰੋਸ ਮਾਰਚ ਕੱਢਣ ਦਾ ਫ਼ੈਸਲਾ ਬਰਕਰਾਰ ਹੈ। ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿਖੇ ਅੱਜ ਮੋਰਚਾ ਦੇ ਆਗੂਆਂ ਵਲੋਂ ਕੀਤੀ ਗਈ ਪੱਤਰਕਾਰ ਮਿਲਣੀ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ 10 ਦਿਨਾਂ ਦੀ ਪੈਰੋਲ ਦੇਣ ਸਬੰਧੀ ਮੁੱਖ ਮੰਤਰੀ ਵਲੋਂ ਰਾਜਪਾਲ ਨੂੰ ਪੱਤਰ ਲਿਖੇ ਜਾਣ ਦੀ ਗੱਲ ਸਾਹਮਣੇ ਆਈ ਹੈ, ਪਰ ਅਜੇ ਤੱਕ ਪੈਰੋਲ ਮਨਜ਼ੂਰ ਹੋਣ ਸਬੰਧੀ ਕੋਈ ਅਧਿਕਾਰਤ ਹੁਕਮ ਜਾਂ ਤਰੀਕ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਹਵਾਰਾ ਦੀ ਪੈਰੋਲ ਸਬੰਧੀ ਇਹ ਕਦਮ ਸਿਆਸਤ ਤੋਂ ਪ੍ਰੇਰਿਤ ਜਾਪਦਾ ਹੈ ਅਤੇ ਜੇਕਰ ਸਰਕਾਰ ਸੱਚਮੁੱਚ ਹਵਾਰਾ ਨੂੰ ਪੈਰੋਲ ਦੇਣਾ ਚਾਹੁੰਦੀ ਹੈ ਤਾਂ ਸਿਰਫ਼ ਪੱਤਰ-ਵਿਹਾਰ ਕਰਨ ਦੀ ਬਜਾਏ ਇਸ ਸਬੰਧੀ ਅਮਲੀ ਫ਼ੈਸਲਾ ਲਿਆ ਜਾਵੇ। ਮੋਰਚੇ ਦੇ ਕੋ-ਕੋਆਰਡੀਨੇਟਰ ਗੁਰਵਿੰਦਰ ਸਿੰਘ ਭੰਗੂ ਨੇ ਭਾਈ ਹਵਾਰਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਸਰਕਾਰ ਤੋਂ ਤੁਰੰਤ ਠੋਸ ਫ਼ੈਸਲਾ ਲੈਣ ਦੀ ਮੰਗ ਕੀਤੀ। ਮੋਰਚੇ ਨੇ ਸਪੱਸ਼ਟ ਕੀਤਾ ਕਿ ਜੇਕਰ 13 ਅਗਸਤ ਤੱਕ ਸਰਕਾਰ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ 15 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਤੋਂ ਰਾਜਪਾਲ ਹਾਊਸ ਤੱਕ ਰੋਸ ਮਾਰਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅੱਜ ਡੀ.ਆਈ.ਜੀ. ਰੋਪੜ ਰੇਂਜ ਨਾਨਕ ਸਿੰਘ, ਐਸ.ਐਸ.ਪੀ. ਮੁਹਾਲੀ ਹਰਮਨਦੀਪ ਸਿੰਘ ਹੰਸ ਅਤੇ ਐਸ.ਐਸ.ਪੀ. ਚੰਡੀਗੜ੍ਹ ਕੰਵਰਦੀਪ ਕੌਰ ਨਾਲ ਮੀਟਿੰਗ ਵੀ ਹੋਈ ਹੈ। ਇਸ ਮੌਕੇ ਜਥੇਦਾਰ ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਵੀ ਗੱਲਬਾਤ ਕੀਤੀ। ਉਨ੍ਹਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ (ਵਾਰਿਸ ਪੰਜਾਬ ਦੇ), ਕਿਸਾਨ ਯੂਨੀਅਨ ਲੱਖੋਵਾਲ, ਕਿਸਾਨ ਯੂਨੀਅਨ ਫੂਲ ਸਮੇਤ ਹੋਰ ਜਥੇਬੰਦੀਆਂ ਵੀ ਬੰਦੀ ਸਿੰਘਾਂ ਦੇ ਮੁੱਦੇ ’ਤੇ ਇਕੱਠੀਆਂ ਹੋ ਰਹੀਆਂ ਹਨ। ਇਸ ਮੌਕੇ ਲੁਧਿਆਣਾ ਦੇ ਉੱਘੇ ਕਾਰੋਬਾਰੀ ਤਰੁਣ ਜੈਨ ਬਾਵਾ, ਪਾਲ ਸਿੰਘ ਫ਼ਰਾਂਸ ਬਲਜੀਤ ਸਿੰਘ ਭਾਊ ਸੁਰਜੀਤ ਸਿੰਘ ਫੂਲ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ 15 ਅਗਸਤ ਦੇ ਰੋਸ ਮਾਰਚ ’ਚ ਸ਼ਾਮਿਲ ਹੋਣ ਦਾ ਐਲਾਨ ਕੀਤਾ।