02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਜਲਾਲਪੁਰ ਦੀ ਮੁਅੱਤਲੀ ਮਗਰੋਂ ਪਟਿਆਲਾ ਵਿਚ ਹੋਈ ਉੱਚ ਪੱਧਰੀ ਬੈਠਕ

ਜਲਾਲਪੁਰ ਦੀ ਮੁਅੱਤਲੀ ਮਗਰੋਂ ਪਟਿਆਲਾ ਵਿਚ ਹੋਈ ਉੱਚ ਪੱਧਰੀ ਬੈਠਕ

ਅਜੀਤ ਡੈਸਕ 02-08-2026

ਚੰਨੀ, ਆਸ਼ੂ, ਗਾਂਧੀ ਸਮੇਤ ਕਈ ਪ੍ਰਮੁੱਖ ਆਗੂ ਹੋਏ ਸ਼ਾਮਿਲ
ਘਨੌਰ (ਪਟਿਆਲਾ), 1 ਅਗਸਤ (ਸਰਦਾਰਾ ਸਿੰਘ ਲਾਛੜੂ)-ਪੰਜਾਬ ਦੀ ਸਿਆਸਤ ਵਿਚ ਉਸ ਸਮੇਂ ਵੱਡਾ ਭੁਚਾਲ ਆ ਗਿਆ, ਜਦੋਂ ਕਾਂਗਰਸ ਪਾਰਟੀ ਦੇ ਟਕਸਾਲੀ ਅਤੇ ਤਜ਼ਰਬੇਕਾਰ ਆਗੂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ, ਜਿਸ ਦੇ ਚਲਦਿਆਂ ਕਾਂਗਰਸ ਦਾ ਅੰਦਰੂਨੀ ਕਲੇਸ਼ ਇਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ।ਦੂਜੇ ਪਾਸੇ, ਦੇਰ ਸ਼ਾਮ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਸਮੇਤ ਕਈ ਦਿਗਜ ਆਗੂ ਮਦਨ ਲਾਲ ਜਲਾਲਪੁਰ ਦੇ ਘਰ ਪਹੁੰਚੇ। ਜਲਾਲਪੁਰ ਦੀ ਰਿਹਾਇਸ਼ ‘ਤੇ ਲਗਭਗ ਦੋ ਤੋਂ ਢਾਈ ਘੰਟੇ ਲੰਮੀ ਬੈਠਕ ਚੱਲੀ, ਜਿਸ ਵਿਚ ਪਾਰਟੀ ਦੇ ਮੌਜੂਦਾ ਹਲਾਤ ਅਤੇ ਅਨੁਸ਼ਾਸਨੀ ਕਾਰਵਾਈ ਉਤੇ ਵਿਸਥਾਰ ਨਾਲ ਮੰਥਨ ਕੀਤਾ ਗਿਆ।ਇਸ ਮਾਮਲੇ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਮਦਨ ਲਾਲ ਜਲਾਲਪੁਰ ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਸਮੇਤ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਵਿਰੁੱਧ ਲਗਾਤਾਰ ਤਿੱਖੀ ਬਿਆਨਬਾਜ਼ੀ ਕੀਤੀ ਜਾ ਰਹੀ ਸੀ। ਇਸ ਤੋਂ ਬਾਅਦ ਪਟਿਆਲਾ ਵਿਚ ਕਾਂਗਰਸ ਪਾਰਟੀ ਦੇ ਇਕ ਪ੍ਰੋਗਰਾਮ ਦੌਰਾਨ ਉਸ ਸਮੇਂ ‘ਹਾਈ-ਵੋਲਟੇਜ’ ਡਰਾਮਾ ਦੇਖਣ ਨੂੰ ਮਿਲਿਆ, ਜਦੋਂ ਪਾਰਟੀ ਵਰਕਰਾਂ ਅਤੇ ਆਗੂਆਂ ਵਲੋਂ ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ ਨਾਅਰੇ ਲਗਾਏ ਗਏ।ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਸਪੱਸ਼ਟ ਸ਼ਬਦਾਂ ਵਿਚ ਅਨੁਸ਼ਾਸਨੀ ਕਮੇਟੀ ਦੇ ਅਧਿਕਾਰਾਂ ਨੂੰ ਚੁਣੌਤੀ ਦਿੱਤੀ। ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸੰਵਿਧਾਨ ਅਤੇ ਨਿਯਮਾਂ ਮੁਤਾਬਕ ਅਨੁਸ਼ਾਸਨੀ ਕਮੇਟੀ ਜਾਂ ਉਸ ਦੇ ਚੇਅਰਮੈਨ ਕੋਲ ਕਿਸੇ ਵੀ ਏ.ਆਈ.ਸੀ.ਸੀ., ਪੀ.ਸੀ.ਸੀ. ਮੈਂਬਰ ਜਾਂ ਸਾਬਕਾ ਵਿਧਾਇਕ ਨੂੰ ਸਿੱਧੇ ਤੌਰ ‘ਤੇ ਮੁਅੱਤਲ ਕਰਨ ਦੀ ਕੋਈ ਤਾਕਤ ਨਹੀਂ ਹੈ। ਚੰਨੀ ਨੇ ਮਦਨ ਲਾਲ ਜਲਾਲਪੁਰ ਨੂੰ ਆਪਣਾ ਭਰਾ ਕਰਾਰ ਦਿੰਦਿਆਂ ਕਿਹਾ ਕਿ ਮੁਸੀਬਤ ਅਤੇ ਸੰਕਟ ਦੇ ਸਮੇਂ ਉਹ ਆਪਣੇ ਭਰਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਪੂਰੇ ਮਸਲੇ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉੱਚ ਪੱਧਰੀ ਲੀਡਰਸ਼ਿਪ ਨਾਲ ਗੱਲਬਾਤ ਕਰਨਗੇ। ਦੂਜੇ ਪਾਸੇ, ਮਦਨ ਲਾਲ ਜਲਾਲਪੁਰ ਨੇ ਵੀ ਸਾਫ਼ ਸ਼ਬਦਾਂ ਵਿਚ ਆਖਿਆ ਕਿ ਜੇਕਰ ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਪਾਰਟੀ ਦੇ ਪ੍ਰਧਾਨ ਬਣੇ ਰਹਿੰਦੇ ਹਨ ਤਾਂ ਉਹ ਉਨ੍ਹਾਂ ਦੀ ਅਗਵਾਈ ਹੇਠ ਆਉਣ ਵਾਲੀਆਂ ਚੋਣਾਂ ਨਹੀਂ ਲੜਨਗੇ। 

ਪਿਛਲੀ ਖ਼ਬਰ ਰੀਨਾ ਸੋਨੋਵਾਲ ਦੂਰਦਰਸ਼ਨ (ਪ੍ਰੋਗਰਾਮਿੰਗ) ਦੀ ਡਾਇਰੈਕਟਰ ਜਨਰਲ ਨਿਯੁਕਤ ਅਗਲੀ ਖ਼ਬਰ ਕੈਬਨਿਟ ਮੰਤਰੀ ਬੈਂਸ ਦੀ ਪਹਿਲ ਨਾਲ ਸਫ਼ਾਈ ਕਾਮਿਆਂ ਦੀ ਹੜਤਾਲ ਖ਼ਤਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।