02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਨਸ਼ਾ ਤਸਕਰਾਂ ਨੇ ਨਾਕਾਬੰਦੀ ਦੌਰਾਨ ਪੁਲਿਸ ’ਤੇ ਚਲਾਈਆਂ ਗੋਲੀਆਂ-ਦੋ ਮੁਲਾਜ਼ਮ ਜ਼ਖ਼ਮੀ

ਅਜੀਤ ਡੈਸਕ 26-07-2026

ਦੋਵਾਂ ਪੁਲਿਸ ਮੁਲਾਜ਼ਮਾਂ ਦੇ ਪੱਟ ’ਚੋਂ ਆਰ-ਪਾਰ ਹੋਈਆਂ ਗੋਲੀਆਂ
ਐੱਸ. ਏ. ਐੱਸ. ਨਗਰ, 25 ਜੁਲਾਈ (ਕਪਿਲ ਵਧਵਾ)-ਮੁਹਾਲੀ ਦੇ ਪਿੰਡ ਸਨੇਟਾ ਨੇੜਲੇ ਖੇਤਰ ‘ਚ ਸਨਿਚਰਵਾਰ ਸ਼ਾਮ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਗਈ ਐਂਟੀ ਨਾਰਕੋਟਿਕਸ ਸੈੱਲ ਦੀ ਪੁਲਿਸ ਪਾਰਟੀ ‘ਤੇ ਕਥਿਤ ਤੌਰ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਇਸ ਦੌਰਾਨ ਹਮਲਾਵਰਾਂ ਨੇ ਪੁਲਿਸ ‘ਤੇ ਗੋਲੀਆਂ ਚਲਾਉਣ ਦੇ ਨਾਲ-ਨਾਲ ਤਲਵਾਰਾਂ ਨਾਲ ਵੀ ਹਮਲਾ ਕੀਤਾ, ਜਿਸ ਕਾਰਨ ਹੈੱਡ ਕਾਂਸਟੇਬਲ ਪਰਮਜੀਤ ਸਿੰਘ ਅਤੇ ਸੀਨੀਅਰ ਕਾਂਸਟੇਬਲ ਜਗਜੀਤ ਸਿੰਘ ਜ਼ਖ਼ਮੀ ਹੋ ਗਏ। ਦੋਵਾਂ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਨੂੰ ਇਲਾਜ ਲਈ ਤੁਰੰਤ ਫੇਜ਼-6 ਸਥਿਤ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਕਿ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਹੈ।ਜਾਣਕਾਰੀ ਅਨੁਸਾਰ ਮੁਹਾਲੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਸਨੇਟਾ ਨੇੜੇ ‘ਚਿੱਟੇ’ ਦੀ ਵੱਡੀ ਖੇਪ ਦੀ ਡਿਲੀਵਰੀ ਹੋਣ ਜਾ ਰਹੀ ਹੈ। ਇਸ ਸੂਚਨਾ ਦੇ ਆਧਾਰ ‘ਤੇ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਵਲੋਂ ਤੁਰੰਤ ਹਰਕਤ ‘ਚ ਆਉਂਦਿਆਂ ਇਲਾਕੇ ਵਿਚ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸੇ ਦੌਰਾਨ ਪੁਲਿਸ ਵਲੋਂ ਤਲਾਸ਼ੀ ਲੈਣ ਲਈ ਇਕ ਸਵਿਫਟ ਕਾਰ ਨੂੰ ਰੋਕਿਆ ਗਿਆ। ਇਸ ਮੌਕੇ ਏ. ਐੱਸ. ਆਈ. ਜਗਦੀਪ ਸਿੰਘ ਵੀ ਨਾਕਾਬੰਦੀ ‘ਤੇ ਮੌਜੂਦ ਸਨ। ਇਸ ਦੌਰਾਨ ਜਦੋਂ ਸਵਿਫ਼ਟ ਕਾਰ ਸਵਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਨੇ ਆਪਣੇ ਹੋਰਨਾਂ ਸਾਥੀਆਂ ਨੂੰ ਵੀ ਮੌਕੇ ‘ਤੇ ਬੁਲਾ ਲਿਆ। ਕੁਝ ਹੀ ਸਮੇਂ ਬਾਅਦ ਇਕ ਹੋਰ ਕਾਰ ਵਿਚ ਸਵਾਰ ਮੁਲਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾਈਆਂ ਗਈਆਂ, ਜੋ ਹੈੱਡ ਕਾਂਸਟੇਬਲ ਪਰਮਜੀਤ ਸਿੰਘ ਅਤੇ ਸੀਨੀਅਰ ਕਾਂਸਟੇਬਲ ਜਗਜੀਤ ਸਿੰਘ ਦੇ ਪੱਟ ‘ਚੋਂ ਦੀ ਆਰ-ਪਾਰ ਹੋ ਗਈਆਂ। ਹਮਲੇ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਉਧਰ ਫੇਜ਼-6 ਸਥਿਤ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ਼ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਦਾ ਹਾਲ-ਚਾਲ ਜਾਨਣ ਲਈ ਪਹੁੰਚੇ ਐੱਸ. ਪੀ. (ਜਾਂਚ) ਸੌਰਵ ਜਿੰਦਲ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਸੋਹਾਣਾ ਵਿਖੇ ਹੱਤਿਆ ਦੀ ਕੋਸ਼ਿਸ਼ ਤੇ ਸਰਕਾਰੀ ਕਰਮਚਾਰੀਆਂ ‘ਤੇ ਹਮਲਾ ਕਰਨ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਫ਼ਰਾਰ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਰਾਜਪਾਲ ਨੇ 16ਵੀਂ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ ਸੱਦਿਆ ਅਗਲੀ ਖ਼ਬਰ Var

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।