11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਪੰਜਾਬ ਪਹਿਲੀ ਤੋਂ 12ਵੀਂ ਜਮਾਤ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਮੁੱਖ ਵਿਸ਼ੇ ਵਜੋਂ ਸ਼ਾਮਿਲ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ-ਬੈਂਸ

ਅਜੀਤ ਡੈਸਕ 23-07-2026
ਚੰਡੀਗੜ੍ਹ, 22 ਜੁਲਾਈ (ਅਜੀਤ ਬਿਊਰੋ)-ਸਕੂਲੀ ਸਿੱਖਿਆ ਵਿਚ ਅਹਿਮ ਤਬਦੀਲੀ ਲਿਆਉਣ ਦੇ ਉਦੇਸ਼ ਨਾਲ ਪੰਜਾਬ ਪਹਿਲੀ ਤੋਂ 12ਵੀਂ ਜਮਾਤ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਨੂੰ ਮੁੱਖ ਵਿਸ਼ੇ ਵਜੋਂ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ‘ਸਰਬੱਤਏਆਈ’ ਪ੍ਰੋਜੈਕਟ ਤਹਿਤ ਪੜਾਅਵਾਰ ਤਰੀਕੇ ਨਾਲ ਇਸ ਪਾਠਕ੍ਰਮ ਨੂੰ ਲਾਗੂ ਕਰੇਗਾ, ਜੋ ਕਿ ਦੇਸ਼ ਵਿਚ ਸਭ ਤੋਂ ਵੱਡੇ ਸੂਬਾ-ਪੱਧਰੀ ਏ.ਆਈ. ਸਿੱਖਿਆ ਮਿਸ਼ਨਾਂ ਵਿਚੋਂ ਇਕ ਹੈ ਅਤੇ ਪੰਜਾਬ ਨੂੰ ਭਵਿੱਖੀ ਸਿੱਖਿਆ ਵਿਚ ਦੇਸ਼ ਦੇ ਮੋਹਰੀ ਸੂਬੇ ਵਜੋਂ ਸਥਾਪਿਤ ਕਰਦਾ ਹੈ।ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨਾਲ ਮਿਲ ਕੇ ਸਿੱਖਿਆ ਮਾਹਿਰਾਂ, ਤਕਨਾਲੋਜੀ ਭਾਈਵਾਲਾਂ ਅਤੇ ਸਕੂਲ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਪ੍ਰੋਗਰਾਮ ਤੋਂ 25,172 ਸਕੂਲਾਂ ਅਤੇ 31.5 ਲੱਖ ਵਿਦਿਆਰਥੀਆਂ ਨੂੰ ਲਾਭ ਮਿਲੇਗਾ। ਪਹਿਲੇ ਪੜਾਅ ਵਿਚ 12,424 ਕੰਪਿਊਟਰ ਸਾਇੰਸ ਅਧਿਆਪਕ ਇਸ ਦੇ ਲਾਗੂਕਰਨ ਦੀ ਅਗਵਾਈ ਕਰਨਗੇ, ਜਦਕਿ ਸਾਰੇ ਵਿਸ਼ਿਆਂ ਦੇ 2 ਲੱਖ ਤੋਂ ਵੱਧ ਅਧਿਆਪਕਾਂ ਨੂੰ ਪੜ੍ਹਾਉਣ, ਸਿੱਖਣ ਅਤੇ ਮੁਲਾਂਕਣ ਵਿਚ ਏ.ਆਈ. ਨੂੰ ਸ਼ਾਮਿਲ ਕਰਨ ਲਈ ਹੌਲੀ-ਹੌਲੀ ਸਿਖਲਾਈ ਦਿੱਤੀ ਜਾਵੇਗੀ। ਪੀ.ਐੱਸ.ਈ.ਬੀ. ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਏ.ਆਈ. ਨੂੰ ਪੰਜਾਬ ਦੇ ਮੌਜੂਦਾ ਲਾਜ਼ਮੀ ਕੰਪਿਊਟਰ ਸਾਇੰਸ ਪਾਠਕ੍ਰਮ ਦੇ ਮੁੱਖ ਹਿੱਸੇ ਵਜੋਂ ਸ਼ਾਮਿਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੰਪਿਊਟਰ ਸਾਇੰਸ ਵਿਸ਼ੇ ਦੇ ਨਤੀਜੇ ਹੁਣ ਵਿਦਿਆਰਥੀਆਂ ਦੇ ਬੋਰਡ ਸਰਟੀਫਿਕੇਟਾਂ ’ਤੇ ਵੀ ਦਰਜ ਹੋਣਗੇ। ਇਸ ਪੈਨਲ ਵਿਚ ਨੀਵ ਏ.ਆਈ. ਤੋਂ ਅਰਜੁਨ ਬੇਦੀ, ਇੰਟੇਲ ਤੋਂ ਸ਼ਵੇਤਾ ਖੁਰਾਨਾ, ਗੂਗਲ ਤੋਂ ਹੇਮੰਤ ਭੱਲਾ, ਐਮਾਜ਼ਾਨ ਵੈੱਬ ਸਰਵਿਸਿਜ਼ ਤੋਂ ਪ੍ਰਦੀਪ ਝੁਨਝੁਨਵਾਲਾ, ਕੈਨਵਾ ਤੋਂ ਸਾਗਰੀ ਚੈਟਰਜੀ ਅਤੇ ਐਫ.ਏ.ਏ.ਆਈ. ਤੋਂ ਆਯੁਸ਼ੀ ਆਨੰਦ ਸ਼ਾਮਿਲ ਸਨ। ਇਸ ਮੌਕੇ ਡਾਇਰੈਕਟਰ ਸਕੂਲ ਸਿੱਖਿਆ (ਸੀਨੀਅਰ ਸੈਕੰਡਰੀ) ਐਸ. ਐਸ. ਬੱਲ, ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਕਿਰਨ ਸ਼ਰਮਾ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਰਬਜੀਤ ਸਿੰਘ ਖ਼ਾਲਸਾ ਵਲੋਂ ਸ਼ਹੀਦ ਖਾਲੜਾ ਦੀ ਯਾਦਗਾਰ ਲਈ ਸਰਕਾਰ ਤੋਂ ਜ਼ਮੀਨ ਦੀ ਮੰਗ ਅਗਲੀ ਖ਼ਬਰ ‘ਨੀਟ’ ਪ੍ਰੀਖਿਆ ਮੁੱਦੇ ’ਤੇ ਕਾਂਗਰਸ ਨੂੰ ਘੇਰਨ ਲਈ ਭਾਜਪਾ ਸੜਕਾਂ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।