29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

‘ਸਿਟ’ ਦੀ ਕਾਰਵਾਈ ਨਿਰਪੱਖ ਜਾਂਚ ਦੀ ਬਜਾਇ ਰਾਜਨੀਤਿਕ ਦਬਾਅ ਦਾ ਸਾਧਨ ਬਣ ਰਹੀ-ਵਿਜੈ ਸਾਂਪਲਾ

ਅਜੀਤ ਡੈਸਕ 06-07-2026

ਹੁਸ਼ਿਆਰਪੁਰ, 5 ਜੁਲਾਈ (ਹਰਪ੍ਰੀਤ ਕੌਰ)-ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੈ ਸਾਂਪਲਾ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ (ਸਿਟ) ਵਲੋਂ ਉਨ੍ਹਾਂ ਨੂੰ ਮੁੜ ਨੋਟਿਸ ਜਾਰੀ ਕੀਤਾ ਗਿਆ ਹੈ, ਜਦਕਿ ਉਹ ਪਹਿਲਾਂ ਵੀ ਜਾਂਚ ਵਿਚ ਪੂਰਾ ਸਹਿਯੋਗ ਦੇ ਚੁੱਕੇ ਹਨ ਅਤੇ ਲਿਖਤੀ ਰੂਪ ਵਿਚ ਭਰੋਸਾ ਦੇ ਚੁੱਕੇ ਹਨ ਕਿ ਅੱਗੇ ਵੀ ਪੂਰਾ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਅੱਜ ਤੱਕ ਉਹ ਦਸਤਾਵੇਜ਼ ਉਪਲਬਧ ਨਹੀਂ ਕਰਵਾਏ ਗਏ, ਜਿਨ੍ਹਾਂ ਦੇ ਆਧਾਰ ’ਤੇ ਉਨ੍ਹਾਂ ਤੋਂ ਸਪਸ਼ਟੀਕਰਨ ਮੰਗਿਆ ਜਾ ਰਿਹਾ ਹੈ। ਸੰਬੰਧਤ ਦਸਤਾਵੇਜ਼ ਦਿੱਤੇ ਬਿਨਾਂ ਕਿਸੇ ਨਾਗਰਿਕ ਨੂੰ ਵਾਰ-ਵਾਰ ਤਲਬ ਕਰਨਾ ਕੁਦਰਤੀ ਨਿਆਂ ਅਤੇ ਕਾਨੂੰਨੀ ਪ੍ਰਕਿਰਿਆ ਦੇ ਉਲਟ ਹੈ। ਉਨ੍ਹਾਂ ਸਿਟ ਨੂੰ ਲਿਖਤੀ ਰੂਪ ਵਿਚ ਸੂਚਿਤ ਕਰ ਦਿੱਤਾ ਹੈ ਕਿ ਪਹਿਲਾਂ ਤੋਂ ਨਿਰਧਾਰਤ ਰੁਝਾਨਾਂ ਕਾਰਨ ਉਹ 6 ਜੁਲਾਈ ਨੂੰ ਪੇਸ਼ ਨਹੀਂ ਹੋ ਸਕਣਗੇ ਪਰ 7 ਜੁਲਾਈ ਨੂੰ ਖੁਦ ਪੇਸ਼ ਹੋ ਕੇ ਪੂਰਾ ਸਹਿਯੋਗ ਦੇਣਗੇ। ਵਿਜੈ ਸਾਂਪਲਾ ਨੇ ਦੋਸ਼ ਲਗਾਇਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਰਾਜਨੀਤਿਕ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮੁੱਖ ਮੰਤਰੀ ਸੰਬੰਧੀ ਦਿੱਤੇ ਗਏ ਫ਼ੈਸਲੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸੰਬੰਧਿਤ ਪ੍ਰਸਤਾਵਿਤ ਕਾਨੂੰਨ ਨੂੰ ਲੈ ਕੇ ਸਰਕਾਰ ਦੀ ਹੋਈ ਵਿਆਪਕ ਆਲੋਚਨਾ ਤੋਂ ਬਾਅਦ ਸਰਕਾਰ ਬੁਰੀ ਤਰ੍ਹਾਂ ਘਬਰਾ ਗਈ ਹੈ ਅਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਵਿਰੋਧੀ ਧਿਰ ਖ਼ਾਸ ਕਰਕੇ ਭਾਜਪਾ ਦੇ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਹੈ ਅਤੇ ਦੇਸ਼ ਦੇ ਬਹੁਤੇ ਰਾਜਾਂ ਵਿਚ ਲੋਕ ਸੇਵਾ ਕਰ ਰਹੀ ਹੈ। ਪੰਜਾਬ ਸਰਕਾਰ ਭਾਜਪਾ ਨੂੰ ਨਿਸ਼ਾਨਾ ਬਣਾ ਕੇ ਆਪਣੀਆਂ ਰਾਜਨੀਤਿਕ ਨਾਕਾਮੀਆਂ ਨੂੰ ਲੁਕਾਉਣ ਦੀ ਅਸਫ਼ਲ ਕੋਸ਼ਿਸ਼ ਕਰ ਰਹੀ ਹੈ। ਸਾਂਪਲਾ ਨੇ ਕਿਹਾ ਕਿ ਪੰਜਾਬ ਅੱਜ ਨਸ਼ੇ, ਬੇਰੁਜ਼ਗਾਰੀ, ਵਿਗੜਦੀ ਕਾਨੂੰਨ-ਵਿਵਸਥਾ, ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਵਿਕਾਸ ਵਰਗੇ ਗੰਭੀਰ ਸੰਕਟਾਂ ਨਾਲ ਜੂਝ ਰਿਹਾ ਹੈ ਪਰ ਰਾਜ ਸਰਕਾਰ ਲੋਕਾਂ ਦੇ ਮੁੱਦਿਆਂ ਦੀ ਬਜਾਇ ਰਾਜਨੀਤਿਕ ਏਜੰਡਾ ਚਲਾਉਣ ਵਿਚ ਰੁੱਝੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੰਵਿਧਾਨ, ਨਿਆਂ ਪ੍ਰਣਾਲੀ ਅਤੇ ਕਾਨੂੰਨ ਦੇ ਰਾਜ ’ਤੇ ਪੂਰਾ ਵਿਸ਼ਵਾਸ ਹੈ। ਉਹ ਨਿਰਪੱਖ ਜਾਂਚ ਦਾ ਸਵਾਗਤ ਕਰਦੇ ਹਨ ਪਰ ਜਾਂਚ ਕਾਨੂੰਨ, ਪਾਰਦਰਸ਼ਤਾ ਅਤੇ ਕੁਦਰਤੀ ਨਿਆਂ ਦੇ ਸਿਧਾਂਤਾਂ ਅਨੁਸਾਰ ਹੋਣੀ ਚਾਹੀਦੀ ਹੈ। ਸੱਚਾਈ ਰਾਜਨੀਤਿਕ ਬਦਲੇ ਨਾਲ ਨਹੀਂ, ਸਗੋਂ ਨਿਰਪੱਖ ਜਾਂਚ ਅਤੇ ਤੱਥਾਂ ਨਾਲ ਸਾਹਮਣੇ ਆਉਂਦੀ ਹੈ।

ਪਿਛਲੀ ਖ਼ਬਰ ਪੁਲਿਸ ਨੇ 24 ਘੰਟਿਆਂ ਅੰਦਰ ਲਾਪਤਾ ਤਿੰਨ ਮਾਸੂਮ ਬੱਚਿਆਂ ਨੂੰ ਲੱਭ ਕੇ ਮਾਪਿਆਂ ਹਵਾਲੇ ਕੀਤਾ ਅਗਲੀ ਖ਼ਬਰ ਕਾਂਗਰਸ, ਭਾਜਪਾ ਤੇ ਅਕਾਲੀ ਦਲ (ਬ) ਨੇ ਮੁੱਖ ਮੰਤਰੀ ਨੂੰ ਘੇਰਨ ਲਈ ਟੀਮ ‘ਏ’,‘ਬੀ’, ‘ਸੀ’ ਬਣਾ ਲਈ-ਬਲਤੇਜ ਪੰਨੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।