11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਸਾਂਝੇ ਸੰਘਰਸ਼ ਦਾ ਐਲਾਨ

ਅਜੀਤ ਡੈਸਕ 26-06-2026

ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨੇ ਮੀਟਿੰਗ ’ਚ ਲਿਆ ਫ਼ੈਸਲਾ
ਚੰਡੀਗੜ੍ਹ, 25 ਜੂਨ (ਅਜਾਇਬ ਸਿੰਘ ਔਜਲਾ) – ਕਿਸਾਨ ਭਵਨ ਸੈਕਟਰ-35 ਏ, ਚੰਡੀਗੜ੍ਹ ਵਿਖੇ ਵੱਖ-ਵੱਖ ਕਿਸਾਨ, ਮਜ਼ਦੂਰ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਮਹੱਤਵਪੂਰਨ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਭਾਰਤ-ਅਮਰੀਕਾ ਪ੍ਰਸਤਾਵਿਤ ਵਪਾਰ ਸਮਝੌਤੇ ਦੇ ਕਿਸਾਨਾਂ, ਮਜ਼ਦੂਰਾਂ, ਪਸ਼ੂ ਪਾਲਕਾਂ, ਛੋਟੇ ਵਪਾਰੀਆਂ ਅਤੇ ਦੇਸ਼ ਦੀ ਖਾਦ ਅਤੇ ਆਰਥਿਕ ਸੰਪ੍ਰਭੁਤਾ ਉੱਤੇ ਪੈਣ ਵਾਲੇ ਸੰਭਾਵਿਤ ਨਾਕਾਰਾਤਮਕ ਪ੍ਰਭਾਵਾਂ ਬਾਰੇ ਗੰਭੀਰ ਚਰਚਾ ਕੀਤੀ ਗਈ। ਮੀਟਿੰਗ ਵਿਚ ਐੱਸ.ਕੇ.ਐੱਮ.(ਗੈਰ-ਰਾਜਨੀਤਿਕ), ਏ.ਕੇ.ਐੱਮ.ਪੰਜਾਬ ਫੋਰਮ (ਆਜ਼ਾਦ ਕਿਸਾਨ ਮੋਰਚਾ ਪੰਜਾਬ),ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਹਰਿਆਣਾ, ਰਾਸ਼ਟਰੀ ਕਿਸਾਨ ਮਹਾਸੰਘ,ਐਸ ਕੇ ਐਮ 32 ਜਥੇਬੰਦੀਆਂ,ਆਲ ਇੰਡੀਆ ਐੱਮ.ਐੱਸ.ਪੀ.ਮੋਰਚਾ ਸਮੇਤ ਵੱਖ-ਵੱਖ ਸੰਗਠਨਾਂ ਦੇ ਸਨਮਾਨਿਤ ਨੁਮਾਇੰਦਿਆਂ ਨੇ ਹਿੱਸਾ ਲਿਆ। ਮੀਟਿੰਗ ਵਿਚ ਹਰਿਆਣਾ, ਪੰਜਾਬ, ਰਾਜਸਥਾਨ, ਮਹਾਰਾਸ਼ਟਰ, ਕੇਰਲ, ਓਡੀਸ਼ਾ, ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼ ਆਦਿ ਕਈ ਰਾਜਾਂ ਤੋਂ ਕਿਸਾਨ ਨੁਮਾਇੰਦੇ ਮੌਜੂਦ ਰਹੇ।ਸਾਰੇ ਸੰਗਠਨਾਂ ਨੇ ਇਕਸੁਰ ਹੋ ਕੇ ਫ਼ੈਸਲਾ ਕੀਤਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਖ਼ਿਲਾਫ਼ ਵਿਆਪਕ ਪੱਧਰ ’ਤੇ ਸਾਂਝਾ ਸੰਘਰਸ਼ ਚਲਾਇਆ ਜਾਵੇਗਾ। ਮੀਟਿੰਗ ਵਿਚ ਅੱਗੇ ਦੀ ਰਣਨੀਤੀ ਤੈਅ ਕਰਨ ਲਈ 1 ਜੁਲਾਈ 2026 ਨੂੰ ਕਿਸਾਨ ਭਵਨ, ਸੈਕਟਰ-35 ਚੰਡੀਗੜ੍ਹ ਵਿਖੇ ਸਾਰੇ ਭਾਗੀਦਾਰ ਫੋਰਮਾਂ ਅਤੇ ਸੰਗਠਨਾਂ ਦੇ ਪੰਜ-ਪੰਜ ਪ੍ਰਮੁੱਖ ਨੁਮਾਇੰਦਿਆਂ ਦੀ ਮੀਟਿੰਗ ਬੁਲਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਸਰਵਣ ਸਿੰਘ ਪੰਧੇਰ, ਅਭਿਮਨਿਊ ਕੁਹਾੜ, ਜੰਗਵੀਰ ਸਿੰਘ ਚੌਹਾਨ, ਰਮਿੰਦਰ ਸਿੰਘ ਪਟਿਆਲਾ, ਮਨਜੀਤ ਸਿੰਘ ਰਾਏ, ਅਮਰਜੀਤ ਸਿੰਘ ਮੋੜੀ,ਕਾਕਾ ਸਿੰਘ ਕੋਟਲਾ, ਗੁਰਿੰਦਰ ਸਿੰਘ ਭੰਗੂ, ਸੁੱਖਾ ਗਿੱਲ (ਮੋਗਾ), ਸੁਖਜੀਤ ਸਿੰਘ ਹਰਦੋਝਾਂਡੇ ਤੋਂ ਇਲਾਵਾ ਸੁਖਜਿੰਦਰ ਸਿੰਘ ਖੋਸਾ, ਸੁਖਮਿੰਦਰ ਕੌਰ, ਜਤਿੰਦਰ ਜੀਤ ਅਤੇ ਹਰਨੇਕ ਆਦਿ ਨੇ ਵੀ ਸ਼ਮੂਲੀਅਤ ਕੀਤੀ।

ਪਿਛਲੀ ਖ਼ਬਰ ਭਾਰਤ-ਯੂ.ਕੇ. ਵਪਾਰ ਸਮਝੌਤਾ ਭਾਰਤ ਵਲੋਂ ਹੁਣ ਤੱਕ ਦਾ ਸਭ ਤੋਂ ਮਹੱਤਵਪੂਰਨ ਸਮਝੌਤਾ-ਪਿਊਸ਼ ਗੋਇਲ ਅਗਲੀ ਖ਼ਬਰ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਪੀ.ਬੀ.ਆਈ. ਵਲੋਂ ਨਵਾਂ ਸਰਕੂਲਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।