15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਯੂਰਪ ਵਿਚ ਪਾਬੰਦੀਸ਼ੁਦਾ ਕੀਟਨਾਸ਼ਕ ਭਾਰਤ ਵਿਚ ਸ਼ਰ੍ਹੇਆਮ ਵਰਤੇ ਜਾ ਰਹੇ

ਅਜੀਤ ਡੈਸਕ 23-06-2026

ਮੂਨਕ, 21 ਜੂਨ (ਕੇਵਲ ਸਿੰਗਲਾ) ਭਾਰਤ ਵਿਚ ਅੱਜ ਵੀ ਕਈ ਅਜਿਹੇ ਕੀਟਨਾਸ਼ਕ ਅਤੇ ਨਦੀਨਨਾਸ਼ਕ ਵਰਤੇ ਜਾ ਰਹੇ ਹਨ ਜਿਨ੍ਹਾਂ ‘ਤੇ ਯੂਰਪ ਤੇ ਦੁਨੀਆ ਦੇ ਕਈ ਦੇਸ਼ਾਂ ਵਿਚ ਪਾਬੰਦੀ ਲੱਗੀ ਹੋਈ ਹੈ ਜਾਂ ਉਨ੍ਹਾਂ ਦੀ ਵਰਤੋਂ ਸਖ਼ਤ ਨਿਯਮਾਂ ਅਧੀਨ ਕੀਤੀ ਜਾਂਦੀ ਹੈ । ਮਾਹਿਰਾਂ ਦਾ ਕਹਿਣਾ ਹੈ ਕਿ ਇਹ ਰਸਾਇਣ ਫਸਲਾਂ ਰਾਹੀਂ ਮਨੁੱਖੀ ਸਰੀਰ ਤੱਕ ਪਹੁੰਚਦੇ ਹਨ ਤੇ ਸਿਹਤ ਲਈ ਖ਼ਤਰਾ ਬਣ ਸਕਦੇ ਹਨ। ਰਿਪੋਰਟਾਂ ਅਨੁਸਾਰ ਮਈ 2024 ਤੋਂ ਮਈ 2026 ਤੱਕ ਯੂਰਪੀ ਯੂਨੀਅਨ ਦੇ ਦੇਸ਼ਾਂ ਨੇ ਭਾਰਤ ਤੋਂ ਭੇਜੇ ਗਏ 365 ਖੇਤੀ ਉਤਪਾਦਾਂ ਨੂੰ ਕੀਟਨਾਸ਼ਕਾਂ ਤੇ ਭਾਰੀ ਧਾਤਾਂ ਦੇ ਤੱਤ ਮਿਲਣ ਕਾਰਨ ਰੱਦ ਕੀਤਾ । ਇਸ ਨਾਲ ਭਾਰਤੀ ਖਾਦ ਸੁਰੱਖਿਆ ਪ੍ਰਣਾਲੀ ਉੱਤੇ ਸਵਾਲ ਖੜ੍ਹੇ ਹੋਏ ਹਨ। ਪੈਰਾਕੁਆਟ ਨਦੀਨਨਾਸ਼ਕ ‘ਤੇ 74 ਦੇਸ਼ਾਂ ਵਿਚ ਪਾਬੰਦੀ ਹੈ, ਪਰ ਭਾਰਤ ਵਿਚ ਇਸ ਦੀ ਵਰਤੋਂ ਜਾਰੀ ਹੈ। ਖੋਜਾਂ ਅਨੁਸਾਰ ਇਸ ਨਾਲ ਫੇਫੜਿਆਂ, ਗੁਰਦਿਆਂ ਤੇ ਪਾਰਕਿੰਸਨ ਰੋਗ ਦਾ ਖ਼ਤਰਾ ਵਧ ਸਕਦਾ ਹੈ। ਇਸੇ ਤਰ੍ਹਾਂ ਗਲਾਈਫੋਸੇਟ ਨੂੰ 2015 ਵਿਚ ਵਿਸ਼ਵ ਸਿਹਤ ਸੰਸਥਾ ਦੀ ਕੈਂਸਰ ਖੋਜ ਏਜੰਸੀ ਨੇ “ਸੰਭਾਵਿਤ ਕੈਂਸਰਕਾਰਕ” ਕਰਾਰ ਦਿੱਤਾ ਸੀ, ਫਿਰ ਵੀ ਇਸ ਦੀ ਵਰਤੋਂ ਅਤੇ ਵਿਕਰੀ ਜਾਰੀ ਹੈ। ਪੰਜਾਬ ਵਿਚ ਇਸ ਦੀ ਵਿਕਰੀ ‘ਤੇ ਸਖ਼ਤ ਪਾਬੰਦੀਆਂ ਹਨ, ਪਰ ਹਰਿਆਣਾ ਸਮੇਤ ਕਈ ਹੋਰ ਸੂਬਿਆਂ ਵਿਚ ਇਹ ਖੁੱਲ੍ਹੇਆਮ ਮਿਲ ਰਿਹਾ ਹੈ। ਨਦੀਨਨਾਸ਼ਕ 2, 4-ਡੀ ਬਾਰੇ ਵੀ ਸਿਹਤ ਮਾਹਿਰ ਲੰਬੇ ਸਮੇਂ ਦੇ ਪ੍ਰਭਾਵਾਂ ਨੂੰ ਲੈ ਕੇ ਚਿੰਤਾ ਜ਼ਾਹਿਰ ਕਰਦੇ ਰਹੇ ਹਨ। ਇਸ ਦੀ ਵਰਤੋਂ ਬਾਰੇ ਕਈ ਦੇਸ਼ਾਂ ਵਿਚ ਸਖ਼ਤ ਪਾਬੰਦੀਆਂ ਹਨ, ਪਰ ਭਾਰਤ ਵਿਚ ਇਹ ਅਜੇ ਵੀ ਆਮ ਤੌਰ ‘ਤੇ ਵਰਤਿਆ ਜਾ ਰਿਹਾ ਹੈ। ਬਾਸਮਤੀ ਚੌਲਾਂ ਵਿਚ ਕੀਟਨਾਸ਼ਕਾਂ ਦੀ ਵੱਧ ਮਾਤਰਾ ਮਿਲਣ ਕਾਰਨ ਯੂਰਪੀ ਦੇਸ਼ਾਂ ਵਲੋਂ ਕਈ ਵਾਰ ਸੈਂਪਲ ਫੇਲ੍ਹ ਕੀਤੇ ਜਾਂਦੇ ਹਨ, ਜਿਸ ਦਾ ਨੁਕਸਾਨ ਬਰਾਮਦਕਾਰਾਂ ਨੂੰ ਝੱਲਣਾ ਪੈਂਦਾ ਹੈ। ਇਸੇ ਕਾਰਨ ਪੰਜਾਬ ਖੇਤੀਬਾੜੀ ਵਿਭਾਗ ਵਲੋਂ ਹਰ ਸਾਲ ਬਾਸਮਤੀ ਝੋਨੇ ’ਤੇ ਕੁਝ ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦੀ ਵਰਤੋਂ ’ਤੇ ਪਾਬੰਦੀ ਲਗਾਈ ਜਾਂਦੀ ਹੈ, ਪਰ ਗੈਰ-ਕਾਨੂੰਨੀ ਵਿਕਰੀ ਕਾਰਨ ਇਸ ਦਾ ਪੂਰਾ ਅਸਰ ਨਹੀਂ ਦਿਖਾਈ ਦਿੰਦਾ । ਭਾਰਤੀ ਚਿਕਿਤਸਾ ਖੋਜ ਸੰਸਥਾ ਅਨੁਸਾਰ 2022 ਵਿਚ ਭਾਰਤ ਵਿਚ ਲਗਭਗ 14.6 ਲੱਖ ਨਵੇਂ ਕੈਂਸਰ ਮਾਮਲੇ ਦਰਜ ਹੋਏ ਸਨ । ਕੇਂਦਰ ਸਰਕਾਰ ਦਾ ਅਨੁਮਾਨ ਹੈ ਕਿ 2025 ਤੱਕ ਇਹ ਗਿਣਤੀ 15.7 ਲੱਖ ਤੱਕ ਪਹੁੰਚ ਸਕਦੀ ਹੈ । ਸਿਹਤ ਸਬੰਧੀ ਚਿੰਤਕਾਂ ਦਾ ਕਹਿਣਾ ਹੈ ਇਸ ਮੁਸ਼ਕਿਲ ਦਾ ਹੱਲ ਵਿਗਿਆਨਕ ਖੋਜਾਂ, ਕਿਸਾਨਾਂ ਦੀਆਂ ਜ਼ਰੂਰਤਾਂ ਅਤੇ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੱਢਿਆ ਜਾਣਾ ਚਾਹੀਦਾ ਹੈ ।

ਪਿਛਲੀ ਖ਼ਬਰ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹੇਗੀ-ਸੰਤ ਬਾਬਾ ਨਿਹਾਲ ਸਿੰਘ ਅਗਲੀ ਖ਼ਬਰ ਹਰਦੇਵ ਸਿੰਘ ਸੰਧੂ ਨੂੰ ਫਾਰਗ ਕਰਨ ਤੋਂ ਬਾਅਦ ਰਘਬੀਰ ਸਿੰਘ ਮਹਿਰਵਾਲਾ ਕਿਰਤੀ ਕਿਸਾਨ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਬਣੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।