04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਲਾਲੜੂ ਦੇ ਯੂਨੀਵਰਸਲ ਗਰੁੱਪ ਨੇ ਪੰਚਾਇਤੀ ਜ਼ਮੀਨ ’ਤੇ ਕਰੋੜਾਂ ਰੁਪਏ ਦਾ ਕਰਜ਼ਾ ਲੈ ਕੇ ਕੀਤਾ ਘੁਟਾਲਾ

ਅਜੀਤ ਡੈਸਕ 19-06-2026

ਯੂਨੀਵਰਸਲ ਗਰੁੱਪ ਦੇ ਮਾਲਕ, ਸਾਬਕਾ ਸਰਪੰਚ ਅਤੇ ਦੋ ਸਾਬਕਾ ਪੰਚਾਂ ਖ਼ਿਲਾਫ਼ ਮਾਮਲਾ ਦਰਜ
ਡੇਰਾਬੱਸੀ, 18 ਜੂਨ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਬਲਾਕ ਦੇ ਪਿੰਡ ਬੱਲੋਪੁਰ ਵਿਖੇ ਯੂਨੀਵਰਸਲ ਐਜੂਕੇਸ਼ਨ ਸੁਸਾਇਟੀ ਵਲੋਂ ਪਿੰਡ ਦੀ ਸਾਂਝੀ ਸ਼ਾਮਲਾਟ ਜ਼ਮੀਨ ਨੂੰ ਮੋਹਰਾ ਬਣਾ ਕੇ ਕਰੋੜਾਂ ਰੁਪਏ ਦਾ ਕਰਜ਼ਾ ਲੈ ਕੇ ਘੁਟਾਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਨਿਯਮਾਂ ਤੇ ਲੀਜ਼ ਦੀਆਂ ਸ਼ਰਤਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਕੀਤੀ ਗਈ ਇਸ ਧੋਖਾਧੜੀ ਦੇ ਮਾਮਲੇ ‘ਚ ਪੰਚਾਇਤ ਵਿਭਾਗ ਵਲੋਂ ਕੀਤੀ ਗਈ ਕਾਰਵਾਈ ਦੇ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਦੇ ਨਿਰਦੇਸ਼ਾਂ ‘ਤੇ ਮੁਲਜ਼ਮਾਂ ‘ਚ ਯੂਨੀਵਰਸਲ ਕਾਲਜ ਦੇ ਮਾਲਕ ਤੇ ਮੁੱਖ ਸੂਤਰਧਾਰ ਗੁਰਪ੍ਰੀਤ ਸਿੰਘ, ਪਿੰਡ ਦੀ ਸਾਬਕਾ ਸਰਪੰਚ ਛੋਟੀ ਦੇਵੀ ਅਤੇ ਸਾਬਕਾ ਪੰਚ ਮਾਨ ਸਿੰਘ ਤੇ ਸੋਹਣ ਲਾਲ ਦੇ ਨਾਂਅ ਸ਼ਾਮਿਲ ਹਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਇਸ ਘੁਟਾਲੇ ਦੀ ਸ਼ਿਕਾਇਤ ਵਿਜੀਲੈਂਸ ਨੂੰ ਦਿੱਤੀ ਗਈ ਸੀ, ਜਿਸ ਮਗਰੋਂ ਪੰਚਾਇਤੀ ਵਿਭਾਗ ਵਲੋਂ ਇਹ ਕਾਰਵਾਈ ਅਮਲ ‘ਚ ਲਿਆਂਦੀ ਗਈ। ਜਾਣਕਾਰੀ ਮੁਤਾਬਿਕ ਰਿਕਾਰਡ ਅਤੇ ਸਰਕਾਰੀ ਫਾਈਲ ਅਨੁਸਾਰ ਗ੍ਰਾਮ ਪੰਚਾਇਤ ਪਿੰਡ ਬੱਲੋਪੁਰ ਨੇ 68 ਵਿੱਘੇ 14 ਬਿਸਵੇ ਸ਼ਾਮਲਾਟ ਜ਼ਮੀਨ ਯੂਨੀਵਰਸਲ ਐਜੂਕੇਸ਼ਨ ਸੁਸਾਇਟੀ ਨੂੰ 33 ਸਾਲਾਂ ਲਈ ਲੀਜ਼ ‘ਤੇ ਦਿੱਤੀ ਸੀ। ਇਸ ਸੰਬੰਧੀ 4 ਫਰਵਰੀ 2009 ਨੂੰ ਵਿੱਤ ਕਮਿਸ਼ਨਰ ਅਤੇ ਪ੍ਰਮੁੱਖ ਸਕੱਤਰ ਵਲੋਂ ਹੁਕਮ ਜਾਰੀ ਕੀਤੇ ਗਏ ਸਨ, ਜਿਸ ਦੀ ਸ਼ਰਤ ਨੰ. 13 ਦੇ ਤਹਿਤ ਸੁਸਾਇਟੀ ਨੂੰ ਸਿਰਫ਼ ਇਮਾਰਤ ਦੀ ਉਸਾਰੀ ਅਤੇ ਬਿਲਡਿੰਗ ਬਣਾਉਣ ਲਈ ਹੀ ਉਕਤ ਜ਼ਮੀਨ ‘ਤੇ ਕਰਜ਼ਾ ਲੈਣ ਦਾ ਅਧਿਕਾਰ ਦਿੱਤਾ ਗਿਆ ਸੀ, ਪਰ ਯੂਨੀਵਰਸਲ ਗਰੁੱਪ ਦੇ ਮਾਲਕ ਅਤੇ ਪੰਚਾਇਤ ਮੈਂਬਰਾਂ ਨੇ ਆਪਸ ‘ਚ ਮਿਲੀਭੁਗਤ ਕਰਕੇ ਸਰਕਾਰੀ ਜ਼ਮੀਨ ਦੀ ਨਾਜਾਇਜ਼ ਵਰਤੋਂ ਕੀਤੀ ਅਤੇ ਇਸ ਲੀਜ਼ ਡੀਡ ਦਾ ਸਹਾਰਾ ਲੈ ਕੇ ਬੈਂਕਾਂ ਤੋਂ ਕਰੀਬ 46 ਕਰੋੜ ਰੁ. ਦਾ ਕਰਜ਼ਾ ਹਾਸਿਲ ਕਰਕੇ ਸਰਕਾਰ ਅਤੇ ਪਿੰਡ ਦੇ ਲੋਕਾਂ ਦੀ ਸਾਂਝੀ ਜ਼ਮੀਨ ਨਾਲ ਬਹੁਤ ਵੱਡੀ ਧੋਖਾਧੜੀ ਕੀਤੀ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ (ਡੀ. ਡੀ. ਪੀ. �.) ਮੁਹਾਲੀ ਵਲੋਂ ਇਕ ਦਰਖਾਸਤ ਕਾਰਵਾਈ ਕਰਨ ਲਈ ਸਿਫ਼ਾਰਸ਼ ਕੀਤੀ ਗਈ। ਇਸ ਤੋਂ ਬਾਅਦ ਜ਼ਿਲ੍ਹਾ ਅਟਾਰਨੀ ਤੋਂ ਕਾਨੂੰਨੀ ਰਾਏ ਲੈਣ ਉਪਰੰਤ ਪੁਲਿਸ ਵਲੋਂ ਧੋਖਾਧੜੀ ਕਰਨ ਅਤੇ ਬੇਈਮਾਨੀ ਨਾਲ ਸੰਪਤੀ ਹੜੱਪਣ, ਜਨਤਾ ਜਾਂ ਸਰਕਾਰ ਨਾਲ ਵਿਸ਼ਵਾਸਘਾਤ ਕਰਨ, ਫ਼ਰਜ਼ੀ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਨ, ਜਾਅਲੀ ਦਸਤਾਵੇਜ਼ਾਂ ਨੂੰ ਅਸਲੀ ਵਜੋਂ ਵਰਤ ਕੇ ਧੋਖਾ ਦੇਣ ਅਤੇ ਘੁਟਾਲੇ ਦੀ ਆਪਸੀ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਪਿਛਲੀ ਖ਼ਬਰ ਸੋਨੇ ਦੀ ਦਰਾਮਦ 70 ਫ਼ੀਸਦੀ ਘਟੀ ਅਗਲੀ ਖ਼ਬਰ ਬਿਜਲੀ ਮੰਤਰੀ ਦੀ ਰਿਹਾਇਸ਼ ਦੇ ਬਾਹਰ ਚੌਥੇ ਦਿਨ ਵੀ ਜਾਰੀ ਰਿਹਾ ਬਿਜਲੀ ਆਊਟਸੋਰਸ ਕਾਮਿਆਂ ਦਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।