18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਦੇਸ਼ ਭਰ 'ਚ ਕਪਾਹ ਦੀ 'ਚਮਕ' ਪਰ ਪੰਜਾਬ ਅੰਦਰ 'ਚਿੱਟੇ ਸੋਨੇ' ਦਾ 'ਕਾਲਾ ਦੌਰ' <br/>

ਅਜੀਤ ਡੈਸਕ 06-06-2026
ਬਠਿੰਡਾ, 5 ਜੂਨ (ਸੱਤਪਾਲ ਸਿੰਘ ਸਿਵੀਆਂ)- ਭਾਰਤ ਅੰਦਰ ਕਪਾਹ ਅਜੇ ਵੀ ਸਭ ਤੋਂ ਮਹੱਤਵਪੂਰਨ ਫ਼ਸਲਾਂ 'ਚੋਂ ਇਕ ਹੈ ਅਤੇ ਦੇਸ਼ ਦੇ ਕੁਲ ਕਪਾਹ ਉਤਪਾਦਨ ਦਾ ਵੱਡਾ ਹਿੱਸਾ ਗੁਜਰਾਤ, ਮਹਾਂਰਾਸ਼ਟਰ, ਤੇਲੰਗਾਨਾ, ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼ ਤੋਂ ਆਉਂਦਾ ਹੈ | ਜਿਥੇ ਦੇਸ਼ ਦੇ ਉਕਤ ਵੱਡੇ ਕਪਾਹ ਉਤਪਾਦਕ ਸੂਬੇ ਕਪਾਹ ਦੀ ਚਮਕ ਨੂੰ ਬਰਕਰਾਰ ਰੱਖਣ ਲਈ ਕਪਾਹ ਦੀ ਖੇਤੀ ਹੇਠਾਂ ਰਕਬਾ ਬਰਕਰਾਰ ਰੱਖਣ ਜਾਂ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਥੇ ਪੰਜਾਬ ਵਿਚ ਕਪਾਹ ਦੀ ਖੇਤੀ ਲਗਾਤਾਰ ਸਿਮਟਦੀ ਜਾ ਰਹੀ ਹੈ | ਪੰਜਾਬ ਦਾ 'ਚਿੱਟਾ ਸੋਨਾ' ਪਿਛਲੇ ਕਈ ਸਾਲਾਂ ਤੋਂ 'ਕਾਲੇ ਦੌਰ' 'ਚ ਹੈ, ਜਿੱਥੇ ਚਿੱਟੀ ਮੱਖੀ, ਗੁਲਾਬੀ ਸੁੰਡੀ, ਮਾੜੇ ਬੀਜਾਂ-ਖਾਦਾਂ, ਮੌਸਮੀ ਮਾਰਾਂ ਤੇ ਲੰਬੇ ਸਮੇਂ ਤੋਂ ਉੱਤਮ ਬੀਜਾਂ ਘਾਟ ਅਤੇ ਸਰਕਾਰ ਦੀ ਇਸ ਪਾਸੇ ਵੱਲ ਗੰਭੀਰਤਾ ਨਾ ਹੋਣ ਕਰਕੇ ਪੰਜਾਬ ਅੰਦਰ ਕਪਾਹ ਦੀ ਖੇਤੀ ਹੇਠਾਂ ਰਕਬਾ ਕਰੀਬ 90 ਫ਼ੀਸਦੀ ਤੱਕ ਘਟ ਗਿਆ ਹੈ | ਪੰਜਾਬ ਸਰਕਾਰ ਵਲੋਂ ਚਾਲੂ ਖਰੀਫ਼ ਸੀਜ਼ਨ ਦੌਰਾਨ ਸੂਬੇ ਅੰਦਰ 1.25 ਲੱਖ ਹੈਕਟੇਅਰ ਵਿਚ ਕਪਾਹ ਬਿਜਾਈ ਦਾ ਟੀਚਾ ਰੱਖਿਆ ਗਿਆ ਹੈ ਪਰ ਹੁਣ ਤੱਕ ਸਿਰਫ਼ 70 ਹਜ਼ਾਰ ਹੈਕਟੇਅਰ ਰਕਬੇ ਵਿਚ ਹੀ ਕਪਾਹ ਦੀ ਬਿਜਾਈ ਹੋਈ ਹੈ, ਜੋ ਟੀਚੇ ਦਾ ਸਿਰਫ਼ 56 ਫ਼ੀਸਦੀ ਬਣਦਾ ਹੈ | ਦੇਸ਼ ਦੀ 'ਕਾਟਨ ਬੈਲਟ' ਵਜੋਂ ਮਸ਼ਹੂਰ ਰਹੇ ਪੰਜਾਬ ਦੇ ਬਠਿੰਡਾ, ਮਾਨਸਾ, ਫ਼ਾਜ਼ਿਲਕਾ, ਅਬੋਹਰ, ਮੁਕਤਸਰ ਅਤੇ ਫ਼ਰੀਦਕੋਟ ਜ਼ਿਲੇ੍ਹ 'ਚ ਕਪਾਹ ਕਦੇ ਮੁੱਖ ਫ਼ਸਲ ਸੀ, ਜਿੱਥੇ 1990 ਅਤੇ 2000 ਦੇ ਦਹਾਕੇ ਵਿਚ ਕਪਾਹ ਦਾ ਰਕਬਾ 6 ਤੋਂ 8 ਲੱਖ ਹੈਕਟੇਅਰ ਤੱਕ ਪਹੁੰਚ ਜਾਂਦਾ ਸੀ ਪਰ 2015 ਵਿਚ ਚਿੱਟੀ ਮੱਖੀ ਦੇ ਭਿਆਨਕ ਹਮਲੇ ਨੇ ਕਪਾਹ ਦੀ ਫ਼ਸਲ ਨੂੰ ਤਬਾਹ ਕਰ ਦਿੱਤਾ ਤੇ ਇਹ ਰਕਬਾ ਘਟ ਕੇ 70 ਹੈਕਟੇਅਰ 'ਤੇ ਆ ਗਿਆ | ਬੇਸ਼ੱਕ ਪੰਜਾਬ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਝੋਨੇ ਦੇ ਬਦਲ ਵਜੋਂ ਕਪਾਹ ਦੀ ਖੇਤੀ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਬੀਜਾਂ 'ਤੇ 33 ਫ਼ੀਸਦੀ ਸਬਸਿਡੀ ਵੀ ਦਿੱਤੀ ਜਾ ਰਹੀ ਹੈ ਪਰ ਫਿਰ ਵੀ ਕਿਸਾਨਾਂ ਦਾ ਉਤਸ਼ਾਹ ਠੰਢਾ ਦਿਖਾਈ ਦੇ ਰਿਹਾ ਹੈ | ਇਕ ਸਮੇਂ ਪੰਜਾਬ 'ਚ 425 ਜਿਨਿੰਗ ਅਤੇ ਪ੍ਰੈਸਿੰਗ ਯੂਨਿਟਾਂ ਕੰਮ ਕਰਦੀਆਂ ਸਨ, ਜੋ ਘਟ ਕੇ ਸਿਰਫ਼ 22 ਕੁ ਰਹਿ ਗਈਆਂ ਹਨ ਤੇ ਇਨ੍ਹਾਂ 'ਚੋਂ ਵੀ ਕੁਝ ਉਧਾਰੇ ਸਾਹਾਂ 'ਤੇ, ਭਾਵ ਬੰਦ ਹੋਣ ਕਿਨਾਰੇ ਹਨ |
ਸਰਕਾਰ ਨੇ 4 ਸਾਲਾਂ 'ਚ ਸਾਡੀ ਗੱਲ ਨਹੀਂ ਸੁਣੀ
ਪੰਜਾਬ ਕਪਾਹ ਉਦਯੋਗ ਦੇ ਆਗੂ ਭਗਵਾਨ ਦਾਸ ਬਾਂਸਲ ਮੁਕਤਸਰ ਨੇ ਕਿਹਾ ਕਿ ਪੰਜਾਬ 'ਚ ਮੁੜ ਚਿੱਟੇ ਸੋਨੇ ਦੀ ਚਮਕ ਲਿਆਉਣ ਲਈ ਮਾਨ ਸਰਕਾਰ ਨੂੰ ਬ੍ਰਾਂਜ਼ੀਲ ਵਰਗੇ ਮੁਲਕਾਂ ਦੀ ਤਰਜ਼ 'ਤੇ ਚੱਲਣਾ ਪਵੇਗਾ ਤੇ ਗੁਲਾਬੀ ਸੁੰਡੀ ਦੀ ਕਾਟ ਤੋਂ ਦੂਰ ਬਹੁਤ ਹੀ ਮਿਆਰੀ ਬੀਜ ਲਿਆਉਣ ਦੀ ਲੋੜ ਹੈ, ਜਿਸ ਬਾਰੇ ਬੈਠ ਕੇ ਗੱਲਬਾਤ ਕਰਨ ਲਈ ਉਹ ਮੁੱਖ ਮੰਤਰੀ ਤੋਂ ਲਗਾਤਾਰ ਸਮਾਂ ਮੰਗ ਰਹੇ ਹਨ ਪਰ ਸਰਕਾਰ ਨੇ ਪਿਛਲੇ 4 ਸਾਲਾਂ ਦੌਰਾਨ ਸਾਡੀ ਗੱਲ ਹੀ ਨਹੀਂ ਸੁਣੀ | ਬਾਂਸਲ ਨੇ ਕਿਹਾ ਕਿ ਪੰਜਾਬ ਨੂੰ ਮੁੜ 'ਕਾਟਨ ਬੈਲਟ' ਬਣਾਉਣ ਲਈ ਸਰਕਾਰ ਨੂੰ ਤੁਰੰਤ ਠੋਸ ਕਦਮ ਚੁੱਕਣ ਦੀ ਲੋੜ ਹੈ |

ਪਿਛਲੀ ਖ਼ਬਰ ਮੰਡੀ ਗੋਬਿੰਦਗੜ੍ਹ ਤੇ ਖੰਨਾ 'ਚ ਲੋਹੇ 'ਤੇ ਕਰ ਚੋਰੀ ਮਾਮਲੇ 'ਚ 7 ਕਰੋੜ ਦਾ ਸਾਮਾਨ ਜ਼ਬਤ <br/> ਅਗਲੀ ਖ਼ਬਰ ਬਿਜਲੀ ਨਿਗਮ ਦੇ ਮੁੱਖ ਦਫਤਰ ਅੱਗੇ ਸੰਘਰਸ਼ ਕਰ ਰਹੇ ਆਈ.ਟੀ.ਆਈ. ਪਾਸ ਨੌਜਵਾਨਾਂ 'ਤੇ ਪੁਲਿਸ ਨੇ ਫੇਰਿਆ ਡੰਡਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।