ਕੈਡਿਟ ਸੁਖਰਾਜ ਸਿੰਘ ਅਤੇ ਜਸਨੂਰ ਸਿੰਘ ਨੇ ਪੰਜਾਬ ਦਾ ਮਾਣ ਵਧਾਇਆ-ਅਮਨ ਅਰੋੜਾ
ਐੱਸ. ਏ. ਐੱਸ. ਨਗਰ, 3 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਦੇ 10ਵੇਂ ਕੋਰਸ ਦੇ 2 ਕੈਡਿਟਾਂ ਨੇ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ-2 ਪ੍ਰੀਖਿਆ ਵਿਚ ਆਲ-ਇੰਡੀਆ ਦੂਜਾ ਤੇ ਛੇਵਾਂ ਰੈਂਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਾਪਤੀ ਦਰਜ ਕੀਤੀ ਹੈ | ਇਸ ਵੱਕਾਰੀ ਪ੍ਰਾਪਤੀ ਵਜੋਂ ਜ਼ਿਲ੍ਹਾ ਰੋਪੜ ਦੇ ਸਰਕਾਰੀ ਸਕੂਲ ਦੇ ਅਧਿਆਪਕ ਦੇ ਪੁੱਤਰ ਸੁਖਰਾਜ ਸਿੰਘ ਹੀਰਾ ਨੇ ਪੂਰੇ ਦੇਸ਼ 'ਚੋਂ ਦੂਜਾ ਤੇ ਪਠਾਨਕੋਟ ਦੇ ਕੈਡਿਟ ਜਸਨੂਰ ਸਿੰਘ ਨੇ 6ਵਾਂ ਰੈਂਕ ਪ੍ਰਾਪਤ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਜ਼ਿਕਰਯੋਗ ਹੈ ਕਿ ਦੋਵੇਂ ਕੈਡਿਟ ਇਸ ਮਹੀਨੇ ਦੇ ਅੰਤ 'ਚ ਸ਼ੁਰੂ ਹੋਣ ਵਾਲੇ ਕੰਬਾਈਨਡ ਡਿਫੈਂਸ ਸਰਵਿਸਿਜ਼ ਕੋਰਸਾਂ ਲਈ ਪਹਿਲਾਂ ਹੀ ਚੁਣੇ ਜਾ ਚੁੱਕੇ ਹਨ | ਸੀ. ਡੀ. ਐਸ. ਮੈਰਿਟ ਸੂਚੀ 'ਚ ਜਸਨੂਰ ਸਿੰਘ ਨੇ ਹਵਾਈ ਸੈਨਾ ਸ਼੍ਰੇਣੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਜਦਕਿ ਸੁਖਰਾਜ ਸਿੰਘ ਹੀਰਾ ਨੇ ਆਰਮੀ ਦੀ ਮੈਰਿਟ ਸੂਚੀ ਵਿਚ ਚੌਥਾ ਸਥਾਨ ਪ੍ਰਾਪਤ ਕੀਤਾ ਹੈ | ਉਕਤ ਦੋਵਾਂ ਕੈਡਿਟਾਂ ਨੂੰ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਪ੍ਰਾਪਤੀ ਪੰਜਾਬ ਦੇ ਨੌਜਵਾਨਾਂ ਦੀ ਪ੍ਰਤਿਭਾ ਤੇ ਦਿ੍ੜਤਾ ਦਾ ਸੱਪਸ਼ਟ ਸਬੂਤ ਹੈ | ਉਨ੍ਹਾਂ ਕਿਹਾ ਕਿ ਸੁਖਰਾਜ ਸਿੰਘ ਅਤੇ ਜਸਨੂਰ ਸਿੰਘ ਨੇ ਪੂਰੇ ਸੂਬੇ ਦਾ ਮਾਣ ਵਧਾਇਆ ਹੈ | ਇਸ ਵੱਕਾਰੀ ਪ੍ਰਾਪਤੀ ਲਈ ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ, ਵੀ. ਐਸ. ਐਮ. (ਸੇਵਾ ਮੁਕਤ) ਨੇ ਦੋਵਾਂ ਕੈਡਿਟਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਦੇ ਲਗਭਗ 24 ਕੈਡਿਟਾਂ ਨੂੰ ਦੇਸ਼ ਭਰ ਦੀਆਂ ਸਿਖਲਾਈ ਅਕੈਡਮੀਆਂ ਵਿਚ ਜਲਦੀ ਹੀ ਸ਼ੁਰੂ ਹੋਣ ਵਾਲੇ ਕੋਰਸਾਂ ਲਈ ਜੁਆਇਨਿੰਗ ਲੈਟਰ ਪ੍ਰਾਪਤ ਹੋਣ ਦੀ ਪ੍ਰਕਿਰਿਆ ਚੱਲ ਰਹੀ ਹੈ |
ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 2 ਕੈਡਿਟਾਂ ਨੇ ਏ.ਐਫ.ਸੀ.ਏ.ਟੀ. 'ਚ ਦੇਸ਼ ਭਰ 'ਚੋਂ ਹਾਸਿਲ ਕੀਤਾ ਦੂਜਾ ਤੇ ਛੇਵਾਂ ਰੈਂਕ
ਅਜੀਤ ਡੈਸਕ
04-06-2026