ਪਟਿਆਲਾ, 2 ਜੂਨ (ਗੁਰਵਿੰਦਰ ਸਿੰਘ ਔਲਖ)-ਐਥਨੋਲ ਉਤਪਾਦਨ, ਪੋਲਟਰੀ ਫੀਡ ਅਤੇ ਖ਼ੁਰਾਕ ਪ੍ਰੋਸੈਸਿੰਗ ਉਦਯੋਗ ਵਿਚ ਵੱਧਦੀ ਖਪਤ ਕਾਰਨ ਮੱਕੀ ਦੀ ਮੰਗ ਨਵੇਂ ਪੱਧਰਾਂ ਵੱਲ ਵੱਧ ਰਹੀ ਹੈ | ਇਕ ਸਮੇਂ ਮੁੱਖ ਤੌਰ 'ਤੇ ਚਾਰੇ ਅਤੇ ਸੀਮਤ ਖੁਰਾਕੀ ਵਰਤੋਂ ਵਾਲੀ ਮੰਨੀ ਜਾਣ ਵਾਲੀ ਇਹ ਫ਼ਸਲ ਹੁਣ ਦੇਸ਼ ਦੇ ਉਦਯੋਗਿਕ ਅਤੇ ਊਰਜਾ ਖੇਤਰ ਦੀ ਅਹਿਮ ਲੋੜ ਬਣ ਗਈ ਹੈ | ਇਸੇ ਕਾਰਨ ਪੰਜਾਬ ਸਰਕਾਰ ਵਲੋਂ ਵੀ ਇਸ ਸੀਜ਼ਨ ਦੌਰਾਨ ਲਗਭਗ 20 ਹਜ਼ਾਰ ਹੈਕਟੇਅਰ ਵਾਧੂ ਰਕਬਾ ਮੱਕੀ ਹੇਠ ਲਿਆਉਣ ਦਾ ਟੀਚਾ ਰੱਖਿਆ ਹੈ | ਕੇਂਦਰ ਸਰਕਾਰ ਦੇ ਐਥਨੋਲ ਮਿਸ਼ਰਨ ਪ੍ਰੋਗਰਾਮ ਨੇ ਮੱਕੀ ਦੀ ਮੰਗ ਨੂੰ ਨਵਾਂ ਹੁਲਾਰਾ ਦਿੱਤਾ ਹੈ | ਪੈਟਰੋਲ ਵਿਚ ਐਥਨੋਲ ਦੀ ਮਾਤਰਾ ਵਧਾਉਣ ਦੀ ਨੀਤੀ ਤਹਿਤ ਮੱਕੀ ਨੂੰ ਐਥਨੋਲ ਉਤਪਾਦਨ ਲਈ ਪ੍ਰਮੁੱਖ ਕੱਚੇ ਮਾਲ ਵਜੋਂ ਵਰਤਿਆ ਜਾ ਰਿਹਾ ਹੈ | ਦੇਸ਼ ਭਰ ਵਿਚ ਸਥਾਪਤ ਹੋ ਰਹੀਆਂ ਨਵੀਆਂ ਡਿਸਟਿਲਰੀਆਂ ਵੀ ਮੱਕੀ ਦੀ ਖਪਤ ਵਿਚ ਵਾਧੇ ਦਾ ਕਾਰਨ ਬਣ ਰਹੀਆਂ ਹਨ, ਜਿਸ ਕਾਰਨ ਕਿਸਾਨਾਂ ਤੇ ਵਪਾਰੀਆਂ ਦੀ ਇਸ ਫ਼ਸਲ ਪ੍ਰਤੀ ਦਿਲਚਸਪੀ ਵਧੀ ਹੈ | ਮੱਕੀ ਦੀ ਸਭ ਤੋਂ ਵੱਧ ਖਪਤ ਪੋਲਟਰੀ ਉਦਯੋਗ ਵਿਚ ਹੁੰਦੀ ਹੈ ਕਿਉਂਕਿ ਬਰਾਇਲਰ ਤੇ ਲੇਅਰ ਫੀਡ ਦਾ ਵੱਡਾ ਹਿੱਸਾ ਮੱਕੀ ਤੋਂ ਤਿਆਰ ਕੀਤਾ ਜਾਂਦਾ ਹੈ | ਇਸ ਤੋਂ ਇਲਾਵਾ ਸਟਾਰਚ ਉਦਯੋਗ ਵਿਚ ਮੱਕੀ ਤੋਂ ਗਲੂਕੋਜ਼ ਅਤੇ ਕੌਰਨ ਸਿਰਪ ਤਿਆਰ ਕੀਤਾ ਜਾਂਦਾ ਹੈ, ਜਿਨ੍ਹਾਂ ਦੀ ਵਰਤੋਂ ਬਿਸਕੁਟ, ਬੇਕਰੀ ਉਤਪਾਦਾਂ, ਮਿਠਾਈਆਂ, ਸਾਫਟ ਡਰਿੰਕਸ ਤੇ ਹੋਰ ਪ੍ਰੋਸੈਸਡ ਖੁਰਾਕੀ ਵਸਤਾਂ ਵਿਚ ਕੀਤੀ ਜਾਂਦੀ ਹੈ | ਕੌਰਨ ਆਇਲ, ਬਾਇਓ-ਪਲਾਸਟਿਕ, ਕਾਗਜ਼, ਕਾਸਮੈਟਿਕਸ ਤੇ ਦਵਾਈ ਉਦਯੋਗ ਵਿਚ ਵੀ ਮੱਕੀ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ | ਮੱਕੀ ਲਈ ਪਾਣੀ ਲੋੜ ਸੰਬੰਧੀ ਕਿਸਾਨਾਂ ਵਿਚ ਵੱਖ-ਵੱਖ ਧਾਰਨਾਵਾਂ ਮੌਜੂਦ ਹਨ | ਰਾਜ ਪੱਧਰੀ ਸਨਮਾਨ ਪ੍ਰਾਪਤ ਕਿਸਾਨ ਰਾਜ ਮੋਹਨ ਸਿੰਘ ਕਾਲੇਕਾ ਦਾ ਕਹਿਣਾ ਹੈ ਕਿ ਮੱਕੀ ਦੀ ਪਾਣੀ ਖਪਤ ਦਾ ਸਬੰਧ ਬਿਜਾਈ ਦੇ ਸਮੇਂ ਨਾਲ ਵੀ ਜੁੜਿਆ ਹੋਇਆ ਹੈ | ਉਨ੍ਹਾਂ ਅਨੁਸਾਰ ਆਲੂਆਂ ਦੀ ਕਟਾਈ ਤੋਂ ਬਾਅਦ ਬੀਜੀ ਜਾਣ ਵਾਲੀ ਮੱਕੀ ਤੁਲਨਾਤਮਕ ਤੌਰ 'ਤੇ ਘੱਟ ਪਾਣੀ ਲੈਂਦੀ ਹੈ, ਕਿਉਂਕਿ ਉਸ ਸਮੇਂ ਤਾਪਮਾਨ ਘੱਟ ਤੇ ਮਿੱਟੀ ਵਿਚ ਨਮੀ ਵੱਧ ਹੁੰਦੀ ਹੈ | ਇਸ ਦੇ ਉਲਟ ਕਣਕ ਦੀ ਕਟਾਈ ਤੋਂ ਬਾਅਦ ਮਈ-ਜੂਨ ਦੀ ਗਰਮੀ ਵਿਚ ਬੀਜੀ ਜਾਣ ਵਾਲੀ ਮੱਕੀ ਨੂੰ ਉੱਚ ਤਾਪਮਾਨ ਅਤੇ ਵੱਧ ਵਾਸ਼ਪੀਕਰਨ ਕਾਰਨ ਵੱਧ ਸਿੰਚਾਈ ਦੀ ਲੋੜ ਪੈਂਦੀ ਹੈ | ਹਾਲਾਂਕਿ ਖੇਤੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਕੁੱਲ ਪਾਣੀ ਖਪਤ ਦੇ ਪੱਖੋਂ ਮੱਕੀ ਅਜੇ ਵੀ ਝੋਨੇ ਨਾਲੋਂ ਘੱਟ ਪਾਣੀ ਮੰਗਣ ਵਾਲੀ ਫ਼ਸਲ ਹੈ, ਕਿਉਂਕਿ ਖੇਤਾਂ ਵਿਚ ਲਗਾਤਾਰ ਪਾਣੀ ਖੜ੍ਹਾ ਰੱਖਣ ਦੀ ਲੋੜ ਨਹੀਂ ਹੁੰਦੀ | ਇਹੀ ਕਾਰਨ ਹੈ ਕਿ ਪੰਜਾਬ ਵਿਚ ਫ਼ਸਲੀ ਵਿਭਿੰਨਤਾ ਅਤੇ ਭੂ-ਜਲ ਸੰਭਾਲ ਸਬੰਧੀ ਯੋਜਨਾਵਾਂ ਵਿਚ ਮੱਕੀ ਨੂੰ ਅਹਿਮ ਸਥਾਨ ਦਿੱਤਾ ਜਾ ਰਿਹਾ ਹੈ | ਖੇਤੀਬਾੜੀ ਖੇਤਰ ਨਾਲ ਜੁੜੇ ਵਿਸ਼ਲੇਸ਼ਕਾਂ ਅਨੁਸਾਰ ਐਥਨੋਲ ਨੀਤੀ, ਖੁਰਾਕ ਪ੍ਰੋਸੈਸਿੰਗ ਉਦਯੋਗ ਦੇ ਵਿਸਥਾਰ ਅਤੇ ਪਸ਼ੂ ਪਾਲਣ ਖੇਤਰ ਦੀ ਵਧਦੀ ਲੋੜ ਕਾਰਨ ਆਉਣ ਵਾਲੇ ਸਾਲਾਂ ਵਿੱਚ ਮੱਕੀ ਦੀ ਮੰਗ ਹੋਰ ਵਧਣ ਦੀ ਸੰਭਾਵਨਾ ਹੈ |
ਮੱਕੀ ਦੀ ਵਧਦੀ ਉਦਯੋਗਿਕ ਵਰਤੋਂ ਨੇ ਵਧਾਈ ਮੰਗ, ਐਥਨੋਲ, ਪੋਲਟਰੀ ਫੀਡ ਅਤੇ ਖੁਰਾਕੀ ਖੇਤਰਾਂ ਨਾਲ ਜੁੜੇ ਹੋਣ ਕਾਰਨ ਫ਼ਸਲ ਦੀ ਅਹਿਮੀਅਤ ਵਧੀ <br/>
ਅਜੀਤ ਡੈਸਕ
03-06-2026