ਚੰਡੀਗੜ੍ਹ, 2 ਜੂਨ (ਸੰਦੀਪ ਕੁਮਾਰ ਮਾਹਨਾ)-ਪੰਜਾਬ ਭਾਜਪਾ ਦੀ ਕਮਾਨ ਕੇਵਲ ਸਿੰਘ ਢਿੱਲੋਂ ਨੂੰ ਸੌਂਪੇ ਜਾਣ ਤੋਂ ਬਾਅਦ ਹੁਣ ਪਾਰਟੀ ਦੇ ਯੁਵਾ ਵਿੰਗ ਭਾਰਤੀ ਜਨਤਾ ਯੁਵਾ ਮੋਰਚਾ (ਬੀ.ਜੇ.ਵਾਈ.ਐਮ.) ਦੀ ਨਵੀਂ ਲੀਡਰਸ਼ਿਪ ਨੂੰ ਲੈ ਕੇ ਸਿਆਸੀ ਤੇ ਸੰਗਠਨਾਤਮਿਕ ਹਲਕਿਆਂ ਵਿਚ ਚਰਚਾ ਤੇਜ਼ ਹੋ ਗਈਆਂ ਹਨ | ਪਿਛਲੇ ਲੰਮੇ ਸਮੇਂ ਤੋਂ ਪੰਜਾਬ ਭਾਜਪਾ ਯੁਵਾ ਮੋਰਚਾ ਬਿਨਾਂ ਸੂਬਾ ਪ੍ਰਧਾਨ ਦੇ ਹੀ ਕੰਮ ਕਰ ਰਿਹਾ ਹੈ, ਜਿਸ ਕਾਰਨ ਸੰਗਠਨ ਦੇ ਵਿਸਥਾਰ, ਨਵੀਂਆਂ ਨਿਯੁਕਤੀਆਂ ਤੇ ਨੌਜਵਾਨਾਂ ਨਾਲ ਜੁੜੇ ਕਈ ਪ੍ਰੋਗਰਾਮਾਂ ਦੀ ਰਫ਼ਤਾਰ ਵੀ ਪ੍ਰਭਾਵਿਤ ਹੋਈ ਦੱਸੀ ਜਾ ਰਹੀ ਹੈ | ਭਾਜਪਾ ਵਲੋਂ ਹਾਲ ਹੀ ਵਿਚ ਪੰਜਾਬ ਸਮੇਤ ਕਈ ਸੂਬਿਆਂ 'ਚ ਸੰਗਠਨਾਤਮਿਕ ਤਬਦੀਲੀਆਂ ਕਰਦਿਆਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਇਕਾਈ ਦੀ ਕਮਾਨ ਸੌਂਪੀ ਗਈ ਹੈ | ਇਸ ਤੋਂ ਬਾਅਦ ਹੁਣ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਦੀ ਨਿਯੁਕਤੀ ਨੂੰ ਪਾਰਟੀ ਦੇ ਅਗਲੇ ਵੱਡੇ ਸੰਗਠਨਕ ਫ਼ੈਸਲੇ ਵਜੋਂ ਵੇਖਿਆ ਜਾ ਰਿਹਾ ਹੈ | ਪੰਜਾਬ ਭਾਜਪਾ ਦੀ ਨਵੀਂ ਟੀਮ ਦੇ ਗਠਨ ਦੇ ਨਾਲ-ਨਾਲ ਯੁਵਾ ਮੋਰਚਾ ਦੀ ਕਮਾਨ ਵੀ ਕਿਸੇ ਨਵੇਂ ਨੌਜਵਾਨ ਚਿਹਰੇ ਨੂੰ ਸੌਂਪੇ ਜਾਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ | 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਭਾਜਪਾ ਨੌਜਵਾਨ ਵੋਟਰਾਂ ਵਿਚ ਆਪਣਾ ਆਧਾਰ ਮਜ਼ਬੂਤ ਕਰਨ ਦੀ ਰਣਨੀਤੀ 'ਤੇ ਕੰਮ ਕਰ ਰਹੀ ਹੈ ਤੇ ਇਸ ਲਈ ਯੁਵਾ ਮੋਰਚਾ ਦੀ ਸਰਗਰਮ ਭੂਮਿਕਾ ਨੂੰ ਅਹਿਮ ਮੰਨਿਆ ਜਾ ਰਿਹਾ ਹੈ | ਖ਼ਾਸ ਗੱਲ ਇਹ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਹਾਲ ਹੀ ਵਿਚ ਯੁਵਾ ਮੋਰਚਾ ਦੇ ਢਾਂਚੇ ਵਿਚ ਵੱਡੇ ਬਦਲਾਅ ਕਰਦਿਆਂ ਸੂਬਾ ਇਕਾਈਆਂ ਦੇ ਪ੍ਰਧਾਨਾਂ ਲਈ ਵੱਧ ਤੋਂ ਵੱਧ ਉਮਰ 32 ਸਾਲ ਤੈਅ ਕੀਤੀ ਹੈ | ਇਸ ਫ਼ੈਸਲੇ ਤੋਂ ਬਾਅਦ ਪੰਜਾਬ ਵਿਚ ਵੀ ਕਈ ਪੁਰਾਣੇ ਦਾਅਵੇਦਾਰਾਂ ਦੀਆਂ ਸੰਭਾਵਨਾਵਾਂ ਘੱਟ ਹੋਈਆਂ ਹਨ, ਜਦਕਿ ਨਵੇਂ ਚਿਹਰਿਆਂ ਲਈ ਰਾਹ ਖੁੱਲਿ੍ਹਆ ਹੈ | ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਯੁਵਾ ਮੋਰਚਾ ਦੀਆਂ ਨਿਯੁਕਤੀਆਂ ਵਿਚ ਨੌਜਵਾਨ ਲੀਡਰਸ਼ਿਪ ਨੂੰ ਤਰਜੀਹ ਦਿੱਤੀ ਜਾਵੇਗੀ | ਭਾਜਪਾ ਲਈ ਪੰਜਾਬ ਵਿਚ ਸਭ ਤੋਂ ਵੱਡੀ ਚੁਣੌਤੀ ਨੌਜਵਾਨਾਂ ਵਿਚ ਆਪਣੀ ਸਿਆਸੀ ਪਹੁੰਚ ਵਧਾਉਣਾ ਹੈ | ਹਾਲ ਹੀ ਵਿਚ ਭਾਜਪਾ ਵਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਵੀ ਜ਼ੋਰ-ਸ਼ੋਰ ਨਾਲ ਅੱਗੇ ਵਧਾਇਆ ਗਿਆ ਹੈ ਤੇ ਪਾਰਟੀ ਦੇ ਕੌਮੀ ਆਗੂ ਤਰੁਣ ਚੁੱਘ ਵਲੋਂ ਗਾਇਕ ਯੋ ਯੋ ਹਨੀ ਸਿੰਘ ਨੂੰ ਵੀ ਇਸ ਮੁਹਿੰਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਸੀ | ਇਸ ਤੋਂ ਇਹ ਸੰਕੇਤ ਮਿਲਦੇ ਹਨ ਕਿ ਭਾਜਪਾ ਨੌਜਵਾਨਾਂ ਨਾਲ ਸਿੱਧਾ ਸੰਪਰਕ ਬਣਾਉਣ ਦੀ ਰਣਨੀਤੀ 'ਤੇ ਕੰਮ ਕਰ ਰਹੀ ਹੈ | ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਭਾਜਪਾ ਪੰਜਾਬ ਵਿਚ 2027 ਦੀ ਚੋਣ ਤਿਆਰੀ ਨੂੰ ਗੰਭੀਰਤਾ ਨਾਲ ਅੱਗੇ ਵਧਾਉਣਾ ਚਾਹੁੰਦੀ ਹੈ ਤਾਂ ਯੁਵਾ ਮੋਰਚਾ ਦੀ ਕਮਾਨ ਨੂੰ ਹੋਰ ਲੰਮਾ ਸਮਾਂ ਖ਼ਾਲੀ ਨਹੀਂ ਰੱਖਿਆ ਜਾ ਸਕਦਾ | ਇਸੇ ਲਈ ਆਉਣ ਵਾਲੇ ਦਿਨਾਂ ਵਿਚ ਪੰਜਾਬ ਭਾਜਪਾ ਦੀ ਨਵੀਂ ਜਥੇਬੰਧਕ ਟੀਮ ਦੇ ਨਾਲ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਦੇ ਨਾਮ ਦਾ ਐਲਾਨ ਵੀ ਹੋ ਸਕਦਾ ਹੈ |
ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਪ੍ਰਧਾਨ ਲਗਾਉਣ ਤੋਂ ਬਾਅਦ ਕੀ ਭਾਜਪਾ ਦੇ ਯੁਵਾ ਮੋਰਚਾ ਨੂੰ ਵੀ ਮਿਲੇਗਾ ਸੂਬਾ ਪ੍ਰਧਾਨ?
ਅਜੀਤ ਡੈਸਕ
03-06-2026