ਸੱਤਪਾਲ ਸਿੰਘ ਸਿਵੀਆਂ
ਬਠਿੰਡਾ, 2 ਜੂਨ- ਪੰਜਾਬ ਵਿਚ ਬਿਜਲੀ ਟਰਾਂਸਫ਼ਾਰਮਰਾਂ, ਉਨ੍ਹਾਂ ਦੇ ਕੀਮਤੀ ਤੇਲ, ਤਾਂਬੇ ਦੀਆਂ ਕੁਆਇਲਾਂ ਅਤੇ ਤਾਰਾਂ ਦੀ ਚੋਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸ ਪਿੱਛੇ ਸਿਰਫ਼ ਇਕੱਲੇ ਚੋਰ ਹੀ ਨਹੀਂ, ਸਗੋਂ ਇਕ ਸੰਗਠਿਤ ਨੈੱਟਵਰਕ ਕੰਮ ਕਰ ਰਿਹਾ ਹੈ | ਇਨ੍ਹਾਂ ਚੋਰੀਆਂ ਨੇ ਕਿਸਾਨਾਂ ਦੇ ਹੱਥ ਖੜੇ ਕਰਵਾਏ ਹੋਏ ਹਨ | ਬਠਿੰਡਾ ਜ਼ਿਲੇ੍ਹ ਦੇ ਪਿੰਡ ਕੋਠੇ ਕੌਰ ਸਿੰਘ ਵਾਲਾ ਦੇ ਕਿਸਾਨਾਂ ਨੇ ਤਾਂ ਇਨ੍ਹਾਂ ਚੋਰਾਂ ਦੇ ਹਾੜੇ ਕੱਢਦਿਆਂ ਕਿਹਾ, ਉਹ ਉਨ੍ਹਾਂ ਨੂੰ ਪੈਸੇ ਪੱਖੋਂ ਹਫ਼ਤਾ ਦੇ ਦੇਣਗੇ, ਤੁਸੀਂ ਟਰਾਂਸਫ਼ਾਰਮਰ 'ਤੇ ਆਪਣਾ ਸਕੈਨਰ ਲਗਾ ਦਿਓ, ਅਸੀਂ ਆਪੇ ਪੈਸੇ ਪਾ ਦਿਆਂ ਕਰਾਂਗੇ ਪਰ ਤੇਲ ਚੋਰੀ ਨਾ ਕਰੋ | ਕਿਸਾਨਾਂ ਦੀ ਇਸ ਬੇਬਸੀ ਤੋਂ ਸਾਫ਼ ਝਲਕਦਾ ਹੈ ਕਿ ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਬਿਜਲੀ ਮਹਿਕਮਾ ਇਨ੍ਹਾਂ ਚੋਰਾਂ ਅਤੇ ਇਸ ਪਿਛਲੇ ਨੈੱਟਵਰਕ ਨੂੰ ਨੱਥ ਪਾਉਣ 'ਚ ਪੂਰੀ ਤਰ੍ਹਾਂ ਫ਼ੇਲ੍ਹ ਸਾਬਿਤ ਹੋ ਰਿਹਾ | ਇਨ੍ਹਾਂ ਚੋਰੀਆਂ ਕਰਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਹਰ ਸਾਲ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ, ਜੋ ਕਾਰਵਾਈ ਜ਼ੀਰੋ ਹੋਣ ਕਰਕੇ ਲਗਾਤਾਰ ਜਾਰੀ ਹੈ | ਪਾਵਰਕਾਮ ਦੇ ਅੰਕੜਿਆਂ ਅਨੁਸਾਰ ਸੂਬੇ ਵਿਚ ਸਾਲ 2020-21 ਵਿਚ ਹੀ 12709 ਟਰਾਂਸਫ਼ਾਰਮਰ ਚੋਰੀ ਦੀਆਂ ਘਟਨਾਵਾਂ ਦਰਜ ਹੋਈਆਂ ਸਨ, ਜਿਸ ਨਾਲ ਪਾਵਰਕਾਮ ਨੂੰ 50 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਸੀ | ਜਦਕਿ 2015-16 ਤੋਂ 2025-26 ਤੱਕ ਪੰਜਾਬ 'ਚ ਟਰਾਂਸਫ਼ਾਰਮਰਾਂ ਅਤੇ ਬਿਜਲੀ ਉਪਕਰਨਾਂ ਦੀ ਚੋਰੀ ਦੀਆਂ 1.34 ਲੱਖ ਤੋਂ ਵੱਧ ਘਟਨਾਵਾਂ ਸਾਹਮਣੇ ਆਈਆਂ, ਜਿਨ੍ਹਾਂ ਕਾਰਨ ਪਾਵਰਕਾਮ ਨੂੰ 1003 ਕਰੋੜ ਰੁਪਏ ਤੋਂ ਵੱਧ ਦਾ ਆਰਥਿਕ ਨੁਕਸਾਨ ਹੋਇਆ | ਜੇ ਪਿਛਲੇ ਪੰਜ ਸਾਲਾਂ ਦਾ ਔਸਤ ਕੱਢਿਆ ਜਾਵੇ ਤਾਂ ਹਰ ਸਾਲ 12000 ਤੋਂ 19000 ਦੇ ਵਿਚਕਾਰ ਟਰਾਂਸਫ਼ਾਰਮਰ ਜਾਂ ਉਨ੍ਹਾਂ ਦੇ ਪੁਰਜ਼ੇ ਚੋਰੀ ਹੋਣ ਦੀਆਂ ਘਟਨਾਵਾਂ ਵਾਪਰੀਆਂ ਹਨ | ਲੁਧਿਆਣਾ ਜ਼ਿਲ੍ਹੇ 'ਚ 2025 ਦੌਰਾਨ ਹੀ 1883 ਟਰਾਂਸਫ਼ਾਰਮਰਾਂ ਤੋਂ ਤੇਲ ਜਾਂ ਤਾਂਬਾ ਚੋਰੀ ਹੋਣ ਦੇ ਮਾਮਲੇ ਸਾਹਮਣੇ ਆਏ ਸਨ | ਬਠਿੰਡਾ, ਅੰਮਿ੍ਤਸਰ, ਕਪੂਰਥਲਾ, ਲੁਧਿਆਣਾ, ਖੰਨਾ ਸਮੇਤ ਮਾਲਵਾ ਖੇਤਰ 'ਚ ਇਹ ਚੋਰ ਗਰੋਹ ਪੂਰੀ ਤਰ੍ਹਾਂ ਸਰਗਰਮ ਹਨ | 2022 ਵਿਚ ਪਾਵਰਕਾਮ ਨੇ ਮੰਨਿਆ ਸੀ ਕਿ ਟਰਾਂਸਫ਼ਾਰਮਰ ਚੋਰੀ ਨਾਲ ਸਬੰਧਿਤ ਸੈਂਕੜੇ ਪੁਲਿਸ ਕੇਸ ਸੂਬੇ ਭਰ ਵਿਚ ਦਰਜ ਹੋਏ ਹਨ, ਜਿਨ੍ਹਾਂ ਵਿਚੋਂ ਬਹੁਤੀਆਂ ਦੀ ਜਾਂਚ ਅਜੇ ਤੱਕ ਲੰਬਿਤ ਹੈ |
ਚੋਰ ਤੇਲ ਹੀ ਕਿਉਂ ਕਰਦੇ ਨੇ ਚੋਰੀ
ਟਰਾਂਸਫ਼ਾਰਮਰ 'ਚ ਵਰਤਿਆ ਜਾਣ ਵਾਲਾ ਇਨਸੂਲੇਟਿੰਗ ਅਤੇ ਕੂਲਿੰਗ ਤੇਲ ਉਦਯੋਗਿਕ ਖੇਤਰ ਵਿਚ ਕਾਫ਼ੀ ਮੰਗ ਵਾਲਾ ਪਦਾਰਥ ਹੈ, ਜਿਸ ਦੀ ਬਾਜ਼ਾਰੀ ਕੀਮਤ ਗੁਣਵੱਤਾ ਅਨੁਸਾਰ 120 ਤੋਂ 180 ਰੁਪਏ ਪ੍ਰਤੀ ਲੀਟਰ ਦੱਸੀ ਜਾ ਰਹੀ ਹੈ ਪਰ ਚੋਰ ਇਹ ਤੇਲ ਮਹਿਜ਼ 20 ਤੋਂ 60 ਰੁਪਏ ਪ੍ਰਤੀ ਲੀਟਰ ਤੱਕ ਵੇਚਦੇ ਹਨ | ਇਸ ਲਈ ਚੋਰਾਂ ਨੂੰ ਇਕ ਟਰਾਂਸਫ਼ਾਰਮਰ ਤੋਂ ਇਕੋ ਰਾਤ 'ਚ 5000 ਤੋਂ 15000 ਤੱਕ ਦੀ ਮੋਟੀ ਕਮਾਈ ਹੋ ਜਾਂਦੀ ਹੈ | ਇਕ ਟਰਾਂਸਫ਼ਾਰਮਰ 'ਚ ਇਹ ਤੇਲ 10 ਤੋਂ 20 ਸਾਲ ਜਾਂ ਇਸ ਤੋਂ ਵੱਧ ਸਮਾਂ ਕੰਮ ਕਰਦਾ ਹੈ ਪਰ ਚੋਰੀ ਹੋਣ ਕਰਕੇ ਬਿਜਲੀ ਮਹਿਕਮੇ ਤੇ ਕਿਸਾਨਾਂ ਨੂੰ ਇਹ ਤੇਲ ਕਈ ਵਾਰ ਤਾਂ ਇਕ-ਦੋ ਮਹੀਨੇ ਅੰਦਰ ਹੀ ਦੋ-ਤਿੰਨ ਵਾਰ ਬਦਲਣਾ ਪੈ ਰਿਹਾ |
ਚੋਰੀ ਤੋਂ ਬਾਅਦ ਇਹ ਤੇਲ ਕਿੱਥੇ ਜਾਂਦਾ?
ਬਿਜਲੀ ਮਾਹਿਰਾਂ ਤੇ ਪੁਲਿਸ ਜਾਂਚਾਂ ਮੁਤਾਬਕ ਚੋਰੀ ਕੀਤਾ ਤੇਲ ਛੋਟੀਆਂ ਫ਼ੈਕਟਰੀਆਂ, ਵਰਕਸ਼ਾਪਾਂ, ਵੈਲਡਿੰਗ ਯੂਨਿਟਾਂ, ਭੱਠੀਆਂ, ਬਾਇਲਰ, ਸਕ੍ਰੈਪ ਤੇ ਧਾਤੂ ਗਲਾਉਣ ਵਾਲੇ ਯੂਨਿਟ ਤੇ ਗੈਰ-ਕਾਨੂੰਨੀ ਰੀਸਾਈਕਲਿੰਗ ਯੂਨਿਟਾਂ 'ਚ ਵਰਤੋਂ ਜਾਂ ਫ਼ਿਲਟਰ ਕਰਕੇ ਦੁਬਾਰਾ ਵੇਚਿਆ ਜਾਂਦਾ ਹੈ | ਸੂਬੇ ਦੇ ਕਈ ਉਦਯੋਗਿਕ ਖੇਤਰਾਂ 'ਚ ਪਿਛਲੇ ਸਮੇਂ 'ਚ ਟਰਾਂਸਫ਼ਾਰਮਰ ਤੇਲ ਤੇ ਤਾਂਬਾ ਖਰੀਦਣ-ਵੇਚਣ ਦਾ ਗੈਰ-ਕਾਨੂੰਨੀ ਨੈੱਟਵਰਕ ਸਾਹਮਣੇ ਆਇਆ ਸੀ ਪਰ ਉਸ ਬਾਅਦ ਵੀ ਇਸ ਨੈੱਟਵਰਕ ਨੂੰ ਠੱਲ੍ਹ ਨਹੀਂ ਪੈ ਸਕੀ | ਸੂਬਾ ਸਰਕਾਰ ਵਲੋਂ ਇਨ੍ਹਾਂ ਚੋਰਾਂ ਸਮੇਤ ਸਭ ਤੋਂ ਵੱਧ ਧਿਆਨ ਚੋਰੀਸ਼ੁਦਾ ਤੇਲ ਤੇ ਤਾਂਬਾ ਖ਼ਰੀਦਣ ਵਾਲੇ ਨੈੱਟਵਰਕ ਨੂੰ ਤੋੜਨ ਲਈ ਦਿੱਤੇ ਜਾਣ ਦੀ ਲੋੜ ਹੈ |
ਪੰਜਾਬ 'ਚ ਬਿਜਲੀ ਟਰਾਂਸਫ਼ਾਰਮਰ, ਮਹਿੰਗਾ ਤੇਲ ਤੇ ਤਾਂਬਾ ਚੋਰੀ ਪਿੱਛੇ ਸੰਗਠਿਤ ਨੈੱਟਵਰਕ ਸਰਗਰਮ <br/>
ਅਜੀਤ ਡੈਸਕ
03-06-2026