30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਹੜਤਾਲ ਨੂੰ ਲੈ ਕੇ ਆੜ੍ਹਤੀ ਐਸੋਸੀਏਸ਼ਨ ਹੋਈ ਦੁਫਾੜ <br/>

ਅਜੀਤ ਡੈਸਕ 05-04-2026

ਅੰਮਿ੍ਤਸਰ, 4 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਢਾਈ ਫੀਸਦੀ ਦਾਮੀ ਸਮੇਤ ਹੋਰ ਵੱਖ-ਵੱਖ ਮੰਗਾਂ ਨੂੰ ਲੈ ਕੇ ਪੰਜਾਬ 'ਚ ਹੜਤਾਲ 'ਤੇ ਚੱਲ ਰਹੀ ਆੜਤੀ ਐਸੋਸੀਏਸ਼ਨ ਦੋ ਫਾੜ ਹੋ ਗਈ ਹੈ | ਇਸ ਸੰਬੰਧੀ ਵਿਜੇ ਕਾਲੜਾ ਧੜੇ ਵਲੋਂ ਜਿਥੇ ਪੰਜਾਬ ਦੀਆਂ ਸਮੂਹ ਦਾਣਾ ਮੰਡੀਆਂ ਨੂੰ ਬੰਦ ਰੱਖ ਕੇ ਹੜਤਾਲ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਉਥੇ ਹੀ ਅੱਜ ਆੜਤੀ ਐਸੋਸੀਏਸ਼ਨ ਦੇ ਰਵਿੰਦਰ ਸਿੰਘ ਚੀਮਾ ਅਤੇ ਜਸਵਿੰਦਰ ਸਿੰਘ ਰਾਣਾ ਦੇ ਧੜੇ ਵਲੋਂ ਸਮੂਹ ਦਾਣਾ ਮੰਡੀਆਂ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ | ਜਦਕਿ ਦੂਜੇ ਪਾਸੇ ਅੱਜ ਵਿਜੇ ਕਾਲੜਾ ਧੜੇ ਨਾਲ ਸਬੰਧਿਤ ਆੜਤੀਆਂ ਦੀ ਜਾਣਕਾਰੀ ਇਕੱਤਰ ਕਰਨ ਉਪਰੰਤ ਪੁਲਿਸ ਵਲੋਂ ਉਨ੍ਹਾਂ ਦੇ ਘਰਾਂ 'ਚ ਦਸਤਕ ਦਿੱਤੀ ਗਈ, ਜਿਸ ਤੋਂ ਬਾਦ ਚਰਚਾ ਰਹੀ ਕਿ ਪੰਜਾਬ ਸਰਕਾਰ ਆੜਤੀਆਂ ਨੂੰ ਦਬਾਉਣ ਲਈ ਅਜਿਹੇ ਹੱਥਕੰਡੇ ਅਪਣਾ ਰਹੀ ਹੈ | ਅੱਜ ਅੰਮਿ੍ਤਸਰ ਵਿਖੇ ਮਾਝਾ ਜ਼ੋਨ ਦੇ ਪ੍ਰਧਾਨ ਨਰਿੰਦਰ ਬਹਿਲ ਦੀ ਅਗਵਾਈ ਹੇਠ ਹੋਈ ਸੂਬਾ ਪੱਧਰੀ ਮੀਟਿੰਗ 'ਚ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਪੰਜਾਬ ਆੜਤੀ ਐਸੋਸੀਏਸ਼ਨ ਦੇ ਸਰਪ੍ਰਸਤ ਰਵਿੰਦਰ ਸਿੰਘ ਚੀਮਾ, ਸੂਬਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਅਤੇ ਨਰਿੰਦਰ ਬਹਿਲ ਨੇ ਕਿਹਾ ਕਿ ਕਿਸਾਨਾਂ ਦੇ ਹਿੱਤ 'ਚ ਸੂਬੇ ਦੀਆਂ ਸਮੂਹ ਮੰਡੀਆਂ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ ਤੇ ਇਸ ਦੌਰਾਨ ਢਾਈ ਫੀਸਦੀ ਦਾਮੀ ਅਤੇ ਟਰਾਂਸਪੋਰਟ ਨਾਲ ਸਬੰਧਿਤ ਮੰਗਾਂ ਦੇ ਹੱਲ ਲਈ ਪੰਜਾਬ ਸਰਕਾਰ ਨਾਲ ਮੀਟਿੰਗ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਆੜਤੀਆਂ ਦੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ 2 ਮਹੀਨਿਆਂ ਬਾਅਦ ਕੇਂਦਰ ਖਿਲਾਫ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਭਾਜਪਾ ਦੇ ਅਹੁਦੇਦਾਰਾਂ ਦੇ ਘਰਾਂ ਦੇ ਬਾਹਰ ਹਰੇਕ ਐਤਵਾਰ ਰੋਸ ਧਰਨੇ ਦਿੱਤੇ ਜਾਣਗੇ | ਇਸ ਮੌਕੇ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਕੁਮਾਰ ਅਰੋੜਾ, ਪੁਨੀਤ ਜੈਨ, ਰਣਜੀਤ ਔਜਲਾ, ਅਰਵਿੰਦਰ ਪਾਲ ਸਿੰਘ ਵਿੱਕੀ, ਅਵਿਨਾਸ਼ਪ੍ਰੀਤ ਸਿੰਘ, ਕੁਲਵੰਤ ਰਾਏ, ਦਿਲਬਾਗ ਸਿੰਘ, ਬਲਜੀਤ ਸਿੰਘ ਫਾਜ਼ਿਲਕਾ, ਸੰਜੀਵ ਕੁਮਾਰ ਰਾਏਕੋਟ, ਪਿ੍ਥੀਪਾਲ ਸਿੰਘ, ਕੁਲਵੰਤ ਸਿੰਘ ਖੰਨਾ ਮੰਡੀ, ਗੌਰਵ ਧੰਮਣ ਸਕੱਤਰ ਪੰਜਾਬ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਇਸ ਦੌਰਾਨ ਨਰਿੰਦਰ ਬਹਿਲ ਨੂੰ ਮਾਝੇ ਜ਼ੋਨ ਦੀਆਂ ਮੰਡੀਆਂ ਦਾ ਪ੍ਰਧਾਨ ਨਿਯੁਕਤ ਕਰਨ ਤੋਂ ਇਲਾਵਾ ਸ਼ਰਨਜੀਤ ਸਿੰਘ ਭੋਜੀਆਂ, ਵਰਿੰਦਰ ਕੁਮਾਰ ਸਰਪੰਚ, ਸ਼ੇਰ ਸਿੰਘ ਸਾਰੰਗੜਾ, ਜਸਕਰਨ ਮਜੀਠਾ, ਭੁਪਿੰਦਰ ਸਿੰਘ ਮੁੱਧ, ਭਗਵੰਤ ਸਿੰਘ ਭਾਗਾ, ਅਵਤਾਰ ਸਿੰਘ ਮਹਿਤਾ, ਜਤਿੰਦਰ ਸਿੰਘ ਲੱਧਾ ਨੂੰ ਸੂਬਾ ਮੀਤ ਪ੍ਰਧਾਨ, ਦਿਲਬਾਗ ਸਿੰਘ ਕੜਿਆਲ ਅਤੇ ਲਖਵਿੰਦਰ ਸਿੰਘ ਲੱਖਾ ਨੂੰ ਪੰਜਾਬ ਦਾ ਸਕੱਤਰ ਨਿਯੁਕਤ ਕੀਤਾ | ਇਸ ਮੌਕੇ ਨਰਿੰਦਰ ਬਹਿਲ ਨੂੰ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ |

ਪਿਛਲੀ ਖ਼ਬਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਛੱਡਿਆ ਅਕਾਲੀ ਦਲ (ਪੁਨਰ ਸੁਰਜੀਤ) <br/> ਅਗਲੀ ਖ਼ਬਰ ਠਾਕੁਰ ਦਲੀਪ ਸਿੰਘ ਦੀ ਥਾਂ ਠਾਕੁਰ ਉਦੈ ਸਿੰਘ ਦਾ ਨਾਂਅ ਪ੍ਰਕਾਸ਼ਿਤ ਹੋਣ 'ਤੇ ਜਤਾਇਆ ਖੇਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।