ਬਠਿੰਡਾ, 30 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਵਿਧਾਨ ਸਭਾ ਹਲਕਾ ਮੌੜ ਦੇ ਕਾਂਗਰਸ ਪਾਰਟੀ ਦੇ ਉੱਘੇ ਆਗੂ ਤੇ ਵੈਬਕੋ ਦੇ ਸਾਬਕਾ ਚੇਅਰਮੈਨ ਮਰਹੂਮ ਸੁਖਰਾਜ ਸਿੰਘ ਨੱਤ ਦੇ ਸਪੁੱਤਰ ਐਡਵੋਕੇਟ ਦਵਿੰਦਰਪਾਲ ਸਿੰਘ ਨੱਤ ਨੇ ਆਪਣੇ ਲਾਇਸੰਸੀ ਪਿਸਟਲ ਨਾਲ ਬੀਤੀ ਰਾਤ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਸਥਾਨਕ ਗਣਪਤੀ ਇਨਕਲੇਵ ਵਿਖੇ ਸਥਿਤ ਰਿਹਾਇਸ਼ 'ਤੇ ਖ਼ੁਦਕੁਸ਼ੀ ਕਰ ਲਈ ਹੈ | ਉਸਨੇ ਖ਼ੁਦਕੁਸ਼ੀ ਤੋਂ ਪਹਿਲਾਂ ਬਣਾਈ ਵੀਡੀਓ 'ਚ ਸ਼ੁਸ਼ਮਾ ਬਿਲਡਟੈੱਕ ਚੰਡੀਗੜ੍ਹ ਦੇ ਮਾਲਕਾਂ ਉੱਪਰ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲਗਾਏ ਹਨ, ਜਿਸ ਦੇ ਆਧਾਰ 'ਤੇ ਬਠਿੰਡਾ ਪੁਲਿਸ ਨੇ ਤੁਰੰਤ ਸ਼ੁਸ਼ਮਾ ਬਿਲਡਟੈੱਕ ਦੇ ਮਾਲਕ ਤੇ ਉਸਦੇ ਦੋ ਲੜਕਿਆਂ 'ਤੇ ਮੁਕੱਦਮਾ ਦਰਜ ਕੀਤਾ ਹੈ | ਐਡਵੋਕੇਟ ਦਵਿੰਦਰਪਾਲ ਸਿੰਘ ਦੀ ਜਨਤਕ ਹੋਈ ਵੀਡੀਓ 'ਚ ਉਹ ਕਹਿ ਰਿਹਾ ਹੈ ਕਿ ਸਾਡੇ ਪਿੰਡ ਨੱਤ ਨਾਲ ਪਿਛੋਕੜ ਰੱਖਣ ਵਾਲੇ ਸ਼ੁਸ਼ਮਾ ਬਿਲਡਟੈੱਕ ਦੇ ਮਾਲਕ ਭਿੰਦਰਪਾਲ ਮਿੱਤਲ ਤੇ ਉਸ ਦੇ ਪੁੱਤਰ ਪ੍ਰਤੀਕ ਮਿੱਤਲ ਤੇ ਭਰਤ ਮਿੱਤਲ ਸਮੇਤ ਸਾਰੇ ਮਿੱਤਲ ਪਰਿਵਾਰ ਨੇ ਉਸ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ, ਮੈਂ ਉਨ੍ਹਾਂ ਦੀ ਕੰਪਨੀ ਵਿਚ ਪਹਿਲਾਂ ਮੇਰੇ ਪਿਤਾ ਵਲੋਂ ਜ਼ਮੀਨ ਵੇਚ ਦੇ ਦਿੱਤੇ ਪੈਸੇ ਲਗਾਏ ਤੇ ਫੇਰ ਮੇਰੇ ਪਿਤਾ ਦੀ ਮੌਤ ਬਾਅਦ ਮੈਨੂੰ ਮਿਲੇ 50 ਲੱਖ ਰੁਪਏ ਵੀ ਉਕਤ ਦੇ ਹਵਾਲੇ ਕਰ ਦਿੱਤੇ ਸਨ, ਪਿਤਾ ਦਾ 45 ਬੋਰ ਪਿਸਟਲ ਵੇਚ ਕੇ ਅਤੇ ਪਿਤਾ ਦੀ ਮੌਤ ਬਾਅਦ ਮਿਲੀ ਪਾਲਿਸੀ ਦੇ 55 ਲੱਖ ਵੀ ਇਨ੍ਹਾਂ ਨੂੰ ਦਿੱਤੇ ਸਨ | ਇਸ ਤੋਂ ਇਲਾਵਾ ਆਪਣੇ ਦੋਸਤਾਂ ਦਾ 6-7 ਕਰੋੜ ਵੀ ਇਨ੍ਹਾਂ ਕੋਲ ਲਗਵਾਇਆ ਤੇ ਕਿਸਾਨਾਂ ਦੀ ਸਾਢੇ 5 ਕਰੋੜ ਦੀ ਆਰ.ਟੀ.ਜੀ.ਐਸ. ਵੀ ਇਨ੍ਹਾਂ ਕੋਲ ਕਰਵਾ ਰੱਖੀ ਹੈ | ਮੈਂ ਲਗਭਗ 4 ਕਰੋੜ ਭਿੰਦਰਪਾਲ ਮਿੱਤਲ ਤੋਂ ਲੈਣਾ ਹੈ | ਇਸ ਤੋਂ ਇਲਾਵਾ ਐਸ.ਬੀ.ਆਈ. ਬੈਂਕ ਰਾਮਪੁਰਾ ਦਾ ਮੇਰੇ ਸਿਰ 80 ਲੱਖ ਦਾ ਕਰਜ਼ਾ ਹੈ ਤੇ 20-30 ਲੱਖ ਮੈਂ ਹੋਰ ਦੇਣਾ ਹੈ | ਮੈਂ ਆਪਣੇ ਪੈਸੇ ਦੀ ਵਾਪਸੀ ਲਈ ਮਿੱਤਲ ਪਰਿਵਾਰ 'ਤੇ ਸਿਆਸੀ ਦਬਾਅ ਪਾਉਣ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮੌਜੂਦਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੋਂ ਵੀ ਫ਼ੋਨ ਕਰਵਾਏ, ਪਰ ਮੈਨੂੰ ਇਨਸਾਫ਼ ਨਹੀਂ ਮਿਲਿਆ, ਜਿਸ ਲਈ ਮੇਰੇ ਕੋਲ ਖੁਦਕੁਸ਼ੀ ਕਰਨ ਤੋਂ ਬਿਨਾਂ ਕੋਈ ਹੱਲ ਨਹੀਂ ਹੈ | ਮੈਂ ਆਪਣੀ ਲਾਇਸੰਸੀ ਪਿਸਟਲ ਨਾਲ ਆਪਣੀ ਜੀਵਨ ਲੀਲਾ ਖ਼ਤਮ ਕਰ ਰਿਹਾ ਹਾਂ ਤੇ ਮੇਰੀ ਬਾਡੀ ਦਾ ਪੋਸਟਮਾਰਟਮ ਨਾ ਕਰਵਾਇਆ ਜਾਵੇ | ਉਸ ਨੇ ਆਪਣੇ ਵਕੀਲ ਭਾਈਚਾਰੇ ਤੋਂ ਵੀ ਇਨਸਾਫ਼ ਦੀ ਮੰਗ ਕੀਤੀ ਹੈ | ਉਹ ਵੀਡੀਓ 'ਚ ਆਪਣੇ ਪਿਤਾ ਸੁਖਰਾਜ ਸਿੰਘ ਨੱਤ ਤੋਂ ਮੁਆਫ਼ੀ ਵੀ ਮੰਗਦਾ ਹੈ ਕਿ ਪਾਪਾ ਸੌਰੀ ਮੈਂ ਤੁਹਾਡਾ ਸੁਪਨਾ ਪੂਰਾ ਨਹੀਂ ਕਰ ਸਕਿਆ | ਉਸ ਦੀ ਮਿ੍ਤਕ ਦੇਹ ਨੂੰ ਪੁਲਿਸ ਅਤੇ ਬਠਿੰਡਾ ਦੀ ਸਹਾਰਾ ਜਨਸੇਵਾ ਵਲੋਂ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਪਹੁੰਚਾਇਆ ਗਿਆ, ਪਰ ਖ਼ਬਰ ਲਿਖੇ ਜਾਣ ਤੱਕ ਉਸ ਦਾ ਪੋਸਟਮਾਰਟਮ ਨਹੀਂ ਹੋ ਸਕਿਆ ਸੀ |
ਇਸ ਸੰਬੰਧੀ ਐਸ.ਪੀ. (ਸਿਟੀ) ਨਰਿੰਦਰ ਸਿੰਘ ਦਾ ਕਹਿਣਾ ਸੀ ਕਿ ਮਿ੍ਤਕ ਦੀ ਵੀਡੀਓ ਤੇ ਖ਼ੁਦਕੁਸ਼ੀ ਨੋਟ ਦੇ ਆਧਾਰ 'ਤੇ ਉਸ ਦੀ ਮਾਂ ਦੇ ਬਿਆਨ ਉਪਰ ਸ਼ੁਸ਼ਮਾ ਬਿਲਡਟੈੱਕ ਦੇ ਮਾਲਕ ਭਿੰਦਰਪਾਲ ਮਿੱਤਲ ਅਤੇ ਉਸ ਦੇ ਪੁੱਤਰ ਪ੍ਰਤੀਕ ਮਿੱਤਲ ਅਤੇ ਭਰਤ ਮਿੱਤਲ ਦੇ ਖ਼ਿਲਾਫ਼ ਥਾਣਾ ਕੈਨਾਲ ਕਲੋਨੀ ਬਠਿੰਡਾ 'ਚ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਉੱਘੇ ਕਾਂਗਰਸੀ ਆਗੂ ਦੇ ਪੁੱਤਰ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ <br/>
ਖ਼ੁਦਕੁਸ਼ੀ ਤੋਂ ਪਹਿਲਾਂ ਵੀਡੀਓ ਰਾਹੀਂ ਜਾਣਕਾਰੀ ਦਿੰਦਾ ਹੋਇਆ ਦਵਿੰਦਰਪਾਲ ਸਿੰਘ ਨੱਤ |<br/>
31-03-2026