08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਵਫ਼ਦ ਨੇ ਮੈਡੀਕਲ ਸੁਪਰਡੈਂਟ ਨਾਲ ਕੀਤੀ ਮੁਲਾਕਾਤ

ਫ਼ਰੀਦਕੋਟ, 7 ਅਕਤੂਬਰ (ਸਰਬਜੀਤ ਸਿੰਘ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਫ਼ਰੀਦਕੋਟ ਦੀ ਟੀਮ ਵਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਨਵੇਂ ਬਣੇ ਮੈਡੀਕਲ ਸੁਪਰਡੈਂਟ ਡਾ. ਅਮਰਬੀਰ ਸਿੰਘ ਬੋਪਾਰਾਏ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।

ਅਜੀਤ ਡੈਸਕ 08-10-2026
ਫ਼ਰੀਦਕੋਟ, 7 ਅਕਤੂਬਰ (ਸਰਬਜੀਤ ਸਿੰਘ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਫ਼ਰੀਦਕੋਟ ਦੀ ਟੀਮ ਵਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਨਵੇਂ ਬਣੇ ਮੈਡੀਕਲ ਸੁਪਰਡੈਂਟ ਡਾ. ਅਮਰਬੀਰ ਸਿੰਘ ਬੋਪਾਰਾਏ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਟਰੱਸਟ ਦੇ ਮੈਂਬਰਾਂ ਵਲੋਂ ਉਨ੍ਹਾਂ ਨੂੰ ਗੁਲਦਸਤਾ ਭੇਟ ਕੀਤਾ ਗਿਆ। ਵਫ਼ਦ ਵਿਚ ਟਰੱਸਟ ਦੇ ਫ਼ਰੀਦਕੋਟ ਤੋਂ ਮੈਂਬਰ ਭਰਪੂਰ ਸਿੰਘ, ਦਵਿੰਦਰ ਸਿੰਘ ਸੰਧੂ, ਸੂਰਤ ਸਿੰਘ ਖਾਲਸਾ, ਜਗਪਾਲ ਸਿੰਘ ਬਰਾੜ ਤੇ ਰਿਟਾ. ਕੈਪਟਨ ਬਲਜੀਤ ਸਿੰਘ ਸ਼ਾਮਿਲ ਸਨ। ਟਰੱਸਟ ਦੇ ਮੈਂਬਰਾਂ ਨੇ ਦੱਸਿਆ ਕਿ ਐਸ.ਪੀ. ਸਿੰਘ ਉਬਰਾਏ ਵਲੋਂ ਚਲਾਈ ਜਾ ਰਹੀ ਇਸ ਸੰਸਥਾ ਵਲੋਂ ਮਾਨਯੋਗ ਵੀ.ਸੀ. ਸਾਹਿਬ ਦੀ ਸਹਿਮਤੀ ਨਾਲ ਹਸਪਤਾਲ ਕੈਂਪਸ ਵਿਚ ਦੂਰ-ਦੁਰਾਡੇ ਤੋਂ ਇਲਾਜ ਲਈ ਆਉਣ ਵਾਲੇ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਰੈਣ ਬਸੇਰਾ ਚਲਾਇਆ ਜਾ ਰਿਹਾ ਹੈ। ਜਿੱਥੇ ਮਰੀਜਾਂ ਤੇ ਵਾਰਿਸਾਂ ਨੂੰ ਕੁਝ ਕੁ ਪੈਸਿਆਂ ਵਿਚ ਰਹਿਣ ਲਈ ਸਹੂਲਤ ਪ੍ਰਧਾਨ ਕੀਤੀ ਜਾਂਦੀ ਹੈ। ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਨੂੰ ਇਸ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਨਾ ਹੋਣ ਕਾਰਨ ਉਹ ਰਾਤ ਸਮੇਂ ਹਸਪਤਾਲ ਦੀਆਂ ਗੈਲਰੀਆਂ ਵਿਚ ਫਰਸ਼ਾਂ ’ਤੇ ਸੌਂਦੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਕੈਂਪਸ ਵਿਚ ਹੀ ਟਰੱਸਟ ਵਲੋਂ ਮਰੀਜ਼ਾਂ ਅਤੇ ਵਾਰਸਾਂ ਲਈ ਠਹਿਰਨ ਦੀ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ ਤਾਂ ਇਸ ਦਾ ਲਾਭ ਅਸਲ ਲੋੜਵੰਦਾਂ ਤੱਕ ਪਹੁੰਚਣਾ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਇਸ ਲਈ ਹਸਪਤਾਲ ਪ੍ਰਸ਼ਾਸਨ ਵਲੋਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ, ਵਾਰਡਾਂ ਅਤੇ ਮੁੱਖ ਦਰਵਾਜ਼ਿਆਂ ਨੇੜੇ ਰੈਣ ਬਸੇਰੇ ਸਬੰਧੀ ਸਪੱਸ਼ਟ ਜਾਣਕਾਰੀ ਵਾਲੇ ਬੋਰਡ ਲਗਾਏ ਜਾਣ ਤੇ ਰੈਣ ਬਸੇਰੇ ਤੱਕ ਪਹੁੰਚਾਉਣ ਲਈ ਢੁੱਕਵੀਂ ਵਿਵਸਥਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਟਰੱਸਟ ਵਲੋਂ ਇਸੇ ਜਗ੍ਹਾ ’ਤੇ ਹੀ ਹਰ ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਲਈ ਲੈਬਾਰਟਰੀ ਖੋਲੀ ਹੋਈ ਹੈ ਅਤੇ ਇਸ ਦੇ ਰੇਟ ਬਾਜ਼ਾਰ ਨਾਲੋਂ ਲਗਪਗ 80 ਫ਼ੀਸਦੀ ਘੱਟ ਹਨ। ਉਨ੍ਹਾਂ ਕਿਹਾ ਕਿ ਮਨੁੱਖੀ ਸੇਵਾ ਨਾਲ ਜੁੜੀਆਂ ਇਨ੍ਹਾਂ ਸਹੂਲਤਾਂ ਨੂੰ ਹਸਪਤਾਲ ਦੇ ਵੱਧ ਤੋਂ ਵੱਧ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਉਣ ਲਈ ਪ੍ਰਸ਼ਾਸਨਿਕ ਪੱਧਰ ’ਤੇ ਲੋੜੀਂਦੇ ਕਦਮ ਚੁੱਕੇ ਜਾਣ। ਮੈਡੀਕਲ ਸੁਪਰਡੈਂਟ ਵਲੋਂ ਵਫ਼ਦ ਨੂੰ ਭਰੋਸਾ ਦਿੱਤਾ ਗਿਆ ਤੇ ਕਿਹਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮਨੁੱਖਤਾ ਦੀ ਸੇਵਾ ਨਾਲ ਜੁੜੇ ਇਨ੍ਹਾਂ ਕਾਰਜਾਂ ਵਿਚ ਹਸਪਤਾਲ ਪ੍ਰਸ਼ਾਸਨ ਸੰਭਵ ਸਹਿਯੋਗ ਦੇਵੇਗਾ। ਟਰੱਸਟ ਮੈਂਬਰਾਂ ਨੇ ਆਸ ਪ੍ਰਗਟਾਈ ਕਿ ਹਸਪਤਾਲ ਪ੍ਰਸ਼ਾਸਨ ਵਲੋਂ ਰੈਣ ਬਸੇਰੇ ਦੀ ਸਹੂਲਤ ਬਾਰੇ ਵਿਆਪਕ ਜਾਣਕਾਰੀ ਮੁਹੱਈਆ ਕਰਵਾਉਣ ਨਾਲ ਇਸ ਦਾ ਲਾਭ ਵੱਡੀ ਗਿਣਤੀ ਵਿਚ ਲੋੜਵੰਦ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਮਿਲ ਸਕੇਗਾ।
ਪਿਛਲੀ ਖ਼ਬਰ ਕਿਸਾਨਾਂ ਤੇ ਮਜ਼ਦੂਰਾਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ ਕੁਮਾਰ ਦਾ ਫ਼ੂਕਿਆ ਪੁਤਲਾ ਅਗਲੀ ਖ਼ਬਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫ਼ੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।