ਸ੍ਰੀ ਮੁਕਤਸਰ ਸਾਹਿਬ, 23 ਜੂਨ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਸਿਹਤ ਸੰਸਥਾਵਾਂ ਵਿਚ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਅਤੇ ਵੱਖ-ਵੱਖ ਨੈਸ਼ਨਲ ਪ੍ਰੋਗਰਾਮਾਂ ਦੀ ਸਮੀਖਿਆ ਕਰਨ ਲਈ ਦਫ਼ਤਰ ਸਿਵਲ ਸਰਜਨ ਵਿਖੇ ਡਾ. ਸੁਨੀਲ ਬਾਂਸਲ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਵਿੱਚ ਸਿਹਤ ਵਿਭਾਗ ਦੇ ਸਮੂਹ ਪ੍ਰੋਗਰਾਮ ਅਫ਼ਸਰਾਂ ਅਤੇ ਜ਼ਿਲ੍ਹੇ ਦੇ ਸਾਰੇ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਡਾ. ਸੁਨੀਲ ਬਾਂਸਲ ਸਿਵਲ ਸਰਜਨ ਨੇ ਸਾਰੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਘਰਾਂ ਦੇ ਨੇੜੇ ਤੇ ਵਧੀਆ ਅਤੇ ਮੁਫ਼ਤ ਸਿਹਤ ਸਹੂਲਤਾਂ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਚ ਲੋਕਾਂ ਨੂੰ ਜ਼ਰੂਰੀ ਦਵਾਈਆਂ ਮੁਫ਼ਤ ਦੇਣੀਆਂ ਯਕੀਨੀ ਬਣਾਈਆਂ ਜਾਣ ਅਤੇ ਦਵਾਈਆਂ ਦਾ ਲੋੜੀਂਦਾ ਸਟਾਕ ਪੂਰਾ ਰੱਖਿਆ ਜਾਵੇ ਤਾਂ ਜੋ ਸਰਕਾਰੀ ਹਸਪਤਾਲਾਂ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਮੁਸ਼ਕਿਲ ਪੇਸ਼ ਨਾ ਆਵੇ ਅਤੇ ਲੋਕ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਮੁਫ਼ਤ ਸਹੂਲਤਾਂ ਦਾ ਲਾਭ ਉਠਾ ਸਕਣ। ਉਨ੍ਹਾਂ ਵਲੋਂ ਮੀਟਿੰਗ ਵਿਚ ਸਿਹਤ ਵਿਭਾਗ ਵਲੋਂ ਚਲਾਏ ਜਾ ਰਹੇ ਸਾਰੇ ਨੈਸ਼ਨਲ ਪ੍ਰੋਗਰਾਮਾਂ ਤੇ ਸਿਹਤ ਸਕੀਮਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਮੂਹ ਅਫ਼ਸਰਾਂ ਨੂੰ ਕਿਹਾ ਗਿਆ ਕਿ ਸਿਹਤ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਦਾ ਲਾਭ ਹਰੇਕ ਲਾਭਪਾਤਰੀ ਨੂੰ ਮਿਲਣਾ ਯਕੀਨੀ ਬਣਾਇਆ ਜਾਵੇ। ਇਸ ਸਮੇਂ ਸਿਹਤ ਵਿਭਾਗ ਵਲੋਂ ਚਲਾਏ ਜਾ ਰਹੇ ਸਾਰੇ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਗਈ ਅਤੇ ਇਨ੍ਹਾਂ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਡਾ. ਬਾਂਸਲ ਵਲੋਂ ਸਮੂਹ ਐੱਸ.ਐੱਮ.ਓਜ਼. ਨੂੰ ਹਦਾਇਤ ਕੀਤੀ ਕਿ ਸਿਹਤ ਸੰਸਥਾਵਾਂ ਵਿਚ ਆਉਣ ਵਾਲੇ ਹਰ ਮਰੀਜ਼ ਦੀ ਆਭਾ ਆਈ.ਡੀ. (ਆਯੂਸ਼ਮਾਨ ਭਾਰਤ ਹੈਲਥ ਅਕਾਊਂਟ) ਬਣਾਉਣ ਅਤੇ ਸਕੈਨ ਐਂਡ ਸ਼ੇਅਰ ਸੇਵਾ ਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ। ਇਸ ਐਪ ਰਾਹੀਂ ਮਰੀਜ਼ ਆਪਣੇ ਮੋਬਾਈਲ ਫ਼ੋਨ ਨਾਲ ਕਿਊ.ਆਰ. ਕੋਡ ਸਕੈਨ ਕਰਕੇ ਘਰ ਬੈਠੇ ਹੀ ਓ.ਪੀ.ਡੀ. ਟੋਕਨ ਪ੍ਰਾਪਤ ਕਰ ਸਕਦੇ ਹਨ, ਜਿਸ ਨਾਲ ਹਸਪਤਾਲਾਂ ਵਿਚ ਲਾਈਨਾਂ ’ਚ ਲੱਗਣ ਦਾ ਸਮਾਂ ਘੱਟ ਜਾਂਦਾ ਹੈ ਅਤੇ ਸਿਹਤ ਸੇਵਾਵਾਂ ਹੋਰ ਸੁਚਾਰੂ ਢੰਗ ਨਾਲ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ। ਇਸ ਸਮੇਂ ਡਾ. ਦੁਪਿੰਦਰ ਕੁਮਾਰ ਡੀ.ਐੱਮ.ਸੀ., ਡਾ. ਸਰਬਜੀਤ ਸਿੰਘ ਸਹਾਇਕ ਸਿਵਲ ਸਰਜਨ, ਡਾ. ਲਖਬੀਰ ਕੌਰ ਡੀ.ਆਈ.ਓ., ਡਾ. ਰਾਜੀਵ ਸੱਚਦੇਵਾ ਐੱਸ.ਐੱਮ.ਓ. ਸ੍ਰੀ ਮੁਕਤਸਰ ਸਾਹਿਬ, ਡਾ. ਅੰਮ੍ਰਿਤਪਾਲ ਕੌਰ ਐੱਸ.ਐੱਮ.ਓ. ਸਰਾਵਾਂ ਬੋਦਲਾ, ਡਾ. ਰਜਿੰਦਰ ਕੁਮਾਰ ਐੱਸ.ਐੱਮ.ਓ. ਮਲੋਟ, ਡਾ. ਹਰਕੀਰਤਨ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ, ਡਾ. ਕੁਲਤਾਰ ਸਿੰਘ ਐੱਸ.ਐੱਮ.ਓ ਚੱਕ ਸ਼ੇਰੇਵਾਲਾ, ਡਾ. ਰਸ਼ਮੀ ਚਾਵਲਾ ਐੱਸ.ਐੱਮ.ਓ. ਗਿੱਦੜਬਾਹਾ, ਡਾ. ਸਿੰਪਲ ਐੱਸ.ਐੱਮ.ਓ. ਆਲਮਵਾਲਾ, ਡਾ. ਜੈਦੀਪ ਬਰਾੜ ਐੱਸ.ਐੱਮ.ਓ. ਬਾਦਲ, ਡਾ. ਮਿਰਨਾਲ ਐੱਸ.ਐੱਮ.ਓ. ਦੋਦਾ, ਡਾ. ਹਰਿੰਦਰਪਾਲ ਸਿੰਘ ਐੱਸ.ਐੱਮ.ਓ. ਲੰਬੀ, ਡਾ. ਰੋਬਿਨ ਪ੍ਰੋਗਰਾਮ ਅਫ਼ਸਰ, ਡਾ. ਗੁਰਮੀਤ ਕੌਰ ਭੰਡਾਰੀ ਟੀ.ਬੀ. ਪ੍ਰੋਗਰਾਮ ਅਫ਼ਸਰ, ਡਾ. ਇਕਬਾਲ ਸਿੰਘ ਐੱਮ.ਓ., ਸੁਮਿਤ ਸ਼ਰਮਾ ਏ.ਸੀ.ਐੱਫ਼.ਏ., ਪਵਿੱਤਰ ਸਿੰਘ ਐੱਮ.ਐੱਲ.ਟੀ., ਲਾਲ ਚੰਦ ਸਿਹਤ ਇੰਸਪੈਕਟਰ, ਦੀਪਕ ਕੁਮਾਰ ਡੀ.ਪੀ.ਐੱਮ., ਭੁਪਿੰਦਰ ਸਿੰਘ ਪੀ.ਏ., ਗੁਰਚਰਨ ਸਿੰਘ ਫਾਰਮੇਸੀ ਅਫ਼ਸਰ, ਰਜਿੰਦਰ ਭੂਸ਼ਨ ਅਕਾਊਂਟ ਅਫ਼ਸਰ, ਸੰਦੀਪ ਕੌਰ ਕੋਆਰਡੀਨੇਟਰ ਹਾਜ਼ਰ ਸਨ।
ਸਿਵਲ ਸਰਜਨ ਵਲੋਂ ਸੀਨੀਅਰ ਮੈਡੀਕਲ ਅਫ਼ਸਰਾਂ ਤੇ ਪ੍ਰੋਗਰਾਮ ਅਫ਼ਸਰਾਂ ਨਾਲ ਮੀਟਿੰਗ
ਅਜੀਤ ਡੈਸਕ
24-06-2026