ਅਮਰਗੜ੍ਹ, 3 ਜੂਨ (ਜਤਿੰਦਰ ਮੰਨਵੀ) - ਪੰਜਾਬ ਪੁਲਿਸ 'ਚ ਹੌਲਦਾਰ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਬਾਗੜੀਆਂ ਦੇ ਦੋ ਸਕੇ ਭਰਾਵਾਂ ਨਾਲ 32 ਲੱਖ ਰੁਪਏ ਦੀ ਵੱਡੀ ਠੱਗੀ ਮਾਰਨ ਦੇ ਬੀਤੇ ਦਿਨੀਂ ਦਰਜ ਹੋਏ ਇੱਕ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ | ਪਿਛਲੇ ਦਿਨੀਂ ਥਾਣਾ ਅਮਰਗੜ੍ਹ ਪੁਲਿਸ ਵਲੋਂ ਉੱਚ ਅਧਿਕਾਰੀਆਂ ਦੀ ਜਾਂਚ ਰਿਪੋਰਟ ਤੋਂ ਬਾਅਦ ਚਾਰ ਵਿਅਕਤੀਆਂ ਖ਼ਿਲਾਫ਼ ਦਰਜ ਕੀਤੇ ਮੁਕੱਦਮੇ ਨੂੰ ਲੈ ਕੇ ਇੱਕ ਪੋਸਟ ਹੁਣ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ | ਇਸ ਵਾਇਰਲ ਪੋਸਟ ਤੋਂ ਬਾਅਦ ਲੋਕਾਂ ਵਲੋਂ ਇਸ ਠੱਗੀ 'ਚ ਨਾਮਜ਼ਦ ਮੁੱਖ ਮੁਲਜ਼ਮ ਦੇ ਕਥਿਤ ਸਿਆਸੀ ਸਾਕ-ਸੰਬੰਧਾਂ ਅਤੇ ਸੰਬੰਧਿਤ ਵੱਡੇ ਸਿਆਸੀ ਆਗੂ 'ਤੇ ਤਿੱਖੇ ਸਵਾਲ ਚੁੱਕੇ ਜਾ ਰਹੇ ਹਨ | ਬੀਤੇ ਦਿਨੀਂ ਪੁਲਿਸ ਕੋਲ ਪਹੁੰਚੇ ਇਸ ਮਾਮਲੇ 'ਚ ਸ਼ਿਕਾਇਤਕਰਤਾ ਹਰਜਿੰਦਰ ਸਿੰਘ ਅਤੇ ਉਸ ਦੇ ਭਰਾ ਕੁਲਵਿੰਦਰ ਸਿੰਘ ਵਾਸੀ ਬਾਗੜੀਆ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਗੁਆਂਢੀ ਅਮਰਿੰਦਰ ਸਿੰਘ ਉਰਫ਼ ਰਵੀ ਨੇ ਉਨ੍ਹਾਂ ਦੀ ਮੁਲਾਕਾਤ ਚਮਕੌਰ ਸਿੰਘ ਵਾਸੀ ਬੁਰਜਸੇਢਾ ਸੰਗਰੂਰ ਨਾਲ ਕਰਵਾਈ ਸੀ | ਚਮਕੌਰ ਸਿੰਘ ਨੇ ਖ਼ੁਦ ਨੂੰ ਪੰਜਾਬ ਦੇ ਇੱਕ ਨਾਮਵਰ ਸਿਆਸੀ ਆਗੂ ਦਾ ਭਤੀਜਾ ਦੱਸਿਆ ਅਤੇ ਉੱਚ ਅਧਿਕਾਰੀਆਂ ਨਾਲ ਆਪਣੀ ਚੰਗੀ ਪਛਾਣ ਹੋਣ ਦਾ ਦਾਅਵਾ ਕਰਕੇ ਦੋਵਾਂ ਭਰਾਵਾਂ ਨੂੰ ਹੌਲਦਾਰ ਭਰਤੀ ਕਰਵਾਉਣ ਦਾ ਝਾਂਸਾ ਦਿੱਤਾ | ਮੁਲਜ਼ਮਾਂ ਨੇ ਇਸ ਕੰਮ ਲਈ ਕੁੱਲ 40 ਲੱਖ ਰੁਪਏ ਮੰਗੇ ਸਨ, ਜਿਸ 'ਚੋਂ 32 ਲੱਖ ਰੁਪਏ ਵੱਖ-ਵੱਖ ਸਮੇਂ ਦੌਰਾਨ ਬੈਂਕ ਖਾਤਿਆਂ ਅਤੇ ਨਕਦ ਰੂਪ 'ਚ ਲੈ ਲਏ ਗਏ | ਪੀੜਤਾਂ ਮੁਤਾਬਕ ਮੁਲਜ਼ਮਾਂ ਨੇ ਠੱਗੀ ਨੂੰ ਸੱਚ ਦਿਖਾਉਣ ਲਈ ਉਨ੍ਹਾਂ ਨੂੰ ਲੱਡਾ ਕੋਠੀ ਸਥਿਤ ਇੱਕ ਵਰਦੀ ਭੰਡਾਰ ਤੋਂ ਪੁਲਿਸ ਦੀਆਂ ਵਰਦੀਆਂ ਵੀ ਦਿਵਾਈਆਂ ਅਤੇ ਇੱਕ ਫ਼ਰਜ਼ੀ ਆਫ਼ਰ ਲੈਟਰ ਜੁਆਇਨਿੰਗ ਲੈਟਰ ਦੀ ਕਾਪੀ ਸੌਂਪ ਦਿੱਤੀ | ਹੱਦ ਤਾਂ ਉਦੋਂ ਹੋ ਗਈ ਜਦੋਂ ਮੁਲਜ਼ਮ ਦੋਵਾਂ ਭਰਾਵਾਂ ਨੂੰ ਸਾਰੀ ਪੈਕਿੰਗ ਕਰਵਾ ਕੇ ਟਰੇਨਿੰਗ ਸੈਂਟਰ ਜਹਾਨਖੇਲਾਂ ਹੁਸ਼ਿਆਰਪੁਰ ਲੈ ਗਏ | ਉੱਥੇ ਪਹੁੰਚ ਕੇ ਜਦੋਂ ਮੁਲਜ਼ਮ ਵਲੋਂ ਵੱਡੇ ਅਫ਼ਸਰ ਦੇ ਪੀ.ਏ ਨਾਲ ਮਿਲਾਏ ਗਏ ਫ਼ੋਨ ਕਾਲ ਦਾ ਨੰਬਰ ਚੈੱਕ ਕੀਤਾ ਗਿਆ, ਤਾਂ ਉਹ ਉਨ੍ਹਾਂ ਦੇ ਹੀ ਪਿੰਡ ਦੇ ਮੁਲਜ਼ਮ ਅਮਰਿੰਦਰ ਸਿੰਘ ਦਾ ਨਿਕਲਿਆ, ਜਿਸ ਤੋਂ ਬਾਅਦ ਇਸ ਪੂਰੇ ਫ਼ਰਜ਼ੀਵਾੜੇ ਦਾ ਪਰਦਾਫਾਸ਼ ਹੋਇਆ | ਭਾਵੇਂ ਕਿ ਪੁਲਿਸ ਨੇ ਪੀੜਤਾਂ ਦੀ ਦਰਖ਼ਾਸਤ 'ਤੇ ਕਾਰਵਾਈ ਕਰਦਿਆਂ ਪਿਛਲੇ ਮਹੀਨੇ ਹੀ ਕਥਿਤ ਦੋਸ਼ੀ ਚਮਕੌਰ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਬੁਰਜਸੇਢਾ, ਸੰਗਰੂਰ, ਹਰਪ੍ਰੀਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਬੁਰਜਸੇਢਾ ਸੰਗਰੂਰ, ਅਮਰਿੰਦਰ ਸਿੰਘ ਉਰਫ਼ ਰਵੀ ਪੁੱਤਰ ਸਰੂਪ ਸਿੰਘ ਵਾਸੀ ਬਾਗੜੀਆ ਮਲੇਰਕੋਟਲਾ, ਕਮਲਦੀਪ ਕੁਮਾਰ ਮਲੇਰਕੋਟਲਾ ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਪਰ ਹੁਣ ਇਸ ਘਟਨਾ ਨਾਲ ਸਬੰਧਿਤ ਵਾਇਰਲ ਪੋਸਟ 'ਚ ਸਿਆਸੀ ਆਗੂ 'ਤੇ ਤਿੱਖੇ ਸਵਾਲ ਦਾਗੇ ਜਾ ਰਹੇ ਹਨ |