ਭਵਾਨੀਗੜ੍ਹ, 3 ਜੂਨ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਘਾਬਦਾਂ ਦੇ ਪੀ.ਜੀ.ਆਈ ਹਸਪਤਾਲ ਦੇ ਸਾਹਮਣੇ ਮੁੱਖ ਮਾਰਗ 'ਤੇ ਇਕ ਬਰੀਜਾ ਕਾਰ ਡਿਵਾਈਡਰ ਟੱਪ ਕੇ ਦੂਜੇ ਪਾਸੇ ਆ ਰਹੇ ਟਰੱਕ ਵਿਚ ਵੱਜਣ ਕਾਰਨ ਹੋਏ ਹਾਦਸੇ 'ਚ ਕਾਰ ਸਵਾਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਸਬੰਧੀ ਸੂਚਨਾ ਮਿਲੀ ਤਾਂ ਉਹ ਮੌਕੇ 'ਤੇ ਪਹੁੰਚੇ | ਉਨ੍ਹਾਂ ਦੇਖਿਆ ਕਿ ਇਕ ਤੇਜ ਰਫ਼ਤਾਰ ਬਰੀਜ਼ਾ ਕਾਰ ਜੋ ਸੰਗਰੂਰ ਵਲੋਂ ਪਟਿਆਲਾ ਨੂੰ ਜਾ ਰਹੀ ਸੀ, ਤਾਂ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰ ਕੇ ਦੂਜੇ ਪਾਸੇ ਆ ਰਹੇ ਟਰੱਕ ਵਿਚ ਲੱਗੀ, ਜਿਸ ਦੌਰਾਨ ਕਾਰ ਵਿਚ ਸਵਾਰ ਜਗਦੀਸ਼ ਕੁਮਾਰ ਪੁੱਤਰ ਮੇਹਰ ਚੰਦ ਪਿੰਡ ਅਵਲੋਵਾਲ ਜ਼ਿਲ੍ਹਾ ਪਟਿਆਲਾ, ਜਿਸ ਨੂੰ ਗੰਭੀਰ ਹਾਲਤ ਵਿਚ ਮੌਕੇ 'ਤੇ ਚੁੱਕ ਕੇ ਸਿਵਲ ਹਸਪਤਾਲ ਸੰਗਰੂਰ ਲਿਜਾਇਆ ਗਿਆ, ਜਿੱਥੇ ਉਸ ਵਿਅਕਤੀ ਦੀ ਮੌਤ ਹੋ ਗਈ | ਇਸ ਸਬੰਧੀ ਥਾਣਾ ਸਦਰ ਸੰਗਰੂਰ ਦੇ ਇੰਚਾਰਜ ਅਵਤਾਰ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ ਪੌਣੇ 4 ਵਜੇ ਵਾਪਰਿਆ, ਇਸ ਹਾਦਸੇ ਵਿਚ ਕਾਰ ਚਾਲਕ ਦਾ ਮੌਤ ਹੋ ਗਈ | ਪੁਲਿਸ ਵਲੋਂ ਇਸ ਸਬੰਧੀ ਅਗਲੀ ਕਾਰਵਾਈ ਆਰੰਭ ਕਰਦਿਆਂ ਹਾਦਸੇ ਸਬੰਧੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਇਲਾਕਾ ਵਾਸੀਆਂ ਦੱਸਿਆ ਕਿ ਪਹਿਲਾਂ ਪੀ.ਜੀ.ਆਈ ਨੇੜੇ ਪਹਿਲਾਂ ਸਿਹਤ ਵਿਭਾਗ ਵਲੋਂ ਐਂਬੂਲੈਂਸ 108 ਨੰਬਰ ਖੜੀ ਕੀਤੀ ਹੋਈ ਸੀ, ਜੋ ਇੱਥੇ ਅਕਸਰ ਵਾਪਰਦੇ ਹਾਦਸਿਆਂ ਲਈ ਸਹਾਈ ਹੁੰਦੀ ਸੀ, ਪਰ ਅਪ੍ਰੈਲ ਮਹੀਨੇ ਤੋਂ ਸਿਹਤ ਵਿਭਾਗ ਵਲੋਂ ਇਸ ਐਂਬੂਲੈਂਸ ਨੂੰ ਕਿਤੇ ਹੋਰ ਭੇਜ ਦੇਣ ਕਾਰਨ ਇੱਥੇ ਵਾਪਰਦੇ ਹਾਦਸਿਆਂ ਅਤੇ ਘਟਨਾਵਾਂ ਨੂੰ ਸਮੇਂ ਸਿਰ ਮੁੱਢਲੀ ਸਹਾਇਤਾ ਨਾ ਮਿਲਣ ਕਾਰਨ ਕੀਮਤੀ ਜਾਨਾਂ ਜਾ ਰਹੀਆਂ ਹਨ | ਇਲਾਕਾ ਵਾਸੀਆਂ ਨੇ ਦੱਸਿਆ ਕਿ ਭਾਵੇਂ ਸੜਕ ਸੁਰੱਖਿਆ ਫੋਰਸ ਕੁਝ ਸਮੇਂ ਬਾਅਦ ਹੀ ਹਾਦਸਾ ਸਥਾਨ 'ਤੇ ਪਹੁੰਚ ਗਈ, ਪਰ ਜੇਕਰ ਮੌਕੇ 'ਤੇ ਹੀ ਐਂਬੂਲੈਂਸ ਨਾਲ ਮੁੱਢਲੀ ਸਹਾਇਤਾ ਮਿਲ ਜਾਂਦੀ ਤਾਂ ਸ਼ਾਇਦ ਮਿ੍ਤਕ ਦੀ ਜਾਨ ਬਚਾਈ ਜਾ ਸਕਦੀ ਸੀ | ਇਲਾਕੇ ਦੇ ਪਤਵੰਤਿਆਂ ਨੇ ਸਿਹਤ ਵਿਭਾਗ ਤੋਂ ਪੀ.ਜੀ.ਆਈ ਘਾਬਦਾਂ 'ਚ ਐਂਬੂਲੈਂਸ ਖੜ੍ਹਾਉਣ ਦੀ ਮੰਗ ਕੀਤੀ |