26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਗਿੱਦੜਬਾਹਾ ਹਲਕੇ ਦੇ ਪਿੰਡਾਂ 'ਚ ਖ਼ਰੀਦ ਕੇਂਦਰਾਂ 'ਤੇ ਪ੍ਰਬੰਧ ਬਦਤਰ

ਅਜੀਤ ਡੈਸਕ 11-04-2026
ਗਿੱਦੜਬਾਹਾ, 10 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-ਹਾੜੀ ਦੀ ਫ਼ਸਲ ਕਣਕ ਦੀ ਸਰਕਾਰੀ ਕਾਗ਼ਜ਼ਾਂ 'ਚ ਖ਼ਰੀਦ ਸ਼ੁਰੂ ਹੋਣ ਦੇ ਹਫ਼ਤਾ ਬੀਤਣ ਦੇ ਬਾਵਜੂਦ ਗਿੱਦੜਬਾਹਾ ਹਲਕੇ ਦੇ ਖ਼ਰੀਦ ਕੇਂਦਰਾਂ 'ਚ ਵਿਭਾਗ ਦੀ ਅਣਦੇਖੀ ਕਾਰਨ ਪ੍ਰਬੰਧਾਂ ਦੀ ਵੱਡੀ ਘਾਟ ਰੜਕ ਰਹੀ ਹੈ, ਜਿਸ ਨੇ ਵਿਭਾਗ ਦੇ ਅਧਿਕਾਰੀਆਂ ਦੀ ਕਾਰਜਪ੍ਰਣਾਲੀ 'ਤੇ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ | ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵਲੋਂ ਇਕ ਅਪ੍ਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਕਰਨ ਤੋਂ ਇਲਾਵਾ ਸਮੁੱਚੇ ਬਣਦੇ ਪ੍ਰਬੰਧ ਪੂਰੇ ਕਰਨ ਲਈ ਸੰਬੰਧਿਤ ਮਾਰਕੀਟ ਕਮੇਟੀਆਂ ਨੂੰ ਹੁਕਮ ਦਿੱਤੇ ਜਾ ਚੁੱਕੇ ਹਨ | ਕਣਕ ਦੀ ਫ਼ਸਲ ਪੱਕ ਕੇ ਤਿਆਰ ਹੈ | ਕੁੱਝ ਦਿਨਾਂ ਤੋਂ ਬੇਮੌਸਮੀ ਬਾਰਿਸ਼, ਗੜ੍ਹੇਮਾਰੀ ਤੇ ਤੇਜ਼ ਹਵਾਵਾਂ ਨਾਲ ਹਲਕੇ ਦੇ ਕਈ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਹਨ ਤੇ ਕਣਕ ਦੀ ਫ਼ਸਲ ਤਬਾਹ ਹੋ ਗਈ ਹੈ, ਜਿਸ ਕਰਕੇ ਕਿਸਾਨਾਂ 'ਚ ਲਗਾਤਾਰ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ | ਮੌਸਮ 'ਚ ਥੋੜ੍ਹੀ ਜਿਹੀ ਢਿੱਲ ਦੇਖਦਿਆਂ ਕਿਸਾਨ ਕਣਕ ਦੀ ਵਾਢੀ ਕਰ ਰਹੇ ਹਨ, ਜਿਸ ਨਾਲ ਪਿੰਡਾਂ ਤੇ ਗਿੱਦੜਬਾਹਾ ਦੀ ਮੁੱਖ ਦਾਣਾ ਮੰਡੀ ਵਿਚ ਕਣਕ ਆ ਰਹੀ ਹੈ | ਪਰ ਅਜੇ ਤੱਕ ਕਣਕ ਦੀ ਖ਼ਰੀਦ ਸ਼ੁਰੂ ਨਹੀਂ ਕੀਤੀ ਜਾ ਸਕੀ | ਬੀਤੇ ਦਿਨ ਗਿੱਦੜਬਾਹਾ ਦੀ ਅਨਾਜ ਮੰਡੀ 'ਚ ਖੁੱਲੇ੍ਹ ਆਸਮਾਨ ਹੇਠ ਪਈ ਕਿਸਾਨ ਦੀ ਕਣਕ ਇਸ ਕਰਕੇ ਬੁਰੀ ਤਰ੍ਹਾਂ ਭਿੱਜ ਗਈ ਕਿ ਉੱਥੇ ਕਣਕ ਢਕਣ ਦੇ ਪੂਰੇ ਇੰਤਜਾਮ ਹੀ ਨਹੀਂ ਸੀ | ਇੱਥੋਂ ਤੱਕ ਕਿ ਕਿਸਾਨਾਂ ਨੂੰ ਖ਼ਾਲੀ ਪਏ ਸ਼ੈਡਾਂ ਹੇਠਾਂ ਕਿਸੇ ਨੇ ਕਣਕ ਰੱਖਣ ਲਈ ਇਜ਼ਾਜਤ ਹੀ ਨਹੀਂ ਦਿੱਤੀ | ਪਿੰਡ ਮਧੀਰ ਦੀ ਅਨਾਜ ਮੰਡੀ 'ਚ ਕਿਸਾਨ ਨਗਿੰਦਰ ਸਿੰਘ, ਵਿਜੇ ਕੁਮਾਰ ਤੇ ਵਿੱਕੀ ਦਾ ਕਹਿਣਾ ਸੀ ਕਿ ਉੱਥੇ ਲਾਈਟਾਂ ਦਾ ਪੂਰਾ ਇੰਤਜਾਮ ਨਹੀਂ ਹੈ | ਪਖਾਨਿਆਂ 'ਚ ਗੰਦਗੀ ਜਮ੍ਹਾਂ ਹੋਈ ਪਈ ਹੈ | ਇੱਥੋਂ ਤੱਕ ਕਿ ਪੀਣ ਵਾਲੇ ਪਾਣੀ ਦਾ ਵੀ ਵਧੀਆ ਇੰਤਜਾਮ ਨਹੀਂ ਹੈ | ਜ਼ਮੀਨ ਹੇਠਲਾ ਨਲਕਿਆਂ ਦਾ ਪਾਣੀ ਪੀਣਯੋਗ ਨਹੀਂ ਹੈ | ਪਿੰਡ ਥਰਾਜਵਾਲਾ ਦੀ ਅਨਾਜ ਮੰਡੀ 'ਚ ਸੜਕੀ ਰਸਤਿਆਂ ਵਿਚ ਪਾਣੀ ਭਰ ਗਿਆ ਹੈ | ਵਿਭਾਗ ਵਲੋਂ ਪਾਣੀ ਦੀ ਨਿਕਾਸੀ ਨਹੀਂ ਕਰਵਾਈ ਜਾ ਰਹੀ |
ਇਥੇ ਕੋਈ ਪੱਕੇ ਤੌਰ 'ਤੇ ਪਖਾਨਿਆਂ ਦਾ ਪ੍ਰਬੰਧ ਨਹੀਂ ਹੈ ਅਤੇ ਸਿਰਫ਼ ਆਰਜੀ ਪਖਾਨੇ ਬਣਾ ਕੇ ਬੁੱਤਾ ਸਾਰਿਆ ਜਾ ਰਿਹਾ ਹੈ | ਨਹਾਉਣ ਲਈ ਕੋਈ ਪੁਖ਼ਤਾ ਪ੍ਰਬੰਧ ਨਹੀਂ ਹਨ | ਕਿਸਾਨਾਂ ਦਾ ਕਹਿਣਾ ਸੀ ਕਿ ਮੌਸਮ 'ਚ ਅਜੇ ਤੱਕ ਵੀ ਸੁਧਾਰ ਹੋਣ ਦੀ ਕੋਈ ਸੂਚਨਾ ਨਹੀਂ ਹੈ |
ਕਣਕ ਪੱਕ ਕੇ ਤਿਆਰ ਹੋਣ ਕਰਕੇ ਵਾਢੀ ਕਰਕੇ ਅਨਾਜ ਮੰਡੀਆਂ 'ਚ ਲਿਆਂਦੀ ਜਾਵੇਗੀ ਤੇ ਅਨਾਜ ਮੰਡੀਆਂ ਵਿਚ ਸੁਰੱਖਿਅਤ ਪੁਖ਼ਤਾ ਪ੍ਰਬੰਧਾਂ ਨਹੀਂ ਹਨ | ਮਾਰਕੀਟ ਕਮੇਟੀ ਗਿੱਦੜਬਾਹਾ ਦੇ ਸਕੱਤਰ ਅਨਿੱਲ ਖੁੰਗਰ ਦਾ ਕਹਿਣਾ ਸੀ ਕਿ ਗਿੱਦੜਬਾਹਾ ਅਨਾਜ ਮੰਡੀ ਸਮੇਤ 29 ਖ਼ਰੀਦ ਕੇਂਦਰ ਹਨ, ਜਿੱਥੇ 530 ਮੀਟਿ੍ਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਤੇ ਭਲਕੇ ਖ਼ਰੀਦ ਸ਼ੁਰੂ ਕਰ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਗਿੱਦੜਬਾਹਾ ਵਿਖੇ ਇਕ ਕਮਿਸ਼ਨ ਏਜੰਟ ਦਾ ਲਾਇਸੰਸ ਇਸ ਲਈ ਸਸਪੈਂਡ ਕਰ ਦਿੱਤਾ ਗਿਆ ਸੀ ਕਿ ਉਸ ਨੇ ਕਿਸਾਨ ਦੀ ਕਣਕ ਲਈ ਪ੍ਰਬੰਧ ਨਹੀਂ ਕੀਤੇ ਸੀ | ਉਨ੍ਹਾਂ ਦੱਸਿਆ ਕਿ ਜਲਦੀ ਹੀ ਅਨਾਜ ਮੰਡੀਆਂ ਵਿਚ ਸਹੂਲਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ |
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ 'ਚ ਆਵਾਰਾ ਕੁੱਤਿਆਂ ਦੀ ਭਰਮਾਰ ਅਗਲੀ ਖ਼ਬਰ ਸ਼ਾਰਟ ਸਰਕਟ ਨਾਲ ਲੱਗੀ ਅੱਗ ਕਾਰਨ 8 ਏਕੜ ਕਣਕ ਸੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।