22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਪਿੰਡ ਭਾਗਸਰ ਦੀ ਫਿਰਨੀ 'ਤੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਵਿਵਾਦ ਭਖਿਆ

ਅਜੀਤ ਡੈਸਕ 01-04-2026
ਮੰਡੀ ਲੱਖੇਵਾਲੀ, 31 ਮਾਰਚ (ਮਿਲਖ ਰਾਜ)-ਪੁਲਿਸ ਥਾਣਾ ਲੱਖੇਵਾਲੀ ਅਧੀਨ ਆਉਂਦੇ ਕਸਬਨੁਮਾ ਪਿੰਡ ਭਾਗਸਰ ਵਿਖੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਇਥੇ ਲੱਖੇਵਾਲੀ ਮੋੜ ਦੇ ਨਜ਼ਦੀਕ ਫ਼ਿਰਨੀ 'ਤੇ ਸਥਿਤ ਗੰਦੇ ਪਾਣੀ ਦੇ ਨਿਕਾਸ ਲਈ ਇਕ ਪਾਸੇ ਤੋਂ ਦੂਜੇ ਪਾਸੇ ਪਾਣੀ ਕੱਢਣ ਲਈ ਸੱਤਾ ਪੱਖੀ ਧਿਰ ਵਲੋਂ ਭਾਰੀ ਪੁਲਿਸ ਬਲ ਦੀ ਮਦਦ ਨਾਲ ਪੁਲੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੀੜਤ ਧਿਰ ਦੇ ਵੱਡੇ ਵਿਰੋਧ ਤੇ ਧਰਨੇ ਕਾਰਨ ਪੁਲਿਸ ਅਤੇ ਸੱਤਾ ਧਿਰ ਵਲੋਂ ਮਾਮਲੇ ਨੂੰ ਜਿਉਂ ਦਾ ਤਿਉਂ ਛੱਡ ਦਿੱਤਾ ਗਿਆ ਤੇ ਪੁਲਿਸ ਬਲ ਵਾਪਸ ਪਰਤ ਗਿਆ | ਇਸ ਸਬੰਧੀ ਪੀੜਤ ਧਿਰ ਨਾਲ ਸਬੰਧਿਤ ਬਲਤੇਜ ਸਿੰਘ, ਗੋਪੀ ਸਿੰਘ, ਹਰਨੂਰ ਸਿੰਘ, ਪਿ੍ਤਪਾਲ ਸਿੰਘ, ਰਾਜਵਿੰਦਰ ਸਿੰਘ, ਲਖਵਿੰਦਰ ਸਿੰਘ, ਜਸਕਰਨ ਸਿੰਘ, ਰਮਨ ਕੌਰ, ਸਰਬਜੀਤ ਸਿੰਘ, ਸ਼ਿਵਰਾਜ ਸਿੰਘ ਆਦਿ ਨੇ ਦੱਸਿਆ ਕਿ ਉਹ ਛੋਟੀ ਕਿਸਾਨੀ ਤੇ ਗਰੀਬ ਪਰਿਵਾਰਾਂ ਨਾਲ ਸਬੰਧਿਤ ਹਨ ਜਿਸ ਕਾਰਨ ਉਨ੍ਹਾਂ ਦੇ ਘਰ ਪਹਿਲਾਂ ਤੋਂ ਹੀ ਬਹੁਤ ਨੀਵੇਂ ਹਨ | ਮਾਮੂਲੀ ਮੀਂਹ ਤੇ ਜ਼ਿਆਦਾ ਵਾਟਰ ਵਰਕਸ ਦਾ ਪਾਣੀ ਛੱਡਣ ਨਾਲ ਹੀ ਗੰਦਾ ਪਾਣੀ ਨਾਲੀਆਂ ਵਿਚੋਂ ਨਿਕਲ ਕੇ ਉਨ੍ਹਾਂ ਦੇ ਘਰਾਂ ਅੰਦਰ ਦਾਖ਼ਲ ਹੋ ਜਾਂਦਾ ਹੈ ਜਿਸ ਤੋਂ ਉਹ ਪਹਿਲਾਂ ਹੀ ਬਹੁਤ ਪ੍ਰੇਸ਼ਾਨ ਹਨ | ਉੱਪਰੋਂ ਹੁਣ ਸੱਤਾ ਧਿਰ ਨਾਲ ਸਬੰਧਿਤ ਸੜਕ ਦੇ ਦੂਜੇ ਪਾਸੇ ਵਾਲੇ ਘਰ ਮੌਜੂਦਾ ਸਰਪੰਚ ਨਾਲ ਮਿਲਕੇ ਧੱਕੇ ਨਾਲ ਪਾਣੀ ਦਾ ਨਿਕਾਸ ਸਾਡੇ ਪਾਸੇ ਕਰਨਾ ਚਾਹੁੰਦੇ ਹਨ ਜਿਸ ਦਾ ਉਹ ਵਿਰੋਧ ਕਰ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਗੰਦੇ ਪਾਣੀ ਦਾ ਨਿਕਾਸ ਪਹਿਲਾਂ ਤੋਂ ਹੀ ਹੋ ਰਿਹਾ ਹੈ ਅਗਰ ਇਹ ਆਪਣਾ ਪਾਣੀ ਵੀ ਇਧਰ ਧੱਕੇ ਨਾਲ ਪਾ ਗਏ ਤਾਂ ਸਾਡੇ ਘਰਾਂ ਵਿਚ ਹਮੇਸ਼ਾਂ ਗੰਦਾ ਪਾਣੀ ਵੜਿਆ ਰਹੇਗਾ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਦੁਆਰਾ ਮੰਡੀਕਰਨ ਬੋਰਡ ਦੀਂ ਬਿਨ੍ਹਾਂ ਮਨਜ਼ੂਰੀ ਤੋਂ ਮੁੱਖ ਸੜਕ ਨੂੰ 25 ਮਾਰਚ ਨੂੰ ਪੁੱਟਿਆ ਗਿਆ ਤੇ ਵਿਰੋਧ ਕਰਨ 'ਤੇ ਉਸ ਦੀ ਮਨਜ਼ੂਰੀ 30 ਮਾਰਚ ਨੂੰ ਲਈ ਗਈ | ਉਨ੍ਹਾਂ ਮੰਗ ਕੀਤੀ ਕਿ ਗੈਰਕਾਨੂੰਨੀ ਢੰਗ ਨਾਲ ਮੁੱਖ ਮਾਰਗ ਨੂੰ ਪੁੱਟਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਦੂਜੇ ਪਾਸੇ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਬਰਾੜ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਘਰਾਂ ਦੀ ਮਜਬੂਰੀ ਨੂੰ ਦੇਖਦਿਆਂ ਮੰਡੀਕਰਨ ਬੋਰਡ ਦੀ ਮਨਜ਼ੂਰੀ ਨਾਲ ਇਹ ਪੁਲੀ ਪਾਈ ਜਾ ਰਹੀ ਸੀ, ਇਸ 'ਚ ਕੁਝ ਵੀ ਗਲਤ ਨਹੀਂ ਹੈ | ਦੂਜੀ ਧਿਰ ਨਾਲ ਸਬੰਧਿਤ ਬੇਅੰਤ ਸਿੰਘ, ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ਸਾਡੇ ਵੀ ਘਰ ਬੇਹੱਦ ਨੀਵੇਂ ਹਨ | ਅਸੀਂ ਆਪਣਾ ਪਾਣੀ ਵਰਮੇ ਦੀ ਮਦਦ ਨਾਲ ਬਾਹਰ ਸੜਕ 'ਤੇ ਸੁੱਟਦੇ ਹਾਂ, ਸਰਪੰਚ ਨੂੰ ਬੇਨਤੀ ਕਰਨ 'ਤੇ ਉਨ੍ਹਾਂ ਨੇ ਸਾਡਾ ਪਾਣੀ ਦੂਜੇ ਪਾਸੇ ਸਹਿਮਤੀ ਨਾਲ ਤੇ ਮੰਡੀਕਰਨ ਬੋਰਡ ਦੀ ਬਕਾਇਦਾ ਫੀਸ ਭਰਕੇ ਆਗਿਆ ਨਾਲ ਪਾਇਆ ਸੀ | ਸਾਡੇ ਪਾਣੀ ਪੈਣ ਨਾਲ ਇਨ੍ਹਾਂ ਘਰਾਂ ਨੂੰ ਕੋਈ ਵੀ ਨੁਕਸਾਨ ਨਹੀਂ ਪਰ ਪਾਰਟੀਬਾਜੀ ਕਾਰਨ ਹੁਣ ਇਹ ਇਸ ਦਾ ਵਿਰੋਧ ਕਰ ਰਹੇ ਹਨ | ਮੰਡੀਕਰਨ ਬੋਰਡ ਦੇ ਐਕਸੀਅਨ ਨਾਲ ਗੱਲ ਕਰਨ 'ਤੇ ਉਨ੍ਹਾਂ ਆਖਿਆ ਕਿ ਸਾਡੇ ਕੋਲ ਪੰਚਾਇਤ ਵਲੋਂ ਪੁਲੀ ਪਾਉਣ ਦੀ ਪ੍ਰਵਾਨਗੀ ਪਹੁੰਚ ਕੀਤੀ ਗਈ ਸੀ ਜਿਸ ਦੀ ਉਨ੍ਹਾਂ ਵਲੋਂ 30 ਮਾਰਚ ਨੂੰ ਮਨਜੂਰੀ ਦੇ ਦਿੱਤੀ ਸੀ ਲੇਕਿਨ ਅਗਰ ਦੂਜੀ ਧਿਰ ਇਸ ਨੂੰ ਰੱਦ ਕਰਨ ਲਈ ਸਾਡੇ ਕੋਲ ਪਹੁੰਚ ਕਰੇਗੀ ਤਾਂ ਇਸ ਤੇ ਦੁਬਾਰਾ ਵਿਚਾਰ ਕੀਤਾ ਜਾਵੇਗਾ |
ਪਿਛਲੀ ਖ਼ਬਰ ਮੀਂਹ ਤੇ ਗੜ੍ਹੇਮਾਰੀ ਨਾਲ ਹੋਏ ਨੁਕਸਾਨ ਸੰਬੰਧੀ ਵਿਸ਼ੇਸ਼ ਗਿਰਦਾਵਰੀ ਕਰਵਾਏ ਸਰਕਾਰ-ਭਾਨਾ ਬਰਾੜ ਅਗਲੀ ਖ਼ਬਰ ਜੈ ਬਾਬੇ ਦੀ ਬਲੱਡ ਸੇਵਾ ਸੁਸਾਇਟੀ ਵਲੋਂ ਸਾਇਕਲ ਰਾਈਡਰ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।