ਸ੍ਰੀ ਮੁਕਤਸਰ ਸਾਹਿਬ, 30 ਮਾਰਚ (ਰਣਜੀਤ ਸਿੰਘ ਢਿੱਲੋਂ)-ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੀ ਮੰਡਲ ਇਕਾਈ ਸ੍ਰੀ ਮੁਕਤਸਰ ਸਾਹਿਬ ਦੀ ਚੋਣ ਬਸੰਤ ਸਿੰਘ, ਬਲਜੀਤ ਸਿੰਘ ਕਿ੍ਪਾਲਕੇ ਤੇ ਨਛੱਤਰ ਸਿੰਘ ਥਾਂਦੇ 'ਤੇ ਆਧਾਰਿਤ ਪ੍ਰਧਾਨਗੀ ਮੰਡਲ ਹੇਠ ਹੋਈ | ਮਨਦੀਪ ਸਿੰਘ ਸਕੱਤਰ ਨੇ ਆਪਣੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ | ਉਸ ਰਿਪੋਰਟ 'ਤੇ ਸਬ ਡਵੀਜ਼ਨ ਦੇ ਡੈਲੀਗੇਟ ਸਾਥੀਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ | ਸਾਰੇ ਸਾਥੀਆਂ ਦੇ ਸੁਝਾਵਾਂ ਤੇ ਦਿੱਤੇ ਗਏ ਵਾਅਦਿਆਂ ਨੂੰ ਠੀਕ ਮੰਨਦੇ ਹੋਏ ਰਿਪੋਰਟ ਸਰਬਸੰਮਤੀ ਨਾਲ ਪਾਸ ਕੀਤੀ ਗਈ | ਫ਼ਿਰ ਇਹ ਰਿਪੋਰਟ ਪਾਸ ਹੋਣ ਤੋਂ ਬਾਅਦ ਬਲਜੀਤ ਸਿੰਘ ਕਿ੍ਪਾਲਕੇ ਪ੍ਰਧਾਨ ਵਲੋਂ ਪੁਰਾਣੀ ਕਮੇਟੀ ਭੰਗ ਕਰਕੇ ਨਵੀਂ ਕਮੇਟੀ ਚੁਣਨ ਲਈ ਰਾਹ ਪੱਧਰਾ ਕੀਤਾ | ਇਸ ਮੌਕੇ ਹੋਈ ਚੋਣ ਵਿਚ ਰਾਣਾ ਸਿੰਘ ਲਾਈਨਮੈਨ ਸ਼ਹਿਰੀ ਸਬ ਡਵੀਜ਼ਨ ਪ੍ਰਧਾਨ, ਲਾਲਾ ਰਾਮ ਲਾਈਨਮੈਨ ਸਬ ਅਰਬਨ ਸਬ ਡਵੀਜ਼ਨ ਸੀਨੀਅਰ ਮੀਤ ਪ੍ਰਧਾਨ, ਕੁਲਦੀਪ ਸਿੰਘ ਲਾਈਨਮੈਨ ਲੱਖੇਵਾਲੀ, ਮਨਪ੍ਰੀਤ ਸਿੰਘ ਲਾਈਨਮੈਨ ਸਬ ਅਰਬਨ ਮੀਤ ਪ੍ਰਧਾਨ, ਮਨਦੀਪ ਸਿੰਘ ਲਾਈਨਮੈਨ ਸਬ ਅਰਬਨ ਸਕੱਤਰ, ਜਗਵੀਰ ਸਿੰਘ ਲਾਈਨਮੈਨ ਬਰੀਵਾਲਾ ਜੁਆਇੰਟ ਸਕੱਤਰ, ਰਿਸ਼ੂ ਬਰਾੜ ਲਾਈਨਮੈਨ ਰੁਪਾਣਾ ਜਥੇਬੰਦਕ ਸਕੱਤਰ, ਸੁਬੋਧ ਕੁਮਾਰ ਲਾਈਨਮੈਨ ਟੀ.ਐੱਲ. ਸਬ ਡਵੀਜ਼ਨ ਪ੍ਰੈੱਸ ਸਕੱਤਰ, ਇੰਦਰਜੀਤ ਸਿੰਘ ਸਹਾਇਕ ਲਾਈਨਮੈਨ ਲੁਬਾਣਿਆਂਵਾਲੀ ਖ਼ਜ਼ਾਨਚੀ ਚੁਣੇ ਗਏ | ਇਸ ਮੌਕੇ ਸੰਬੋਧਨ ਦੌਰਾਨ ਬਲਜੀਤ ਸਿੰਘ ਮੋਦਲਾ ਨੇ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੱਤੀ | ਉਨ੍ਹਾਂ ਪੰਜਾਬ ਸਰਕਾਰ ਤੇ ਬਿਜਲੀ ਕਾਰਪੋਰੇਸ਼ਨ ਦੀਆਂ ਮੈਨੇਜਮੈਂਟਾਂ ਵਲੋਂ ਮੁਲਾਜ਼ਮਾਂ ਨਾਲ ਕੀਤੇ ਜਾ ਰਹੇ ਵਿਤਕਰੇ ਦੀ ਨਿਖੇਧੀ ਕੀਤੀ | ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਦੇ ਬਣਦੇ ਡੀ.ਏ. ਦੇ ਏਰੀਅਰ ਤੇ ਡੀ.ਏ. ਦੀ ਇਕਮੁਸ਼ਤ ਅਦਾਇਗੀ ਕੀਤੀ ਜਾਵੇ, ਪੇਅ ਬੈਂਡ ਦਾ ਲਾਭ ਹਰੇਕ ਮੁਲਾਜ਼ਮ ਨੂੰ ਬਿਨਾਂ ਸ਼ਰਤ ਦਿੱਤਾ ਜਾਵੇ, ਐਪ ਰਾਹੀਂ ਸ਼ੁਰੂ ਕੀਤਾ ਪਰਮਿਟ ਤੁਰੰਤ ਬੰਦ ਕੀਤਾ ਜਾਵੇ, ਆਰ.ਟੀ.ਐੱਮ. ਤੋਂ ਸਹਾਇਕ ਲਾਈਨਮੈਨ ਦੀਆਂ ਤਰੱਕੀਆਂ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਯੂਨੀਅਨ ਵਲੋਂ ਦਿੱਤੇ ਮੰਗ ਪੱਤਰ ਵਿਚ ਦਰਜ ਮੰਨੀਆਂ ਹੋਈਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ |