ਸ੍ਰੀ ਮੁਕਤਸਰ ਸਾਹਿਬ, 29 ਮਾਰਚ (ਰਣਜੀਤ ਸਿੰਘ ਢਿੱਲੋਂ)-ਪਿਛਲੇ ਸਮੇਂ ਦਰਮਿਆਨ ਰਾਜਸਥਾਨ ਤੇ ਸਰਹਿੰਦ ਫੀਡਰ (ਨਹਿਰਾਂ) 'ਤੇ ਪੁਰਾਣੇ ਬਣੇ ਖਸਤਾ ਹਾਲਤ ਪੁਲਾਂ ਦਾ ਦੁਬਾਰਾ ਨਿਰਮਾਣ ਕੀਤਾ ਗਿਆ ਹੈ | ਜੋ ਇਹ ਪੁਲ ਬਣਾਏ ਗਏ ਹਨ, ਇਹ ਕਾਫੀ ਉੱਚੇ ਬਣੇ ਹਨ, ਜਿਸ ਕਰਕੇ ਸੜਕ ਤੋਂ ਢਲਾਣ ਬਹੁਤ ਬਣ ਜਾਂਦੀ ਹੈ | ਨਹਿਰਾਂ 'ਤੇ ਪੁਲ ਤਾਂ ਉੱਚੇ ਬਣਾ ਦਿੱਤੇ ਗਏ ਹਨ, ਪਰ ਹੇਠਲੀ ਸੜਕ ਤੋਂ ਉੱਪਰ ਤੱਕ ਜੋ ਢਲਾਣ ਹੈ, ਉਹ ਕੱਚੀ ਛੱਡ ਦਿੱਤੀ ਗਈ ਹੈ | ਜਿਸ ਵਿਚ ਮਲਬਾ ਵਗੈਰਾ ਸੁੱਟਿਆ ਹੈ ਤੇ ਮਿੱਟੀ ਦੀ ਦਲਦਲ ਬਣ ਗਈ ਹੈ | ਸੜਕਾਂ ਨੂੰ ਉੱਪਰ ਪੁਲ ਨਾਲ ਅਜੇ ਤੱਕ ਨਹੀਂ ਜੋੜਿਆ ਗਿਆ, ਜਿਸ ਕਰਕੇ ਰਾਹਗੀਰਾਂ ਨੂੰ ੰ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ | ਪਿੰਡ ਥਾਂਦੇਵਾਲਾ ਤੋਂ ਭੁੱਟੀਵਾਲਾ ਵਿਚਕਾਰ ਤੇ ਪਿੰਡ ਕੋਟਲੀ ਸੰਘਰ ਤੋਂ ਝਬੇਲਵਾਲੀ ਸੜਕ 'ਤੇ ਪੈਂਦੇ ਪੁਲ ਨਵੀਂ ਤਕਨੀਕ ਨਾਲ ਕਰੀਬ ਦਸ ਮਹੀਨੇ ਪਹਿਲਾਂ ਤਿਆਰ ਹੋ ਚੁੱਕੇ ਹਨ | ਜਦ ਕਿ ਸ੍ਰੀ ਮੁਕਤਸਰ ਸਾਹਿਬ ਦੀ ਬਠਿੰਡਾ ਰੋਡ ਤੋਂ ਰਜਬਾਹੇ ਨਾਲ ਜਾਂਦੀ ਸੜਕ ਤੇ ਪਿੰਡ ਥਾਂਦੇਵਾਲਾ ਤੋਂ ਆਉਂਦੀ ਸੜਕ ਜੋ ਪਿੰਡ ਖਿੜਕੀਆਂਵਾਲਾ ਨੂੰ ਜਾਂਦੀ ਹੈ, ਉਸ 'ਤੇ ਵੀ ਨਵਾਂ ਪੁਲ ਤਿਆਰ ਹੋਣ ਵਾਲਾ ਹੈ ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ | ਰਾਹਗੀਰਾਂ ਨੂੰ ਖਸਤਾ ਹਾਲ ਤੋਂ ਪੁਲਾਂ ਤੋਂ ਤਾਂ ਰਾਹਤ ਮਿਲੀ ਹੈ | ਪਰ ਪੁਲ ਉੱਚੇ ਹੋਣ ਕਰਕੇ ਨਵੀਂ ਮੁਸੀਬਤ ਬਣ ਗਈ ਹੈ, ਕਿਉਂਕਿ ਪੁਲ 'ਤੇ ਚੜ੍ਹਨ ਵਾਲੀਆਂ ਸੜਕਾਂ ਨੂੰ ਪੁਲ ਦੇ ਨਾਲ ਜੋੜਿਆ ਹੀ ਨਹੀਂ ਗਿਆ | ਉਸ ਜਗ੍ਹਾ ਦੇ ਖੱਡਿਆਂ ਨੂੰ ਮਿੱਟੀ 'ਤੇ ਰੋੜਿਆਂ ਨਾਲ ਭਰਿਆ ਗਿਆ ਹੈ | ਉੱਚੇ ਪੁਲਾਂ 'ਤੇ ਗੱਡੀਆਂ ਬੜੀ ਮੁਸ਼ਕਿਲ ਨਾਲ ਚੜ੍ਹਦੀਆਂ ਹਨ | ਵਜ਼ਨ ਨਾਲ ਲੱਦੀਆਂ ਭਾਰੀਆਂ ਗੱਡੀਆਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ ਤੇ ਕਈ ਵਾਰ ਗੱਡੀਆਂ ਫਸ ਚੁੱਕੀਆਂ ਹਨ | ਕਈ ਵਾਰ ਆਟੋ ਰਿਕਸ਼ੇ ਤੇ ਈ ਰਿਕਸ਼ੇ ਪੁਲ ਦੀ ਢਲਾਨ 'ਤੇ ਚੜ੍ਹਨ ਨਾ ਕਰਕੇ ਹਾਦਸੇ ਦਾ ਸ਼ਿਕਾਰ ਹੋਏ ਹਨ | ਪਲਟਨ ਨਾਲ ਸਵਾਰੀਆਂ ਜ਼ਖਮੀ ਹੋਈਆਂ ਹਨ | ਇਨ੍ਹਾਂ ਸੜਕਾਂ ਤੋਂ ਸਕੂਲੀ ਵੈਨਾਂ ਵੀ ਵੱਡੀ ਗਿਣਤੀ ਵਿਚ ਲੰਘਦੀਆਂ ਹਨ | ਮਿੱਟੀ ਕਾਰਨ ਉਡਦੀ ਧੂੜ ਤੇ ਖੱਡੇ ਅਤੇ ਉੱਚੀ ਢਲਾਨ ਕਾਰਨ ਹਮੇਸ਼ਾ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ | ਇਸ ਤੋਂ ਇਲਾਵਾ ਦੋਵੇਂ ਨਹਿਰਾਂ 'ਤੇ ਪੁਲ ਬਣਨ ਮਗਰੋਂ ਜੋ ਵਿਚਕਾਰ ਜਗ੍ਹਾ ਹੈ, ਉਹ ਵੀ ਪੱਕੀ ਨਾ ਹੋਣ ਕਰਕੇ ਕੱਚੀ ਹੈ ਤੇ ਧੂੜ ਮਿੱਟੀ ਉਡਦੀ ਰਹਿੰਦੀ ਹੈ | ਜਦੋਂ ਪਿੰਡਾਂ ਦੇ ਲੋਕਾਂ ਨੇ ਸਬੰਧਿਤ ਠੇਕੇਦਾਰਾਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਤਾਂ ਪੁਲ ਬਣਾਉਣੇ ਸਨ, ਬਣਾ ਦਿੱਤੇ ਹਨ | ਹੁਣ ਸੜਕਾਂ ਨੂੰ ਪੁਲ ਨਾਲ ਸਬੰਧਿਤ ਮਹਿਕਮੇ ਮਾਰਕੀਟ ਕਮੇਟੀ ਜਾਂ ਬੀ.ਐਡ. ਆਰ. ਨੇ ਜੋੜਨਾ ਹੈ | ਇਲਾਕੇ ਦੇ ਪਿੰਡਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਢਲਾਨਾਂ 'ਤੇ ਪ੍ਰੀਮਿਕਸ ਪਾ ਕੇ ਸੜਕਾਂ ਨੂੰ ਪੁਲ ਨਾਲ ਜੋੜਿਆ ਜਾਵੇ, ਜਿਸ ਨਾਲ ਗੱਡੀਆਂ ਨੂੰ ਪੁਲ ਤੇ ਚੜ੍ਹਨ ਵਿਚ ਸੌਖ ਹੋ ਸਕੇ | ਇਸ ਤੋਂ ਇਲਾਵਾ ਦੋਵੇਂ ਨਹਿਰਾਂ ਦੇ ਪੁਲਾਂ ਵਿਚਕਾਰ ਸੜਕ ਵੀ ਨੀਵੀਂ ਹੈ ਤੇ ਉਸ ਵਿਚ ਮਿੱਟੀ ਤੇ ਰੋੜੇ ਵਗੈਰਾ ਸੁੱਟ ਕੇ ਕੰਮ ਚਲਾਇਆ ਜਾ ਰਿਹਾ ਹੈ ਜਿਸ ਨਾਲ ਆਵਾਜਾਈ 'ਚ ਵਿਘਨ ਪੈਂਦਾ ਹੈ | ਇਸ 'ਤੇ ਵੀ ਪ੍ਰੀਮਿਕਸ ਪਾ ਕੇ ਸੜਕ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀ ਵੱਡੀ ਮੁਸ਼ਕਿਲ ਤੋਂ ਨਿਜ਼ਾਤ ਮਿਲ ਸਕੇ | ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇਨ੍ਹਾਂ ਖਰਚਾ ਕਰਕੇ ਪੁਲ ਨਵੇਂ ਬਣਾ ਦਿੱਤੇ ਗਏ ਹਨ ਤਾਂ ਪੁਲਾਂ ਨੂੰ ਜੋੜਨ ਵਾਲੀਆਂ ਸੜਕਾਂ ਨਾ ਬਣਾ ਕੇ ਲੋਕਾਂ ਨੂੰ ਕਿਉਂ ਮੁਸੀਬਤ ਵਿਚ ਪਾਇਆ ਹੋਇਆ ਹੈ, ਇਸ ਦਾ ਵੀ ਤੁਰੰਤ ਹੱਲ ਕੀਤਾ ਜਾਵੇ |
ਰਾਜਸਥਾਨ ਅਤੇ ਸਰਹਿੰਦ ਨਹਿਰਾਂ 'ਤੇ ਨਵੇਂ ਬਣੇ ਉੱਚੇ ਪੁਲਾਂ ਦੀਆਂ ਢਲਾਣਾਂ ਬਣ ਰਹੀਆਂ ਹਨ ਹਾਦਸਿਆਂ ਦਾ ਕਾਰਨ
ਅਜੀਤ ਡੈਸਕ
30-03-2026