ਕੋਟਕਪੂਰਾ, 29 ਮਾਰਚ (ਮੋਹਰ ਸਿੰਘ ਗਿੱਲ)-ਪੰਜਾਬ ਪੈਨਸਨਰਜ਼ ਯੂਨੀਅਨ ਸਬੰਧਿਤ ਏਟਕ ਦੇ ਸੂਬਾਈ ਪ੍ਰਧਾਨ ਜਗਦੀਸ਼ ਸਿੰਘ ਚਾਹਲ ਤੇ ਸੂਬਾ ਜਨਰਲ ਸਕੱਤਰ ਪ੍ਰੇਮ ਕੁਮਾਰ ਚਾਵਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ 'ਚੋਂ ਸੇਵਾ ਮੁਕਤ ਹੋਏ ਆਪਣੇ ਸਾਰੇ ਪੈਨਸ਼ਨਰਾਂ ਨੂੰ ਮਿਤੀ 31 ਮਾਰਚ 2026 ਤੱਕ ਆਪਣਾ ਡਿਜੀਟਲ ਲਾਈਫ਼ ਸਰਟੀਫਿਕੇਟ ਜੀਵਨ ਪ੍ਰਮਾਣ ਐਪ 'ਤੇ ਆਪਣੇ ਬੈਂਕਾਂ, ਸਬੰਧਿਤ ਖ਼ਜ਼ਾਨਾ ਦਫ਼ਤਰਾਂ 'ਚ ਜਾਂ ਸੇਵਾ ਕੇਂਦਰਾਂ ਵਿਚ ਜਾ ਕੇ ਸਬਮਿਟ ਕਰਨ ਦੀ ਹਦਾਇਤਾਂ ਜਾਰੀ ਕੀਤੀਆਂ ਸਨ ਤੇ ਡਿਜੀਟਲ ਲਾਈਫ਼ ਸਰਟੀਫਿਕੇਟ ਮਿਤੀ 31 ਮਾਰਚ 2026 ਤੱਕ ਨਾ ਭਰਨ ਵਾਲੇ ਪੈਨਸ਼ਨਰਾਂ ਦੀ ਪੈਨਸ਼ਨ ਬੰਦ ਕਰਨ ਦੀ ਚਿਤਾਵਨੀ ਦਿੱਤੀ ਸੀ | ਆਗੂਆਂ ਨੇ ਅੱਗੇ ਦੱਸਿਆ ਕਿ ਕਈ ਪੈਨਸ਼ਨਰ ਆਪਣੀਆਂ ਪਰਿਵਾਰਕ ਮਜਬੂਰੀਆਂ ਕਰਕੇ ਆਪਣੇ ਬੱਚਿਆਂ ਕੋਲ ਜਾ ਕੇ ਵਿਦੇਸ਼ਾਂ ਵਿਚ ਰਹਿ ਰਹੇ ਹਨ | ਵਿਦੇਸ਼ਾਂ ਵਿਚ ਇਹ ਜੀਵਨ ਪ੍ਰਮਾਣ ਐਪ 'ਤੇ ਡਿਜੀਟਲ ਲਾਈਫ਼ ਸਰਟੀਫਿਕੇਟ ਭਰਨ ਸਮੇਂ ਆਉਣ ਵਾਲਾ ਓ.ਟੀ.ਪੀ ਨਾ ਆਉਣ ਕਰਕੇ ਸਬੰਧਿਤ ਪੈਨਸ਼ਨਰ ਆਪਣਾ ਡਿਜੀਟਲ ਲਾਈਫ਼ ਸਰਟੀਫਿਕੇਟ ਭਰਨ ਤੋਂ ਅਸਮਰੱਥ ਹੋਏ ਹਨ ਤੇ ਮਾਨਸਿਕ ਪ੍ਰੇਸ਼ਾਨੀ ਦੇ ਦੌਰ ਵਿਚੋਂ ਗੁਜਰ ਰਹੇ ਹਨ | ਇਸ ਤੋਂ ਇਲਾਵਾ ਕਈ ਪੈਨਸ਼ਨਰ ਬਿਰਧ ਅਵਸਥਾ ਵਿਚ ਹੋਣ ਕਾਰਨ ਜਾਂ ਸਰੀਰਕ ਬਿਮਾਰੀ ਦੀ ਅਵਸਥਾ ਕਾਰਨ ਚੱਲ ਫਿਰਨ ਸਕਣ ਤੋਂ ਵੀ ਅਸਮਰੱਥ ਹਨ | ਇਸ ਕਰਕੇ ਇਹ ਪੈਨਸ਼ਨਰ ਅਜੇ ਤੱਕ ਆਪਣਾ ਡਿਜੀਟਲ ਲਾਈਫ਼ ਸਰਟੀਫਿਕੇਟ ਜਮਾਂ ਨਹੀਂ ਕਰਵਾ ਸਕੇ ਅਤੇ ਉਨ੍ਹਾਂ ਨੂੰ ਆਪਣੀ ਪੈਨਸ਼ਨ ਬੰਦ ਹੋਣ ਦਾ ਡਰ ਸਤਾ ਰਿਹਾ ਹੈ | ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਸਲੇ ਦਾ ਤੁਰੰਤ ਹੱਲ ਕੀਤਾ ਜਾਵੇ ਤੇ ਕਿਸੇ ਵੀ ਪੈਨਸ਼ਨਰ ਦੀ ਪੈਨਸ਼ਨ ਬੰਦ ਨਾ ਕੀਤੀ ਜਾਵੇ |