ਸਾਦਿਕ, 20 ਜਨਵਰੀ (ਗੁਰਭੇਜ ਸਿੰਘ ਚੌਹਾਨ)-ਜਿਵੇਂ ਕਿ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਖੁਦ ਦੀ ਟਰਾਂਸਪੋਰਟ ਘਰਾਂ ਤੋਂ ਸਕੂਲ ਲੈ ਕੇ ਅਤੇ ਛੱਡ ਕੇ ਜਾਂਦੀ ਹੈ ਅਤੇ ਇਸ ਦੇ ਇਵਜ਼ ਵਿਚ ਮਾਪਿਆਂ ਤੋਂ ਪ੍ਰਤੀ ਮਹੀਨਾ ਕਿਰਾਇਆ ਵਸੂਲਿਆ ਜਾਂਦਾ ਹੈ | ਇਹ ਬੱਚੇ ਆਮ ਤੌਰ 'ਤੇ ਆਰਥਿਕ ਤੌਰ 'ਤੇ ਮਜ਼ਬੂਤ ਪਰਿਵਾਰਾਂ 'ਚੋਂ ਹੁੰਦੇ ਹਨ ਪਰ ਜਿਹੜੇ ਗ਼ਰੀਬ ਪਰਿਵਾਰਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ, ਉਨ੍ਹਾਂ ਨੂੰ ਪ੍ਰਾਇਮਰੀ ਸਿੱਖਿਆ ਤੱਕ ਦੀ ਮੁਢਲੀ ਪੜ੍ਹਾਈ ਤਾਂ ਪਿੰਡ ਪੱਧਰ ਤੱਕ ਮਿਲ ਜਾਂਦੀ ਹੈ, ਕਿਉਂਕਿ ਸਰਕਾਰ ਨੇ ਪਿੰਡ ਪਿੰਡ ਪ੍ਰਾਇਮਰੀ ਸਕੂਲ ਤਾਂ ਲਗਪਗ ਖੋਲ੍ਹੇ ਹੋਏ ਹਨ ਪਰ ਇਸ ਤੋਂ ਅਗਲੇਰੀ ਪੜ੍ਹਾਈ ਲਈ ਜਿਨ੍ਹਾਂ ਬੱਚਿਆਂ ਨੂੰ ਖਾਸ ਕਰਕੇ ਮਿਡਲ ਕਲਾਸ ਤੋਂ ਲੈ ਕੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਲਈ ਪਿੰਡ ਤੋਂ ਦੂਰ ਵਾਲੇ ਪਿੰਡ ਤੱਕ ਜਾਂ ਸ਼ਹਿਰ ਤੱਕ ਜਾਣਾ ਪੈਂਦਾ ਹੈ, ਉਨ੍ਹਾਂ ਲਈ ਸਮੇਂ ਸਿਰ ਸਕੂਲ ਪਹੁੰਚਣਾ ਅਤੇ ਸਮੇਂ ਸਿਰ ਘਰ ਵਾਪਸ ਆਉਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ | ਕਿਉਂਕਿ ਇਨ੍ਹਾਂ ਬੱਚਿਆਂ 'ਚੋਂ ਬਹੁਤੇ ਪਰਿਵਾਰ ਤਾਂ ਬੱਚੇ ਨੂੰ ਸਾਈਕਲ ਲੈ ਕੇ ਦੇਣ ਤੋਂ ਵੀ ਅਸਮਰਥ ਹੁੰਦੇ ਹਨ | ਜਿੱਥੇ ਕੋਈ ਬੱਸ ਸਰਵਿਸ ਨਹੀਂ ਪੈਂਦੀ, ਉੱਥੇ ਤਾਂ ਜ਼ਿਆਦਾ ਬੱਚੇ ਪੈਦਲ ਹੀ ਸਫ਼ਰ ਕਰਦੇ ਹਨ ਅਤੇ ਇਹ ਪੈਦਲ ਸਫ਼ਰ ਲੜਕੀਆਂ ਲਈ ਸਮੇਂ ਦੀ ਨਜ਼ਾਕਤ ਅਨੁਸਾਰ ਹੋਰ ਵੀ ਔਖਾ ਹੈ | ਜਿਨ੍ਹਾਂ ਕਸਬਿਆਂ ਜਾਂ ਸ਼ਹਿਰਾਂ ਨੂੰ ਬੱਸ ਸਰਵਿਸ ਹੈ | ਉੱਥੇ ਸਕੂਲੀ ਵਿਦਿਆਰਥੀਆਂ ਨੂੰ ਬਹੁਤੇ ਬੱਸਾਂ ਵਾਲੇ ਨਹੀਂ ਚੜ੍ਹਾਉਂਦੇ | ਜਿਸ ਕਰਕੇ ਉਨ੍ਹਾਂ ਨੂੰ ਸਮੇਂ ਸਿਰ ਸਕੂਲ ਪਹੁੰਚਣ ਅਤੇ ਘਰ ਪਹੁੰਚਣ ਵਿਚ ਮੁਸ਼ਕਿਲ ਆਉਂਦੀ ਹੈ ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਨ੍ਹਾਂ ਬੱਚਿਆਂ ਦੀ ਇਸ ਸਮੱਸਿਆ ਬਾਰੇ ਨਹੀਂ ਸੋਚਿਆ | ਇੱਥੇ ਸਾਦਿਕ ਵਿਚ ਹਾਈ ਸਕੂਲ ਤੱਕ ਦੀ ਐਜੂਕੇਸ਼ਨ ਲਈ ਲੜਕੀਆਂ ਦਾ ਵੱਖਰਾ ਸਕੂਲ ਹੈ ਜਿੱਥੇ ਲਾਗਲੇ ਪਿੰਡਾਂ ਤੋਂ ਗ਼ਰੀਬ ਪਰਿਵਾਰਾਂ ਨਾਲ ਸਬੰਧਿਤ ਜ਼ਿਆਦਾ ਲੜਕੀਆਂ ਪੜ੍ਹਨ ਲਈ ਆਉਂਦੀਆਂ ਹਨ | ਜਿਨ੍ਹਾਂ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ | ਪਿਛਲੇ ਸਮੇਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਕੀਤਾ ਸੀ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਕੂਲ ਤੱਕ ਪਹੁੰਚਾਉਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ, ਪਰ ਇਹ ਐਲਾਨ ਸਿਰਫ਼ ਅਖ਼ਬਾਰੀ ਬਿਆਨਾਂ ਤੱਕ ਹੀ ਸੀਮਤ ਰਹਿ ਗਿਆ ਅਤੇ ਦੁਬਾਰਾ ਇਸ ਬਾਰੇ ਕੋਈ ਗੱਲ ਅੱਗੇ ਨਹੀਂ ਤੁਰੀ | ਆਮ ਹੀ ਵੇਖਿਆ ਜਾਂਦਾ ਹੈ ਕਿ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਬੱਚੇ ਘੰਟਿਆਂ ਬੱਧੀ ਬੱਸਾਂ ਦੇ ਅੱਡਿਆਂ 'ਤੇ ਬੱਸਾਂ ਦੀ ਉਡੀਕ ਕਰਦੇ ਰਹਿੰਦੇ ਹਨ | ਜੇਕਰ ਕਿਸੇ ਚੰਗੇ ਸੁਭਾਅ ਦੇ ਡਰਾਈਵਰ, ਕੰਡਕਟਰ ਦੇ ਮਨ ਮਿਹਰ ਪੈ ਜਾਏ ਤਾਂ ਇਨ੍ਹਾਂ ਨੂੰ ਚੜ੍ਹਾ ਲੈਂਦੇ ਹਨ, ਨਹੀਂ ਤਾਂ ਇਹ ਬੱਸਾਂ ਦਾ ਮੂੰਹ ਵੇਖਦੇ ਰਹਿੰਦੇ ਹਨ ਅਤੇ ਘਰ ਮਾਪੇ ਉਡੀਕਦੇ ਰਹਿੰਦੇ ਹਨ | ਜੇ ਸਕੂਲ ਤੋਂ ਲੇਟ ਹੋ ਜਾਣ ਤਾਂ ਅੱਗੋਂ ਅਧਿਆਪਕਾਂ ਦੀਆਂ ਝਿੜਕਾਂ ਸਹਿਣੀਆਂ ਪੈਂਦੀਆਂ ਹਨ ਅਤੇ ਕਈ ਵਾਰੀ ਇਸ ਡਰੋਂ ਬੱਚੇ ਵਾਪਸ ਘਰ ਹੀ ਮੁੜ ਜਾਂਦੇ ਹਨ | ਇਨ੍ਹਾਂ ਬੱਚਿਆਂ ਦੇ ਮਾਪਿਆਂ ਦੀ ਮੰਗ ਅਨੁਸਾਰ ਵਿਦਿਆਰਥੀਆਂ ਦੀ ਇਸ ਸਮੱਸਿਆ ਵੱਲ ਸਰਕਾਰ ਨੂੰ ਤੁਰੰਤ ਧਿਆਨ ਦੇ ਕੇ ਜਿੱਥੇ ਬੱਸ ਸਰਵਿਸ ਨਹੀਂ, ਉੱਥੇ ਬੱਸ ਸਰਵਿਸ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਬੱਸਾਂ ਵਾਲਿਆਂ ਨੂੰ ਭਾਵੇਂ ਪ੍ਰਾਈਵੇਟ ਹੋਵੇ ਜਾਂ ਸਰਕਾਰੀ ਸਖ਼ਤ ਹਦਾਇਤ ਕਰਨੀ ਚਾਹੀਦੀ ਹੈ ਕਿ ਉਹ ਇਨ੍ਹਾਂ ਵਿਦਿਆਰਥੀਆਂ ਨੂੰ ਸਮੇਂ ਸਿਰ ਸਕੂਲ ਪਹੁੰਚਾਉਣਾ ਯਕੀਨੀ ਬਣਾਉਣ | ਜਿਹੜਾ ਪ੍ਰਾਈਵੇਟ ਟਰਾਂਸਪੋਰਟ ਇਨ੍ਹਾਂ ਸਰਕਾਰੀ ਹੁਕਮਾਂ ਨੂੰ ਨਾ ਮੰਨੇ ਉਸ ਦਾ ਪਰਮਿਟ ਰੱਦ ਕਰਨ ਦੀ ਸ਼ਰਤ ਰੱਖੀ ਜਾਵੇ |