ਗਿੱਦੜਬਾਹਾ, 20 ਜਨਵਰੀ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਟ੍ਰੈਫ਼ਿਕ ਪੁਲਿਸ ਵਲੋਂ ਅੱਜ ਗੱਡੀਆਂ 'ਤੇ ਰਿਫ਼ਲੈਕਟਰ ਲਗਾਏ ਗਏ | ਇਸ ਮੌਕੇ ਉਨ੍ਹਾਂ ਆਮ ਲੋਕਾਂ ਤੇ ਵਾਹਨ ਚਾਲਕਾਂ ਨੂੰ ਸੰਘਣੀ ਧੁੰਦ ਵਿਚ ਗੱਡੀਆਂ ਦੇ ਚਲਾਉਣ ਸੰਬੰਧੀ ਦਿਸ਼ਾ-ਨਿਰਦੇਸ਼ ਵੀ ਦਿੱਤੇ | ਇਸ ਦੌਰਾਨ ਟ੍ਰੈਫ਼ਿਕ ਇੰਚਾਰਜ ਹਰਭਗਵਾਨ ਸਿੰਘ ਮਾਨ ਨੇ ਦੱਸਿਆ ਕਿ ਸਰਦੀ ਪੈ ਰਹੀ ਹੈ | ਇਸ ਦੌਰਾਨ ਕਈ ਦਿਨਾਂ ਤੋਂ ਸੰਘਣੀ ਧੁੰਦ ਛਾਈ ਹੋਈ ਹੈ | ਆਉਣ ਵਾਲੇ ਦਿਨਾਂ ਦੌਰਾਨ ਅਜਿਹਾ ਹੀ ਖ਼ਰਾਬੀ ਵਾਲਾ ਮੌਸਮ ਜਾਰੀ ਰਹਿਣ ਦੀ ਸੰਭਾਵਨਾ ਹੈ | ਸੰਘਣੀ ਧੁੰਦ ਵਿਚ ਅਨੇਕਾਂ ਹੀ ਹਾਦਸੇ ਵਾਪਰ ਰਹੇ ਹਨ ਅਤੇ ਕੀਮਤੀ ਜਾਨਾਂ ਜਾ ਰਹੀਆਂ ਹਨ | ਇਸ ਲਈ ਉਨ੍ਹਾਂ ਵਲੋਂ ਜਿਹੜੀਆਂ ਗੱਡੀਆਂ ਦੇ ਅੱਗੇ ਤੇ ਪਿਛਲੇ ਪਾਸੇ ਰਿਫ਼ਲੈਕਟਰ ਨਹੀਂ ਲੱਗੇ, ਉਨ੍ਹਾਂ ਗੱਡੀਆਂ 'ਤੇ ਰਿਫ਼ਲੈਕਟਰ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਆਮ ਲੋਕਾਂ ਤੇ ਵਾਹਨਾਂ ਦੇ ਚਾਲਕਾਂ ਨੂੰ ਟ੍ਰੈਫ਼ਿਕ ਸੰਬੰਧੀ ਸਾਵਧਾਨੀ ਵਰਤਣ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ | ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸੰਘਣੀ ਧੁੰਦ ਵਿਚ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਨਾ ਨਿਕਲਿਆ ਜਾਵੇ | ਢੋਆ-ਢੁਆਈ ਵਾਲੇ ਵਾਹਨਾਂ ਦੇ ਚਾਲਕਾਂ ਨੂੰ ਚਾਹੀਦਾ ਹੈ ਕਿ ਗੱਡੀ ਦੀ ਸਪੀਡ ਹੌਲੀ ਰੱਖੀ ਜਾਵੇ ਅਤੇ ਗੱਡੀ ਦੀਆਂ ਲਾਈਟਾਂ ਜਗਾ ਕੇ ਅਤੇ ਆਪਣੇ ਡਿਪਰ ਚਾਲੂ ਰੱਖੇ ਜਾਣ | ਇਸ ਮੌਕੇ ਹਰਬੰਸ ਸਿੰਘ ਏ.ਐੱਸ.ਆਈ., ਜਗਸੀਰ ਪੁਰੀ ਏ.ਐੱਸ.ਆਈ. ਤੋਂ ਇਲਾਵਾ ਟੈ੍ਰਫ਼ਿਕ ਦੀ ਸਮੂਹ ਟੀਮ ਦੇ ਕਰਮਚਾਰੀ ਹਾਜ਼ਰ ਸਨ |