27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਪਿੰਡ ਗੰਗਾ 'ਚ ਘਰ ਉਪਰੋਂ ਲੰਘਦੀ 11 ਕੇ.ਵੀ. ਲਾਈਨ ਦਾ ਵਿਵਾਦ ਗਰਮਾਇਆ

ਅਜੀਤ ਡੈਸਕ 21-01-2026
ਡੱਬਵਾਲੀ, 20 ਜਨਵਰੀ (ਇਕਬਾਲ ਸਿੰਘ ਸ਼ਾਂਤ)- ਪਿੰਡ ਗੰਗਾ ਵਿਖੇ ਰਿਹਾਇਸ਼ੀ ਮਕਾਨ ਦੇ ਉਪਰੋਂ ਲੰਘ ਰਹੀ 11 ਕੇ.ਵੀ. ਹਾਈ ਵੋਲਟੇਜ ਬਿਜਲੀ ਲਾਈਨ ਨੂੰ ਹਟਾਉਣ ਨੂੰ ਲੈ ਕੇ ਵਿਵਾਦ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ | ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ ਵਲੋਂ ਬਿਜਲੀ ਲਾਈਨ ਹਟਾਉਣ ਲਈ ਕਰੀਬ 2.50 ਲੱਖ ਰੁਪਏ ਦਾ ਐਸਟੀਮੇਟ ਜਾਰੀ ਕੀਤਾ ਗਿਆ ਹੈ, ਜਦਕਿ ਹੁਣ ਖ਼ਪਤਕਾਰਾਂ ਨੇ ਜਵਾਬੀ ਹਮਲੇ ਵਿਚ 15 ਸਾਲ ਪੁਰਾਣੀ ਮਨਜ਼ੂਰੀ ਨਾਲ ਸੰਬੰਧਿਤ ਦਸਤਾਵੇਜ਼ ਮੰਗ ਲਏ ਹਨ | ਪਿੰਡ ਗੰਗਾ ਦੇ ਵਸਨੀਕ ਜਗਦੀਸ਼ ਸ਼ਰਮਾ ਕਾਫ਼ੀ ਸਮੇਂ ਤੋਂ ਆਪਣੇ ਮਕਾਨ ਦੀ ਛੱਤ ਦੇ ਉਪਰੋਂ ਲੰਘ ਰਹੀ 11 ਕੇ.ਵੀ. ਲਾਈਨ ਨੂੰ ਹਟਵਾਉਣ ਲਈ ਚਾਰਾਜੋਈ ਕਰਦੇ ਆ ਰਹੇ ਹਨ | ਮੁੰਨਾਵਾਲੀ ਰੋਡ 'ਤੇ ਸਥਿਤ ਉਨ੍ਹਾਂ ਦੇ ਮਕਾਨ ਦੇ ਉਪਰੋਂ ਲੰਘਦੀ ਇਹ ਲਾਈਨ ਮੀਂਹਾਂ ਦੇ ਦਿਨਾਂ ਵਿਚ ਕਰੰਟ ਦਾ ਖ਼ਤਰਾ ਪੈਦਾ ਕਰਦੀ ਹੈ, ਜਿਸ ਨਾਲ ਕਿਸੇ ਵੱਡੇ ਹਾਦਸੇ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ | ਇਸ ਸੰਬੰਧੀ ਉਹ ਕਈ ਵਾਰ ਸੀ.ਐੱਮ. ਵਿੰਡੋ ਰਾਹੀਂ ਵੀ ਸ਼ਿਕਾਇਤ ਦਰਜ ਕਰਵਾ ਚੁੱਕੇ ਹਨ | ਬਿਜਲੀ ਨਿਗਮ ਵਲੋਂ ਐੱਸ.ਆਰ.ਐੱਸ./ਐੱਸ.ਓ.ਸੀ.ਸੀ. 78/2023-24 ਤਹਿਤ ਲਾਈਨ ਹਟਾਉਣ ਲਈ 2,50,850 ਰੁਪਏ ਦਾ ਐਸਟੀਮੇਟ ਜਾਰੀ ਕੀਤਾ ਗਿਆ ਹੈ | ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ ਡੱਬਵਾਲੀ ਮੰਡਲ ਦੇ ਕਾਰਜਕਾਰੀ ਇੰਜੀਨੀਅਰ ਵਲੋਂ ਜਾਰੀ ਮੌਖਿਕ ਹੁਕਮ ਨੰਬਰ 93 ਮਿਤੀ 5 ਜਨਵਰੀ 2026 ਵਿਚ ਦੱਸਿਆ ਗਿਆ ਹੈ ਕਿ ਸੰਬੰਧਿਤ 11 ਕੇ.ਵੀ. ਲਾਈਨ ਕਰੀਬ 15 ਸਾਲ ਪੁਰਾਣੀ ਹੈ ਅਤੇ ਲਾਈਨ ਪਹਿਲਾਂ ਤੋਂ ਮੌਜੂਦ ਸੀ, ਜਦਕਿ ਮਕਾਨ ਬਾਅਦ ਉਸਾਰਿਆ ਗਿਆ | ਮੌਖਿਕ ਨਿਰਦੇਸ਼ਾਂ ਵਿਚ ਦਰਜ ਹੈ ਕਿ ਮਕਾਨ ਪਿੰਡ ਦੀ ਫਿਰਨੀ (ਲਾਲ ਡੋਰਾ) ਤੋਂ ਬਾਹਰ ਸਥਿਤ ਹੈ, ਇਸ ਲਈ ਸਰਕਾਰੀ ਖ਼ਰਚ 'ਤੇ ਲਾਈਨ ਹਟਾਉਣਾ ਸੰਭਵ ਨਹੀਂ | ਨਿਗਮ ਅਨੁਸਾਰ ਜੇ ਖ਼ਪਤਕਾਰ ਲਾਈਨ ਹਟਵਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਸਾਰਾ ਖ਼ਰਚ ਖ਼ੁਦ ਝੱਲਣਾ ਪਵੇਗਾ | ਐਸਟੀਮੇਟ ਰਕਮ ਜਮ੍ਹਾਂ ਕਰਵਾਉਣ 'ਚ ਅਸਮਰੱਥਤਾ ਜ਼ਾਹਿਰ ਕਰਦੇ ਜਗਦੀਸ਼ ਸ਼ਰਮਾ ਨੇ ਬਿਜਲੀ ਨਿਗਮ ਨੂੰ ਜਵਾਬੀ ਪੱਤਰ ਭੇਜਿਆ ਹੈ | ਪੱਤਰ ਵਿਚ ਉਨ੍ਹਾਂ ਪੁੱਛਿਆ ਹੈ ਕਿ 15 ਸਾਲ ਪਹਿਲਾਂ ਉਨ੍ਹਾਂ ਦੇ ਖੇਤ ਵਿਚੋਂ 11 ਕੇ.ਵੀ. ਲਾਈਨ ਕੱਢਣ ਦੀ ਮਨਜ਼ੂਰੀ ਕਿਸ ਅਧਿਕਾਰੀ ਵਲੋਂ ਅਤੇ ਕਿਹੜੇ ਦਸਤਾਵੇਜ਼ਾਂ ਦੇ ਆਧਾਰ 'ਤੇ ਦਿੱਤੀ ਗਈ ਸੀ | ਉਨ੍ਹਾਂ ਉਸ ਮਨਜ਼ੂਰੀ ਨਾਲ ਸੰਬੰਧਿਤ ਸਾਰੇ ਰਿਕਾਰਡ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ, ਤਾਂ ਜੋ ਤੱਥਾਂ ਦੇ ਆਧਾਰ 'ਤੇ ਅਗਾਂਹ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ |
ਪਿਛਲੀ ਖ਼ਬਰ ਵੱਖ-ਵੱਖ ਆਗੂਆਂ ਵਲੋਂ ਕਮਰਾ ਪਰਿਵਾਰ ਨਾਲ ਦੁੱਖ ਸਾਂਝਾ ਅਗਲੀ ਖ਼ਬਰ ਕੇਂਦਰੀ ਮਾਡਰਨ ਜੇਲ੍ਹ 'ਚੋਂ 8 ਮੋਬਾਈਲ ਫ਼ੋਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।