11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਫ਼ਾਰਮੇਸੀ ਅਫ਼ਸਰ ਭਰਤੀ ਪ੍ਰੀਖਿਆ ਨਕਲ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ

ਅਜੀਤ ਡੈਸਕ 26-07-2026

ਫ਼ਰੀਦਕੋਟ, 25 ਜੁਲਾਈ (ਜਸਵੰਤ ਸਿੰਘ ਪੁਰਬਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਲੋਂ ਲਏ ਗਏ ਫ਼ਾਰਮੇਸੀ ਅਫ਼ਸਰ ਭਰਤੀ ਪ੍ਰੀਖਿਆ ਵਿਚ ਵਾਪਰੇ ਨਕਲ ਕਾਂਡ ਦੇ ਵੱਡੇ ਖੁਲਾਸੇ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਕਿਹਾ ਕਿ ਉਹ ਸਭ ਇਸ ਨਕਲ ਕਾਂਡ ਬਾਰੇ ਕਿਉਂ ਚੁੱਪ ਹਨ। ਅੱਜ ਫ਼ਰੀਦਕੋਟ ਵਿਖੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਬਾਹਰ ਪਾਰਟੀ ਦੇ ਯੂਥ ਵਰਕਰਾਂ ਦੀ ਅਗਵਾਈ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਮਾਪੇ ਆਪਣੇ ਬੱਚਿਆਂ ਨੂੰ ਆਪਣੇ ਜੀਵਨ ਦੀ ਪੂਰੀ ਪੂੰਜੀ ਲਗਾ ਕੇ ਪੜਾ੍ਉਂਦੇ ਹਨ ਪ੍ਰੰਤੂ ਨਕਲ ਮਾਫ਼ੀਆ ਮੋਟੀਆਂ ਰਕਮਾਂ ਲੈ ਕੇ ਨਾਲਾਇਕ ਵਿਦਿਆਰਥੀਆਂ ਨੂੰ ਨਕਲ ਕਰਵਾ ਕੇ ਅਸਾਮੀਆਂ ’ਤੇ ਲਗਾ ਦਿੰਦੇ ਹਨ ਜਿਸ ਨਾਲ ਯੋਗ ਉਮੀਦਵਾਰ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਨੀਟ ਦਾ ਮਾਮਲਾ ਬਹੁਤ ਹੀ ਸਰਗਰਮੀ ਨਾਲ ਚੱਲ ਰਿਹਾ ਹੈ। ਇਸ ਦੇ ਬਰਾਬਰ ਫ਼ਰੀਦਕੋਟ ਵਿਖੇ ਹੋਈ ਭਰਤੀ ਪ੍ਰੀਖਿਆ ਦਾ ਮਾਮਲਾ ਵੀ ਉਨ੍ਹਾਂ ਹੀ ਗੰਭੀਰ ਹੈ ਪ੍ਰੰਤੂ ਆਮ ਆਦਮੀ ਪਾਰਟੀ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੀ.ਸੀ.ਐਸ. ਦੀ ਪ੍ਰੀਭਾਸ਼ਾ ਹੀ ਬਦਲ ਦਿੱਤੀ ਹੈ। ਪੰਜਾਬ ਸਿਵਲ ਸਰਵਿਸਜ਼ ਵਾਲੀ ਪ੍ਰੀਖਿਆ ਦੀ ਥਾਂ ਫ਼ਾਰਮੇਸ਼ੀ ਅਫ਼ਸਰ ਭਰਤੀ ਪ੍ਰੀਖਿਆ ਦੇ ਘਪਲੇ ਨੂੰ ਪੰਜਾਬ ਚੀਟਿੰਗ ਸਕੈਮ ਦਾ ਨਾਂਅ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ ਚਾਰ ਸਾਲਾਂ ’ਚ ਜਿੰਨੀਆਂ ਵੀ ਪ੍ਰੀਖਿਆ ਲਈਆਂ ਹਨ ਉਨ੍ਹਾਂ ’ਚ ਨਕਲ ਦਾ ਬੋਲਬਾਲਾ ਤੇ ਲੀਕ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸਾਲ 2022 ਵਿਚ ਨਾਇਬ ਤਹਿਸੀਲਦਾਰਾਂ ਦੀ ਭਰਤੀ ਪ੍ਰੀਖਿਆ ਵਿਚ ਵੀ ਘਪਲਾ ਨਿਕਲਿਆ ਸੀ। ਪੇਪਰ ਲੀਕ ਹੋਣ ਦੇ ਮਾਮਲੇ ਨਾਲ ਹਜ਼ਾਰਾਂ ਪ੍ਰੀਖਿਆਰਥੀ ਪ੍ਰਭਾਵਿਤ ਹੋਏ ਸਨ। ਟੈਟ ਦਾ ਪੇਪਰ ਵੀ ਲੀਕ ਹੋਣ ਦੇ ਕਥਿਤ ਦੋਸ਼ ਲੱਗੇ ਸਨ। ਬਾਰ੍ਹਵੀਂ ਦੇ ਅੰਗਰੇਜ਼ੀ ਦੇ ਪੇਪਰ ਵਿਚ ਵੀ ਸੈਂਟਰ ’ਚ ਬੈਠੇ ਬੱਚਿਆਂ ਨੂੰ ਉਸ ਵਕਤ ਪਤਾ ਲਗਾ ਜਦੋਂ ਪੇਪਰ ਲੀਕ ਹੋ ਗਿਆ ਸੀ। ਇਸ ਸਾਰਾ ਕੁਝ ਸਰਕਾਰ ਅਤੇ ਪੇਪਰ ਸਿਸਟਮ ਦੀ ਲਾਪ੍ਰਵਾਹੀ ਦਾ ਨਤੀਜਾ ਹੈ। ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਫ਼ਰੀਦਕੋਟ ਵਿਚ ਹੋਏ ਨਕਲ ਕਾਂਡ ਵਿਚ ਕਿਸ ਤਰ੍ਹਾਂ ਪ੍ਰੀਖਿਆ ਕੇਂਦਰਾਂ ਵਿਚ ਪੇਪਰ ਕਰਵਾਉਣ ਲਈ ਬਿਜਲਈ ਉਪਕਰਨ ਅੰਦਰ ਚਲੇ ਗਏ ਇਹ ਵੀ ਜਾਂਚ ਦਾ ਵਿਸ਼ਾ ਹੈ। ਪੰਜਾਬ ਦੇ ਗੁਆਂਢੀ ਰਾਜਾਂ ਤੋਂ ਆਏ ਨਕਲ ਗਰੁੱਪ ਨੇ ਪੇਪਰ ਕਰਵਾਉਣ ਲਈ ਉਨ੍ਹਾਂ ਵਿਦਿਆਰਥੀਆਂ ਤੋਂ ਲੱਖਾਂ ਰੁਪਏ ਵਸੂਲੇ ਜਿਹੜੇ ਬਾਅਦ ਵਿਚ ਪੁਲਿਸ ਦੀ ਗ੍ਰਿਫ਼ਤ ਵਿਚ ਆ ਗਏ। ਉਨ੍ਹਾਂ ਪੰਜਾਬ ਪੁਲਿਸ ’ਤੇ ਸਵਾਲ ਕਰਦਿਆਂ ਪੁੱਛਿਆ ਕਿ ਉਨ੍ਹਾਂ ਨੇ ਜਾਂਚ ਤੋਂ ਪਹਿਲਾਂ ਹੀ ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਕਿਵੇਂ ਚਲੀਨ ਚਿੱਟ ਦੇ ਦਿੱਤੀ। ਇਸ ਤੋਂ ਇਲਾਵਾ ਇਕ ਪ੍ਰੀਖਿਆ ਸੈਂਟਰ ’ਚ ਸਕੂਲ ਦੇ ਪ੍ਰਿੰਸੀਪਲ ਵਲੋਂ ਆਪਣੇ ਹੀ ਪਰਿਵਾਰਕ ਅਧਿਆਪਕਾਂ ਨੂੰ ਕਿਵੇਂ ਡਿਊਟੀ ’ਤੇ ਲਗਾਇਆ ਗਿਆ। ਉਨ੍ਹਾਂ ਸਪਸ਼ਟ ਕਿਹਾ ਕਿ ਇਹ ਸਭ ਇੱਥੋਂ ਦੇ ਦੋ ਵਿਧਾਇਕਾਂ ਦੇ ਨਜ਼ਦੀਕੀਆਂ ਨੂੰ ਪੇਪਰ ਕਰਵਾਉਣ ਲਈ ਕੀਤਾ ਗਿਆ ਇੰਤਜ਼ਾਮ ਦੱਸਿਆ ਹੈ। ਜਿਸ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਲੋੜ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਯੂਥ ਅਕਾਲੀ ਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਟੂਡੈਂਟ ਵਿੰਗ ਨਾਲ 27 ਜੁਲਾਈ ਨੂੰ ਸਵੇਰੇ 10 ਵਜੇ ਰਾਜ ਪੱਧਰੀ ਧਰਨਾ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸਾਹਮਣੇ ਆਰੰਭ ਕਰ ਦਿੱਤਾ ਜਾਵੇਗਾ ਜਿਨ੍ਹਾਂ ਦੇਰ ਤੱਕ ਇਸ ਪ੍ਰੀਖਿਆ ਦੇ ਪ੍ਰੀਖਿਆਰਥੀਆਂ ਨੂੰ ਇਨਸਾਫ਼ ਨਹੀਂ ਮਿਲਦਾ ਉਸ ਤੋਂ ਪੰਜਾਬ ਭਰ ਵਿਚ ਕੈਂਡਲ ਤੇ ਰੋਸ ਮਾਰਚ ਇਸ ਸਬੰਧ ਵਿਚ ਕੀਤੇ ਜਾਣਗੇ ਅਤੇ ਲੋੜ ਪਈ ਤਾਂ ਮੁੱਖ ਮੰਤਰੀ ਦੀ ਰਿਹਾਇਸ ਦਾ ਵੀ ਘਿਰਾਓ ਕੀਤਾ ਜਾਵੇਗਾ।

ਪਿਛਲੀ ਖ਼ਬਰ ਸੰਗਰੂਰ ਧਰਨੇ ’ਚ ਸ਼ਾਮਿਲ ਹੋਣ ਲਈ ਫ਼ਰੀਦਕੋਟ ਤੋਂ ਆਸ਼ਾ ਵਰਕਰਾਂ ਦਾ ਜਥਾ ਰਵਾਨਾ ਅਗਲੀ ਖ਼ਬਰ ਵਾਤਾਵਰਨ ਦੀ ਸੰਭਾਲ ਤੇ ਉੱਚੀ ਸੋਚ ਹੀ ਵਿਦਿਆਰਥੀਆਂ ਦਾ ਅਸਲ ਸਰਮਾਇਆ-ਡਾ. ਇੰਦਰਜੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।