ਫ਼ਰੀਦਕੋਟ, 22 ਜੁਲਾਈ (ਜਸਵੰਤ ਸਿੰਘ ਪੁਰਬਾ)-ਸਥਾਨਕ ਦਿੱਲੀ ਇੰਟਰਨੈਸ਼ਨਲ ਸਕੂਲ ਵਿਖੇ ਵਿਦਿਆਰਥੀਆਂ ਦੀ ਕਲਾਤਮਕ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਦੀ ਸਿਰਜਣਾਤਮਕ ਸੋਚ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਪਹਿਲੀ ਤੋਂ ਤੀਜੀ ਜਮਾਤ ਦੇ ਵਿਦਿਆਰਥੀਆਂ ਲਈ ਚਿੱਤਰਕਲਾ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲੇ ਦੌਰਾਨ ਵਿਦਿਆਰਥੀਆਂ ਵਲੋਂ ਬਣਾਈਆਂ ਗਈਆਂ ਚਿੱਤਰਕਲਾਵਾਂ ਨੇ ਉਨ੍ਹਾਂ ਦੀ ਮੌਲਿਕ ਸੋਚ, ਕਲਾਤਮਕ ਹੁਨਰ ਅਤੇ ਰੰਗਾਂ ਦੀ ਸੁਚੱਜੀ ਵਰਤੋਂ ਦੀ ਪ੍ਰਭਾਵਸ਼ਾਲੀ ਝਲਕ ਪੇਸ਼ ਕੀਤੀ। ਨਿਰਣਾਇਕ ਮੰਡਲ ਨੇ ਚਿੱਤਰਾਂ ਦੀ ਮੌਲਿਕਤਾ, ਰੰਗਾਂ ਦੇ ਸੁਮੇਲ, ਸਫ਼ਾਈ ਅਤੇ ਪੇਸ਼ਕਾਰੀ ਦੇ ਅਧਾਰ ’ਤੇ ਜੇਤੂਆਂ ਦੀ ਚੋਣ ਕੀਤੀ। ਜਿਸ ਅਨੁਸਾਰ ਜਮਾਤ ਪਹਿਲੀ ਵਿਚੋਂ ਮਨਸੀਰਤ ਕੌਰ ਨੇ ਪਹਿਲਾ, ਅਨੁਸ਼੍ਰੀ ਨੇ ਦੂਜਾ ਅਤੇ ਪਾਵਿਕਾ ਨੇ ਤੀਜਾ ਸਥਾਨ, ਜਮਾਤ ਦੂਜੀ ਵਿਚੋਂ ਗੁਰਨਵ ਸਿੰਘ ਨੇ ਪਹਿਲਾ, ਰਸ਼ਮੀਤ ਕੌਰ ਨੇ ਦੂਜਾ ਅਤੇ ਸ਼੍ਰੇਆ ਸਿੰਘ ਤੀਜਾ ਸਥਾਨ, ਜਮਾਤ ਤੀਜੀ ਵਿਚੋਂ ਅਨਾਇਆ ਨੇ ਪਹਿਲਾ, ਸਹਜਪ੍ਰੀਤ ਨੇ ਦੂਜਾ ਜਦਕਿ ਸ਼ੁਭਦੀਪ ਨੇ ਤੀਜਾ ਸਥਾਨ ਹਾਸਿਲ ਕੀਤਾ। ਪ੍ਰਿੰਸੀਪਲ ਪ੍ਰਿਅੰਕਾ ਬਰਾੜ ਨੇ ਸਮੂਹ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਜੇਤੂਆਂ ਨੂੰ ਹਾਰਦਿਕ ਵਧਾਈ ਦਿੱਤੀ। ਸਕੂਲ ਦੇ ਚੇਅਰਮੈਨ ਆਸ਼ੀਸ਼ ਤੋਲ਼ਾ, ਡਾਇਰੈਕਟਰ ਅਨੁਪਮਾ ਤੋਲ਼ਾ ਅਤੇ ਸ਼ਿਵਮ ਤੋਲ਼ਾ ਨੇ ਵੀ ਜੇਤੂਆਂ ਅਤੇ ਸਾਰੇ ਭਾਗੀਦਾਰ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਰ ਬੱਚੇ ਵਿਚ ਇਕ ਵਿਲੱਖਣ ਪ੍ਰਤਿਭਾ ਹੁੰਦੀ ਹੈ, ਜਿਸ ਨੂੰ ਸਹੀ ਮੌਕੇ ਅਤੇ ਪ੍ਰੋਤਸਾਹਨ ਰਾਹੀਂ ਹੋਰ ਨਿਖਾਰਿਆ ਜਾ ਸਕਦਾ ਹੈ। ਸਕੂਲ ਭਵਿੱਖ ਵਿਚ ਵੀ ਵਿਦਿਆਰਥੀਆਂ ਦੀਆਂ ਰੁਚੀਆਂ ਅਤੇ ਯੋਗਤਾਵਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਤਰ੍ਹਾਂ ਦੀਆਂ ਰਚਨਾਤਮਕ ਗਤੀਵਿਧੀਆਂ ਕਰਦਾ ਰਹੇਗਾ।