09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਦਿੱਲੀ ਇੰਟਰਨੈਸ਼ਨਲ ਸਕੂਲ ’ਚ ਅੰਤਰ-ਹਾਊਸ ਭਾਸ਼ਣ ਮੁਕਾਬਲਾ ਕਰਵਾਇਆ

ਅਜੀਤ ਡੈਸਕ 21-07-2026
ਫ਼ਰੀਦਕੋਟ, 20 ਜੁਲਾਈ (ਜਸਵੰਤ ਸਿੰਘ ਪੁਰਬਾ)-ਦਿੱਲੀ ਇੰਟਰਨੈਸ਼ਨਲ ਸਕੂਲ ਵਿਖੇ ਵਿਦਿਆਰਥੀਆਂ ਵਿਚ ਭਾਸ਼ਣ ਕਲਾ, ਆਲੋਚਨਾਤਮਕ ਚਿੰਤਨ ਅਤੇ ਸਮਕਾਲੀ ਮੁੱਦਿਆਂ ਪ੍ਰਤੀ ਜਾਗਰੂਕਤਾ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਜਮਾਤ ਛੇਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਲਈ ਅੰਤਰ-ਹਾਊਸ ਭਾਸ਼ਣ ਮੁਕਾਬਲੇ ਕਰਵਾਏ ਗਏ। ਮੁਕਾਬਲੇ ਵਿਚ ਵੱਖ-ਵੱਖ ਹਾਊਸਾਂ ਦੇ ਵਿਦਿਆਰਥੀਆਂ ਨੇ ਪੂਰੇ ਆਤਮ-ਵਿਸ਼ਵਾਸ, ਪ੍ਰਭਾਵਸ਼ਾਲੀ ਪੇਸ਼ਕਾਰੀ ਅਤੇ ਤਰਕਸੰਗਤ ਵਿਚਾਰਾਂ ਨਾਲ ਆਪਣੀ ਭਾਸ਼ਣ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਮਾਤ ਛੇਵੀਂ ਦੇ ਵਿਦਿਆਰਥੀਆਂ ਨੇ ‘ਵਿਦਿਆਰਥੀਆਂ ’ਤੇ ਮੋਬਾਈਲ ਫ਼ੋਨ ਦੀ ਲਤ ਦਾ ਪ੍ਰਭਾਵ’ ਵਿਸ਼ੇ ’ਤੇ ਭਾਸ਼ਣ ਦਿੰਦਿਆਂ ਮੋਬਾਈਲ ਦੀ ਅਤਿਅਧਿਕ ਵਰਤੋਂ ਦੇ ਸਿੱਖਿਆ, ਸਿਹਤ ਅਤੇ ਸਮਾਜਿਕ ਜੀਵਨ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਸੱਤਵੀਂ ਜਮਾਤ ਦੇ ਪ੍ਰਤੀਭਾਗੀਆਂ ਨੇ ’ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏ.ਆਈ) – ਖ਼ਤਰਾ ਜਾਂ ਮੌਕਾ?’ ਵਿਸ਼ੇ ’ਤੇ ਤਕਨਾਲੋਜੀ ਦੇ ਲਾਭਾਂ ਅਤੇ ਚੁਣੌਤੀਆਂ ਦਾ ਸੰਤੁਲਿਤ ਵਿਸ਼ਲੇਸ਼ਣ ਪੇਸ਼ ਕੀਤਾ। ਜਦਕਿ ਜਮਾਤ ਅੱਠਵੀਂ ਦੇ ਵਿਦਿਆਰਥੀਆਂ ਨੇ ‘ਵਿਸ਼ਵ ਸ਼ਾਂਤੀ–ਸਾਡੀ ਸਾਂਝੀ ਜ਼ਿੰਮੇਵਾਰੀ’ ਵਿਸ਼ੇ ’ਤੇ ਮਨੁੱਖਤਾ, ਸਹਿਣਸ਼ੀਲਤਾ ਅਤੇ ਆਪਸੀ ਸਦਭਾਵਨਾ ਦਾ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ। ਨਿਰਣਾਇਕਾਂ ਵਲੋਂ ਵਿਸ਼ੇ ਦੀ ਸਮਝ, ਤੱਥਾਂ ਦੀ ਪੇਸ਼ਕਾਰੀ, ਭਾਸ਼ਾ ਦੀ ਸ਼ੁੱਧਤਾ, ਆਤਮ-ਵਿਸ਼ਵਾਸ ਅਤੇ ਭਾਸ਼ਣ ਕਲਾ ਦੇ ਆਧਾਰ ’ਤੇ ਜੇਤੂਆਂ ਦੀ ਚੋਣ ਕੀਤੀ ਗਈ। ਮੁਕਾਬਲੇ ਵਿਚ ਜਮਾਤ ਛੇਵੀਂ ਵਿਚ ਕੈਰਵੀ ਬਾਂਸਲ, ਜਮਾਤ ਸੱਤਵੀਂ ਵਿਚ ਏਂਜਲ ਅਤੇ ਜਮਾਤ ਅੱਠਵੀਂ ਵਿਚ ਕ੍ਰਿਸ਼ ਅਤੇ ਤੇਜਸਵਨੀ ਨੇ ਸਾਂਝੇ ਤੌਰ ’ਤੇ ਪਹਿਲਾ ਸਥਾਨ ਹਾਸਿਲ ਕੀਤਾ। ਸਕੂਲ ਦੇ ਚੇਅਰਮੈਨ ਆਸ਼ੀਸ਼ ਤੋਲ਼ਾ, ਡਾਇਰੈਕਟਰ ਅਨੂਪਮਾ ਤੋਲ਼ਾ, ਸ਼ਿਵਮ ਤੋਲ਼ਾ ਅਤੇ ਪ੍ਰਿੰਸੀਪਲ ਪ੍ਰਿਯੰਕਾ ਬਰਾੜ ਨੇ ਜੇਤੂਆਂ ਅਤੇ ਸਮੂਹ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਰਾਸ਼ਟਰੀ ਸਿੱਖਿਆ ਨੀਤੀ-2020 ਦੀ ਭਾਵਨਾ ਅਨੁਸਾਰ ਵਿਦਿਆਰਥੀਆਂ ਵਿਚ ਸੰਚਾਰ ਕੌਸ਼ਲ, ਰਚਨਾਤਮਕਤਾ, ਆਲੋਚਨਾਤਮਕ ਚਿੰਤਨ, ਆਤਮ-ਵਿਸ਼ਵਾਸ ਅਤੇ ਲੀਡਰਸ਼ਿਪ ਗੁਣਾਂ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜ ਅਤੇ ਦੇਸ਼ ਨਾਲ ਜੁੜੇ ਮਹੱਤਵਪੂਰਨ ਵਿਸ਼ਿਆਂ ’ਤੇ ਆਪਣੀ ਸੋਚ ਨੂੰ ਨਿਖਾਰਦੇ ਹੋਏ ਭਵਿੱਖ ਵਿਚ ਵੀ ਅਜਿਹੀਆਂ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਮੁਕਾਬਲੇ ਦੇ ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਭਾਗੀਦਾਰਾਂ ਦੇ ਉਤਸ਼ਾਹ ਅਤੇ ਸ਼ਾਨਦਾਰ ਪ੍ਰਦਰਸ਼ਨ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਪਿਛਲੀ ਖ਼ਬਰ ਪ੍ਰਭਾਵਸ਼ਾਲੀ ਰਿਹਾ ਦੋ ਸੰਸਥਾਵਾਂ ਵਲੋਂ ਕਰਵਾਇਆ ਗਿਆ ਮੁਲਾਂਕਣ ਅਤੇ ਸਨਮਾਨ ਸਮਾਰੋਹ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ’ਚ ਭਖਦੇ ਮਸਲੇ ਵਿਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।