ਸ੍ਰੀ ਮੁਕਤਸਰ ਸਾਹਿਬ, 17 ਜੁਲਾਈ (ਹਰਮਹਿੰਦਰ ਪਾਲ)-ਸਮਾਜ ਸੇਵੀ ਜਸਵੰਤ ਸਿੰਘ ਬਰਾੜ ਨੇ ਕਿਹਾ ਕਿ ਜ਼ਿਲ੍ਹਾ ਗੰਗਾਨਗਰ ਤੇ ਹਨੂੰਮਾਨਗੜ੍ਹ (ਰਾਜਸਥਾਨ) ਦੀ ਖੇਤੀ ਜ਼ਮੀਨ ਲਈ ਸਿੰਚਾਈ ਸਾਧਨ ਲਈ 1927 ਵਿਚ ਉਸਾਰੀ ਗਈ ਗੰਗ ਕੈਨਾਲ ਦਾ ਪਾਣੀ ਇਸ ਖੇਤਰ ਦੀਆਂ ਲੋੜਾਂ ਤੋਂ ਬਹੁਤ ਘੱਟ ਹੈ। ਵਾਰਬੰਦੀ ਨਾਲ ਪਾਣੀ ਚੱਲਦਾ ਹੈ ਅਤੇ ਕਾਫ਼ੀ ਖੇਤਰ ਅੱਜ ਵੀ ਬਰਸਾਤ ਉਪਰ ਹੀ ਨਿਰਭਰ ਹਨ। ਉਸ ਸਮੇਂ ਇਸ ਨਹਿਰ ਦੀ ਸਮਰੱਥਾ 2720 ਕਿਊਸਕ ਮਿਥੀ ਗਈ ਸੀ, ਜਿਸ ਨੇ ਲਗਪਗ 3.08 ਲੱਖ ਹੈਕਟੇਅਰ ਏਕੜ ਜ਼ਮੀਨ ਨੂੰ ਸਿੰਚਾਈ ਯੋਗ ਕਰਨਾ ਸੀ। 1927 ਤੋਂ ਤੱਕ ਇਕ ਹੀ ਵੱਡਾ ਸ਼ਹਿਰ ਗੰਗਾਨਗਰ ਸੀ। ਸਮੇਂ-ਸਮੇਂ ’ਤੇ ਆਬਾਦੀ ਵਧੀ ਨਵੀਂਆਂ ਮੰਡੀਆਂ ਬਣੀਆਂ, ਸ਼ਹਿਰ ਵੱਸੋਂ ਵਧੀ, ਮੌਜੂਦਾ ਸਮੇਂ ਵਿਚ ਇਸ ਨਹਿਰ ਤੋਂ ਹਰ ਪਿੰਡ ਲਈ ਪੀਣ ਦੇ ਪਾਣੀ ਦਾ ਵਾਟਰ ਵਰਕਸ ਦਾ ਪ੍ਰਬੰਧ ਅਤੇ 20 ਦੇ ਕਰੀਬ ਸ਼ਹਿਰਾਂ ਲਈ ਪਾਣੀ ਦੀ ਲੋੜ ਪੂਰੀ ਹੁੰਦੀ ਹੈ, ਜਦੋਂਕਿ ਉਸ ਸਮੇਂ ਇਹ ਵਰਤੋਂ ਬਹੁਤ ਘੱਟ ਸੀ। ਹੋਰ ਜ਼ਮੀਨ ਕਮਾਂਡ ਹੋਈ ਹੈ, ਜੋ ਕਿ ਚੰਗਾ ਫ਼ੈਸਲਾ ਹੈ। ਬਾਗਾਂ ਲਈ ਪਾਣੀ ਦਿੱਤਾ ਗਿਆ ਹੈ। ਇਹ ਖੇਤਰ ਬਰਾਨ ਤੋਂ ਬਹਾਰ ਤੱਕ ਮਿਹਨਤ ਦਾ ਨਤੀਜਾ ਹੈ। ਇਸ ਖੇਤਰ ਵਿਚ ਪੰਜਾਬ ਦੇ ਦੱਖਣੀ ਹਿੱਸੇ ਤੋਂ ਬਹੁਤੇ ਜੱਟ ਸਿੱਖ ਜਾ ਵਸੇ ਹਨ, ਜੋ ਅੱਜ ਵੀ ਪੁਰਾਣੇ ਪਿੰਡਾਂ ਦੇ ਮਾਲਕ ਹਨ। ਇਨ੍ਹਾਂ ਨੇ ਬਹੁਤ ਕਸ਼ਟ ਕੱਟ ਕੇ ਟੋਬਿਆਂ ਦਾ ਪਾਣੀ ਪੀਤਾ ਹੈ। ਅੱਜ ਪਾਣੀ ਦੀ ਲੋੜ ਅਸਲ ਵਿਚ ਤਿੰਨ ਗੁਣਾ ਵਧ ਚੁੱਕੀ ਹੈ, ਪ੍ਰੰਤੂ ਪੂਰਤੀ ਲਈ ਕੁਝ ਵੀ ਨਹੀਂ ਹੋਇਆ। ਖੇਤਰ ਦਾ ਕਿਸਾਨ ਵਰਗ ਬਹੁਤ ਚੇਤਨ ਹੈ ਤੇ ਸੰਘਰਸ਼ਸ਼ੀਲ ਰਹਿੰਦਾ ਹੈ। ਗੰਗ ਨਹਿਰੀ ਸੰਘਰਸ਼ ਸੰਮਤੀ ਫ਼ਿਰੋਜ਼ਪੁਰ ਹੈਡ ਤੱਕ ਪਹੁੰਚਾਉਂਦੀ ਹੈ। ਰਾਜਸਥਾਨ ਸਰਕਾਰ ਵਿਚ ਹਰ ਵਾਰ ਇਨ੍ਹਾਂ ਜ਼ਿਲਿਆਂ ਤੋਂ ਮੰਤਰੀ ਰਹੇ ਹਨ। ਯਤਨ ਵੀ ਕੀਤੇ ਜਾਂਦੇ ਰਹਿੰਦੇ ਹਨ। ਗੰਗ ਨਹਿਰੀ ਦੀ ਨਵ ਉਸਾਰੀ ਸਮੇਂ ਰਾਜਸਥਾਨ ਫੀਡਰ ਤੋਂ ਕੱਚੀ ਲਿੰਕ ਰਾਹੀਂ ਗੰਗ ਕੈਨਾਲ ਨੂੰ ਪਾਣੀ ਚਲਾ ਦਿੱਤਾ ਗਿਆ ਹੈ, ਜੋ ਕਿ ਰਾਜਸਥਾਨ ਕਨਾਲ ਦੇ ਲੋਹਗੜ੍ਹ ਹੈਡ ਤੋਂ ਚਾਲੂ ਕੀਤੀ ਗਈ ਸੀ ਅਤੇ ਸਾਧੂਵਾਲਾ ਹੈਡ ’ਤੇ ਗੰਗ ਕੈਨਾਲ ਜੋੜੀ ਗਈ ਸੀ। ਇਹ ਕੱਚੀ ਨਹਿਰ ਮੌਜੂਦ ਹੈ ਅਤੇ ਰਾਜਸਥਾਨ ਖੇਤਰ ਵਿਚ ਪੈਂਦੀ ਹੈ। ਲੋੜ ਹੈ ਇਹ ਕੱਚੀ ਲਿੰਕ ਨਹਿਰ ਨੂੰ ਪੱਕਾ ਕਰਕੇ ਗੰਗ ਨਹਿਰ ਦਾ ਹੈਡ ਰਾਜਸਥਾਨ ਫੀਡਰ ਤੋਂ ਚਲਾਇਆ ਜਾਵੇ।। ਇਸ ਤਰ੍ਹਾਂ ਜਿਥੇ ਗੰਗ ਨਹਿਰ ਦਾ ਪਾਣੀ ਵਧ ਮਿਲ ਕੇ ਵਾਰਬੰਦੀ ਖ਼ਤਮ ਹੋ ਸਕੇਗੀ। ਗੰਗ ਨਹਿਰ ਦਾ ਹੈਡ ਵੀ ਰਾਜਸਥਾਨ ਸਰਕਾਰ ਕੋਲ ਹੋਵੇਗਾ। ਗੰਗ ਕੈਨਾਲ ’ਤੇ ਰੱਖ ਰਖਾਵ ’ਤੇ ਖ਼ਰਚ ਵੀ ਘੱਟ ਸਕੇਗਾ। ਮੌਜੂਦਾ ਗੰਗ ਨਹਿਰ ਰਾਹੀਂ ਵੀ ਹੂਸੈਨੀਵਾਲਾ ਹੈਡ ਤੋਂ ਚੱਲਦੀ ਰਹੇਗੀੇ, ਇਹ ਨਹਿਰ ਇਕ ਵਾਧੂ ਚੈਨਲ ਵਰਤਿਆ ਜਾ ਸਕੇਗਾ। ਫ਼ਿਰੋਜ਼ਪੁਰ ਕੈਨਾਲ ਵਿਚ ਜੋ ਪਾਣੀ ਵੱਧ ਚੱਲ ਸਕੇ, ਉਹ ਵੀ ਸਰਹਿੰਦ ਫੀਡਰ ਦੇ ਅਖ਼ੀਰਲੇ ਖੇਤਰ ਪੰਜਾਬ, ਰਾਜਸਥਾਨ, ਹਰਿਆਣਾ ਦੀਆਂ ਲੋੜਾਂ ਪੂਰੀਆਂ ਕਰ ਸਕੇਗਾ ਅਤੇ ਪੰਜਾਬ ਦੇ ਦੱਖਣੀ ਜ਼ਿਲੇ੍ਹ ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ ਦੇ ਰਜਬਾਹਿਆਂ ਦੀਆਂ ਟੇਲਾਂ ਵੀ ਪੂਰੀਆਂ ਹੋ ਸਕਣਗੀਆਂ। ਕੇਂਦਰ ਤੇ ਰਾਜਸਥਾਨ ਸਰਕਾਰਾਂ ਨੂੰ ਪੂਰੀ ਵਿਉਂਤਬੰਦੀ ਨਾਲ ਕਿਸਾਨ ਹਿੱਤ ਅਤੇ ਜਰਖੇਜ਼ ਜ਼ਮੀਨ ਤੋਂ ਵੱਧ ਆਮਦਨ ਲੈਣ ਲਈ ਕਿਸਾਨਾਂ ਦੀ ਬਾਂਹ ਫ਼ੜ੍ਹਨ ਦੀ ਲੋੜ ਹੈ। ਪੰਜਾਬ ਸਰਕਾਰ ਹਰ ਰੋਜ਼ ਦੀ ਗੰਗ ਕੈਨਾਲ ਦੇ ਪਾਣੀ ਦੀ ਘੱਟ ਸਪਲਾਈ ਦੀ ਅਲੋਚਨਾ ਤੋਂ ਬਚ ਸਕੇਗੀ ਅਤੇ ਗੰਗ ਕੈਨਾਲ ਦੇ ਕੰਢੇ ਵਸਦੇ ਲੋਕਾਂ ’ਤੇ ਵੀ ਰਾਜਸਥਾਨ ਸਰਕਾਰ/ਕਿਸਾਨਾਂ ਦਾ ਡੰਡਾਧਾਰੀ ਰਵੱਈਆ ਆਪ ਹੀ ਖ਼ਤਮ ਹੋ ਜਾਵੇਗਾ।