04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਲੰਬੇ ਬਿਜਲੀ ਕੱਟਾਂ ਤੋਂ ਕਿਸਾਨ ਮਜ਼ਦੂਰ ਡਾਹਢੇ ਪ੍ਰੇਸ਼ਾਨ

ਅਜੀਤ ਡੈਸਕ 28-06-2026
ਬਰਗਾੜੀ, 27 ਜੂਨ (ਲਖਵਿੰਦਰ ਸ਼ਰਮਾ)-ਪੂਰੇ ਪੰਜਾਬ ਖਾਸ ਕਰਕੇ ਮਾਲਵਾ ਖੇਤਰ ਵਿਚ ਝੋਨੇ ਦੀ ਲਵਾਈ ਇਸ ਸਮੇਂ ਪੂਰੇ ਜ਼ੋਰਾਂ ’ਤੇ ਚੱਲ ਰਹੀ ਹੈ। ਖੇਤਾਂ ਵਾਲੀ ਬਿਜਲੀ ਸਪਲਾਈ ਲੰਮੇ ਬਿਜਲੀ ਕੱਟਾਂ ਕਾਰਨ 8 ਘੰਟੇ ਦੀ ਥਾਂ ਸਿਰਫ ਪੰਜ ਜਾਂ ਛੇ ਘੰਟੇ ਹੀ ਦਿੱਤੀ ਜਾ ਰਹੀ ਹੈ ਜਿਸ ਕਾਰਨ ਕਿਸਾਨ ਅਤੇ ਮਜ਼ਦੂਰ ਡਾਢੇ ਪ੍ਰੇਸ਼ਾਨ ਹਨ। ਖੇਤਾਂ ਵਿਚ ਖੇਤ ਕੱਦੂ ਕਰਨ ਲਈ ਸਹੀ ਬਿਜਲੀ ਸਪਲਾਈ ਨਾ ਆਉਣ ਕਾਰਨ ਸਮੇਂ ਸਿਰ ਲੋੜੀਂਦੇ ਖੇਤ ਕੱਦੂ ਨਹੀਂ ਹੋ ਰਹੇ ਜਿਸ ਕਾਰਨ ਮਜ਼ਦੂਰ ਵੀ ਖੇਤਾਂ ਵਿਚ ਬਹੁਤ ਥੋੜ੍ਹਾ ਕੰਮ ਕਰਕੇ ਵਿਹਲੇ ਬੈਠਣ ਲਈ ਮਜਬੂਰ ਹਨ। ਅੱਤ ਦੀ ਪੈ ਰਹੀ ਗਰਮੀ ਵਿਚ ਕਿਸਾਨ ਅਤੇ ਮਜ਼ਦੂਰ ਸਾਰਾ ਦਿਨ ਖੇਤਾਂ ਵਿਚ ਬੈਠਣ ਲਈ ਮਜਬੂਰ ਹਨ। ਜੇਕਰ ਬਿਜਲੀ ਸਪਲਾਈ ਪੂਰਾ ਸਮਾਂ 8 ਘੰਟੇ ਆਵੇ ਤਾਂ ਕਿਸਾਨ ਮਜ਼ਦੂਰ ਆਪਣਾ ਕੰਮ ਕਰਕੇ ਸ਼ੰਤੁਸ਼ਟ ਹੋਣ। ਹੁਣ ਤਾਂ ਬਿਜਲੀ ਵਿਭਾਗ ਵਾਰੀ ਸਿਰ ਰਾਤ ਸਮੇਂ ਵੀ ਬਿਜਲੀ ਸਪਲਾਈ ਦੇਣ ਲਈ ਮਜਬੂਰ ਹੈ। ਕੁਝ ਗਰਿੰਡਾਂ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਹੜਤਾਲ, ਅੱਤ ਦੀ ਪੈ ਰਹੀ ਗਰਮੀ ਅਤੇ ਕੁਝ ਹੋਰਨਾਂ ਕਾਰਨਾਂ ਕਰਕੇ ਬਿਜਲੀ ਵਿਭਾਗ ਨੂੰ ਲੰਮੇ ਕੱਟ ਲਗਾਉਣੇ ਪੈ ਰਹੇ ਹਨ ਅਤੇ ਕੁਝ ਸਮਾਂ ਬਿਜਲੀ ਸਪਲਾਈ ਵੀ ਰਾਤ ਸਮੇਂ ਦੇਣੀ ਪੈ ਰਹੀ ਹੈ। ਤੇਲ ਦੇ ਰੇਟ ਵੱਧਣ ਕਾਰਨ ਕਿਸਾਨ ਬਹੁਤ ਲੰਮਾਂ ਸਮਾਂ ਖੇਤਾਂ ਵਿਚ ਜਨਰੇਟਰ ਆਦਿ ਵੀ ਨਹੀਂ ਚਲਾ ਸਕਦਾ। ਬਿਜਲੀ ਸਪਲਾਈ ਘੱਟ ਆਉਣ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਦੀ ਦਿਹਾੜੀ ਵੀ ਪੂਰੀ ਨਹੀਂ ਪੈ ਰਹੀ ਕਿਉਂਕਿ ਖੇਤਾਂ ਵਿਚ ਕੰਮ ਘੱਟ ਹੋ ਰਿਹਾ ਹੈ ਅਤੇ ਜ਼ਿਆਦਾ ਸਮਾਂ ਖੇਤਾਂ ਵਿਚ ਵਿਹਲੇ ਬੈਠਣਾ ਪੈਂਦਾ ਹੈ। ਬਿਜਲੀ ਆਉਣ ਦੀ ਝਾਕ ਕਾਰਨ ਖੇਤਾਂ ਵਿਚ ਝੋਨੇ ਦੀ ਲਵਾਈ ਦਾ ਕੰਮ ਵਿਚ ਵਿਚਾਲੇ ਵੀ ਨਹੀਂ ਛੱਡਿਆ ਜਾ ਸਕਦਾ। ਬਿਜਲੀ ਸਪਲਾਈ ਘੱਟ ਆਉਣ ਕਾਰਨ ਝੋਨੇ ਦੀ ਲਵਾਈ ਵੀ ਲੇਟ ਹੋ ਰਹੀ ਹੈ ਜਿਸ ਦਾ ਅਸਰ ਝੋਨੇ ਦੇ ਝਾੜ ਅਤੇ ਅਗਲੀ ਫ਼ਸਲ ਕਣਕ ਦੀ ਬਿਜਾਈ ’ਤੇ ਵੀ ਪਵੇਗਾ। ਘੱਟ ਬਿਜਲੀ ਸਪਲਾਈ ਕਾਰਨ ਜਿਥੇ ਝੋਨੇ ਦੀ ਲਵਾਈ ਵੀ ਘੱਟ ਹੋ ਰਹੀ ਹੈ ਉਥੇ ਖੇਤਾਂ ਵਿਚ ਲੱਗ ਚੁੱਕੇ ਝੋਨੇ ਨੂੰ ਪਾਣੀ ਦੇਣ ਵਿਚ ਵੀ ਭਾਰੀ ਸਮੱਸਿਆ ਆ ਰਹੀ ਹੈ। ਖੇਤਾਂ ਵਿਚ ਲੱਗ ਚੁੱਕਾ ਝੋਨਾ ਪਾਣੀ ਨਾ ਮਿਲਣ ਕਾਰਨ ਸੁੱਕ ਰਿਹਾ ਹੈ। ਕਿਸਾਨ ਘੱਟ ਬਿਜਲੀ ਸਪਲਾਈ ਕਾਰਨ ਨਾ ਤਾਂ ਲੋੜੀਂਦੀ ਮਾਤਰਾ ਵਿਚ ਝੋਨਾ ਲਗਾਉਣ ਲਈ ਖੇਤ ਤਿਆਰ ਕਰ ਸਕਦਾ ਹੈ ਅਤੇ ਨਾ ਹੀ ਲੱਗ ਚੁੱਕੇ ਝੋਨੇ ਨੂੰ ਪੂਰੀ ਤਰਾਂ ਪਾਣੀ ਦੇ ਸਕਦਾ ਹੈ। ਭਾਵੇਂ ਬਿਜਲੀ ਵਿਭਾਗ ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਕਿਸਾਨਾਂ ਨੂੰ ਪੂਰੇ 8 ਘੰਟੇ ਬਿਜਲੀ ਸਪਲਾਈ ਦੇਣ ਦੀ ਪੂਰੀ ਕੋਸ਼ਿਸ ਕਰ ਰਿਹਾ ਹੈ ਪ੍ਰੰਤੂ ਅਨੇਕਾਂ ਯਤਨਾਂ ਦੇ ਬਾਵਜੂਦ ਕਿਸਾਨਾਂ ਨੂੰ 8 ਘੰਟੇ ਦੀ ਥਾਂ 5 ਜਾਂ 6 ਘੰਟੇ ਹੀ ਬਿਜਲੀ ਸਪਲਾਈ ਮਿਲ ਰਹੀ ਹੈ। ਖੇਤਾਂ ਵਾਲੇ ਫ਼ੀਡਰਾਂ ਦੀ ਸਪਲਾਈ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਹੀ ਅਗਲੇ ਹੁਕਮਾਂ ਤੱਕ ਪਾਵਰ ਕੱਟ ਲੱਗਣ ਦਾ ਮੈਸ਼ਿਜ ਆ ਜਾਂਦਾ ਹੈ ਅਤੇ ਕਿਸਾਨ ਮਜ਼ਦੂਰ ਅੱਤ ਦੀ ਗਰਮੀ ਵਿਚ ਖੇਤਾਂ ਵਿਚ ਬੈਠ ਕੇ ਅਗਲੇ ਹੁਕਮਾਂ ਦੀ ਉਡੀਕ ਕਰਦਿਆਂ ਬਿਜਲੀ ਸਪਲਾਈ ਚੱਲਣ ਜਦੀ ਉਡੀਕ ਕਰਦੇ ਰਹਿੰਦੇ ਹਨ। ਬਿਜਲੀ ਦੀ ਘੱਟ ਸਪਲਾਈ ਤੋਂ ਜਿਥੇ ਕਿਸਾਨ ਪ੍ਰੇਸ਼ਾਨ ਹੈ ਉਥੇ ਝੋਨਾ ਲਗਾਉਣ ਵਾਲੇ ਗਰੀਬ ਮਜ਼ਦੂਰ ਵੀ ਆਪਣੀ ਮਿਹਨਤ ਲਈ ਆਪਣੇ ਘਰ ਬਾਰ ਅਤੇ ਬੱਚੇ, ਬਜ਼ੁਰਗ ਆਦਿ ਸੁੰਨੇ ਛੱਡ ਕੇ ਖੇਤਾਂ ਵਿਚ ਰਹਿੰਦੇ ਹਨ ਪ੍ਰੰਤੂ ਖੇਤਾਂ ਵਿਚ ਕੰਮ ਘੱਟ ਨਿਬੜਨ ਕਾਰਨ ਪੂਰੀ ਦਿਹਾੜੀ ਵੀ ਨਹੀਂ ਪੈ ਰਹੀ। ਕਿਸਾਨਾਂ ਮਜ਼ਦੂਰਾਂ ਦੀ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਖੇਤਾਂ ਵਿਚ ਬਿਜਲੀ ਸਪਲਾਈ 8 ਘੰਟੇ ਯਕੀਨੀ ਬਣਾਈ ਜਾਵੇ।
ਪਿਛਲੀ ਖ਼ਬਰ ਪੰਜਾਬ ਦੇ ਭਲੇ ਲਈ ਸੂਬੇ ’ਚ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣੀ ਜ਼ਰੂਰੀ- ਧਨਜੀਤ ਸਿੰਘ ਵਿਰਕ ਅਗਲੀ ਖ਼ਬਰ ਪੰਜਗਰਾਈਂ ਕਲਾਂ ਖੇਤਰਾਂ ’ਚ ਖੇਤਾਂ ਦੀ ਬਿਜਲੀ ਸਪਲਾਈ ਦੇ ਲੱਗ ਰਹੇ ਕੱਟਾਂ ਤੋਂ ਕਿਸਾਨ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।