26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਕੈਬਨਿਟ ਮੰਤਰੀ ਗੁਰਮੀਤ ਖੁੱਡੀਆਂ ਦੇ ਘਰ ਅੱਗੇ ਧਰਨਾ ਪ੍ਰਦਰਸ਼ਨ

ਅਜੀਤ ਡੈਸਕ 26-06-2026
ਲੰਬੀ, 25 ਜੂਨ (ਮੇਵਾ ਸਿੰਘ)-ਪੰਜਾਬ ਸਟੂਡੈਂਟਸ ਯੂਨੀਅਨ (ਪੀਐਸਯੂ) ਵਲੋਂ ਬਾਦਲ ਸਥਿਤ ਸਰਕਾਰੀ ਆਈ.ਟੀ.ਆਈ. ਨੂੰ ਬੰਦ ਕਰਕੇ ਖਿਓਵਾਲੀ ਆਈ.ਟੀ.ਆਈ. ਵਿਚ ਰਲੇਵਾਂ ਕਰਨ ਦੇ ਨਾਮ ’ਤੇ ਬੰਦ ਕਰਨ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਸੁਖਪ੍ਰੀਤ ਕੌਰ, ਹਰਵੀਰ ਕੌਰ ਅਤੇ ਰਜਿੰਦਰ ਸਿੰਘ ਨੇ ਦੱਸਿਆ ਕਿ ਮੋਦੀ ਸਰਕਾਰ ਵਲੋਂ ਲਿਆਂਦੀ ਸਿੱਖਿਆ ਨੀਤੀ 2020 ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਲਾਗੂ ਕਰ ਦਿੱਤੀ ਹੈ। ਨਵੀਂ ਸਿੱਖਿਆ ਨੀਤੀ 2020 ਦੇ ਮਾੜੇ ਪ੍ਰਭਾਵ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪਿੰਡ ਬਾਦਲ ਵਿਖੇ ਪਿਛਲੇ 25 ਸਾਲਾਂ ਤੋਂ ਬਹੁਤ ਸੁਚੱਜੇ ਢੰਗ ਨਾਲ ਚੱਲਦੀ ਆ ਰਹੀ ਸਰਕਾਰੀ ਆਈ. ਟੀ. ਆਈ ਨੂੰ ਬਿਨਾਂ ਕਿਸੇ ਕਾਰਨ ਦੇ ਮੰਤਰੀ ਮੰਡਲ ਦੇ ਫ਼ੈਸਲੇ ਅਨੁਸਾਰ 4 ਅਗਸਤ 2025 ਨੂੰ ਸਰਕਾਰੀ ਆਈ.ਟੀ.ਆਈ ਖਿਉਵਾਲੀ ਵਿਚ ਸ਼ਿਫਟ ਕਰ ਦਿੱਤਾ ਗਿਆ ਸੀ। ਜਿਸ ਕਰਕੇ ਬਾਦਲ ਪਿੰਡ ਅਤੇ ਆਸ-ਪਾਸ ਦੇ ਲਗਪਗ 20-25 ਪਿੰਡਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਪੰਜਾਬ ਵਿਚ ਸਰਕਾਰੀ ਆਈ.ਟੀ. ਆਈਜ਼ ਦੀ ਗਿਣਤੀ ਸਿਰਫ਼ 116 ਹੈ, ਤੇ ਸਰਕਾਰ ਦਾ ਜ਼ੋਰ ਇਨ੍ਹਾਂ ਨੂੰ ਵੀ ਬੰਦ ਕਰਨ ’ਤੇ ਲੱਗਾ ਹੋਇਆ ਹੈ। ਜਦਕਿ ਲੋੜ ਤਾਂ ਹੋਰ ਸਰਕਾਰੀ ਸੰਸਥਾਵਾਂ ਖੋਲ੍ਹ ਕੇ ਆਮ ਲੋਕਾਂ ਤੱਕ ਸਰਕਾਰੀ ਸਿੱਖਿਆ ਪਹੁੰਚਾਉਣਾ ਸੀ। ਇਕ ਪਾਸੇ ਪੰਜਾਬ ਸਰਕਾਰ ‘ਸਕਿੱਲ ਡਿਵੈਲਪਮੈਂਟ’ ਦੇ ਨਾਂਅ ’ਤੇ ਨਵੇਂ ਕੋਰਸ ਸ਼ੁਰੂ ਕਰਨ ਦੇ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਮਸ਼ਹੂਰੀਆਂ ਕਰ ਰਹੀ ਹੈ, ਪਰ ਦੂਜੇ ਪਾਸੇ ਚੱਲ ਰਹੀਆਂ ਸਥਾਪਿਤ ਤਕਨੀਕੀ ਸੰਸਥਾਵਾਂ ਨੂੰ ਬੰਦ ਕਰਨ ਦੇ ਫ਼ਰਮਾਨ ਜਾਰੀ ਕੀਤੇ ਜਾ ਰਹੇ ਹਨ, ਜੋ ਕਿ ਸਰਕਾਰ ਦੇ ਦੋਹਰੇ ਮਾਪਦੰਡਾਂ ਨੂੰ ਜੱਗ-ਜ਼ਾਹਿਰ ਕਰਦਾ ਹੈ। ਜ਼ੋਨਲ ਆਗੂ ਨੌਨਿਹਾਲ ਸਿੰਘ ਥਾਂਦੇਵਾਲਾ, ਜਸਨੀਤ ਸਿੰਘ ਅਤੇ ਸੁਖਬੀਰ ਸਿੰਘ ਨੇ ਦੱਸਿਆ ਕਿ ਪੀ.ਐਸ.ਯੂ. ਅਤੇ ਬਾਦਲ ਵਾਸੀਆਂ ਵਲੋਂ ਪਿਛਲੇ ਲਗਪਗ 10 ਦਿਨਾਂ ਤੋਂ ਸਰਕਾਰੀ ਆਈ.ਟੀ.ਆਈ. ਬਾਦਲ ਨੂੰ ਮੁੜ ਚਾਲੂ ਕਰਵਾਉਣ ਦੀ ਮੰਗ ਨੂੰ ਲੈ ਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੋਇਆ ਸੀ। ਇਸ ਦੇ ਬਾਵਜੂਦ ਮੰਤਰੀ ਨੇ ਘਰ ਵਿਚ ਰਹਿੰਦਿਆਂ ਵੀ ਲੋਕਾਂ ਦੀ ਗੱਲ ਸੁਣਨਾ ਅਤੇ ਉਨ੍ਹਾਂ ਨਾਲ ਮੁਲਾਕਾਤ ਕਰਨਾ ਜ਼ਰੂਰੀ ਨਹੀਂ ਸਮਝਿਆ, ਜਿਸ ਕਾਰਨ ਇਲਾਕੇ ਦੇ ਲੋਕਾਂ ਅਤੇ ਵਿਦਿਆਰਥੀਆਂ ਵਿਚ ਭਾਰੀ ਰੋਸ ਪਾਇਆ ਗਿਆ।
ਧਰਨੇ ਦੌਰਾਨ ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਖੋਖਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਪਾਸ਼ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸੇਵੇਵਾਲਾ, ਟੈਕਨੀਕਲ ਸਰਵਿਸ ਯੂਨੀਅਨ ਦੇ ਸਤਪਾਲ ਸਿੰਘ, ਪੀ ਐਸ ਯੂ (ਰੰਧਾਵਾ) ਦੇ ਆਗੂ ਬਿੰਦਰ ਸਿੰਘ, ਪੈਨਸ਼ਨਰ ਐਸੋਸੀਏਸ਼ਨ ਦੇ ਦਿਲਾਵਰ ਸਿੰਘ, ਸੁਖਚੈਨ ਚੈਨਾ (ਬਾਦਲ), ਗੁਰਤੇਜ ਖੁੱਡੀਆਂ ਨੇ ਸੰਬੋਧਨ ਕੀਤਾ।
ਪਿਛਲੀ ਖ਼ਬਰ ਪੰਜਾਬ ਨਾਨ ਗਜ਼ਟਿਡ ਫੋਰੈਸਟ ਅਫ਼ਸਰ ਯੂਨੀਅਨ ਵਲੋਂ ਵਣ ਮੰਡਲ ਅਫ਼ਸਰ ਖ਼ਿਲਾਫ਼ ਧਰਨਾ ਅਗਲੀ ਖ਼ਬਰ ਜੋਨੀ ਗਰਗ ਨਗਰ ਕੌਂਸਲ ਮਲੋਟ ਦੇ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।