18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਲੋਕ ਸੰਘਰਸ਼ ਨੂੰ ਬੂਰ ਪਿਆ

ਅਜੀਤ ਡੈਸਕ 09-05-2026
ਸ੍ਰੀ ਮੁਕਤਸਰ ਸਾਹਿਬ, 8 ਮਈ (ਹਰਮਹਿੰਦਰਪਾਲ)-1998 ਤੋਂ ਕਿਰਾਏ ਦੀ ਨਿੱਕੜੀ ਜਿਹੀ ਅਤੇ ਖਸਤਾਹਾਲ ਇਮਾਰਤ 'ਚ ਚੱਲ ਰਹੇ ਪੰਜਾਬ ਯੂਨੀਵਰਸਿਟੀ ਦੇ ਰਿਜ਼ਨਲ ਸੈਂਟਰ ਵਾਸਤੇ ਨਵੀਂ ਇਮਾਰਤ ਬਣਾਉਣ ਲਈ ਵਿਦਿਆਰਥੀਆਂ ਅਤੇ ਰਿਜ਼ਨਲ ਸੈਂਟਰ ਬਣਾਓ ਮੰਚ ਵਲੋਂ ਕੀਤੇ ਸੰਘਰਸ਼ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ | ਸੈਂਟਰ ਵਾਸਤੇ ਸਰਕਾਰੀ ਕਾਲਜ ਕੰਪਲੈਕਸ ਵਿਖੇ ਇਮਾਰਤ ਬਣਨੀ ਸ਼ੁਰੂ ਹੋ ਗਈ ਹੈ | ਹਾਲ ਦੀ ਘੜੀ ਪਹਿਲੇ ਪੜਾਅ 'ਚ 4 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਅਕਾਦਮਿਕ ਬਲਾਕ ਬਣ ਰਿਹਾ ਹੈ | ਰਿਜ਼ਨਲ ਸੈਂਟਰ ਦੇ ਡਾਇਰੈਕਟਰ ਡਾ. ਮੁਨੀਸ਼ ਕੁਮਾਰ ਨੇ ਦੱਸਿਆ ਕਿ ਇਸ ਤਿੰਨ ਮੰਜ਼ਿਲੀ ਇਮਾਰਤ ਦਾ ਜ਼ਮੀਨੀ ਬਲਾਕ ਵਾਸਤੇ ਕਰੀਬ ਸਵਾ 7 ਕਰੋੜ ਰੁਪਏ ਦੀ ਲੋੜ ਹੈ | ਅਲਾਟ ਹੋਏ ਫੰਡ ਨਾਲ ਕਰੀਬ ਪੜ੍ਹਾਈ ਦੇ ਕਮਰੇ ਅਤੇ ਪਖਾਨੇ ਵਗੈਰਾ ਬਣਨਗੇ | ਫਿਰ ਜਿਵੇਂ ਜਿਵੇਂ ਫੰਡ ਆਉਣਗੇ ਇਮਾਰਤ 'ਚ ਵਾਧਾ ਕੀਤਾ ਜਾਵੇਗਾ | ਸਿਆਸੀ ਖਿੱਚਾਧੂਹੀ ਦਾ ਸ਼ਿਕਾਰ ਰਿਹਾ ਰਿਜ਼ਨਲ ਸੈਂਟਰ-2017 ਵਿਚ ਗਿਦੜਬਾਹਾ ਦੇ ਤਤਕਾਲੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਯੂਨੀਵਰਸਿਟੀ ਦੇ ਮੁਕਤਸਰ ਸਥਿਤ ਰਿਜ਼ਨਲ ਸੈਟਰ ਨੂੰ ਗਿਦੜਬਾਹਾ ਹਲਕੇ ਦੇ ਪਿੰਡ ਕਾਉਣੀ ਵਿਚ ਪੈਂਦੇ ਰੂਰਲ ਸੈਂਟਰ ਵਿਚ ਰਲਾਉਣ ਦੀ ਬਹੁਤ ਕੋਸ਼ਿਸ਼ ਕੀਤੀ | ਪਰ ਵਿਦਿਆਰਥੀਆਂ ਅਤੇ ਰਿਜ਼ਨਲ ਸੈਂਟਰ ਬਚਾਓ ਮੰਚ ਦੇ ਸੰਘਰਸ਼ ਕਾਰਨ ਉਹ ਸਫ਼ਲ ਨਹੀਂ ਹੋ ਸਕੇ | ਸੈਂਟਰ ਮੁਕਤਸਰ ਰਹਿਣ ਤੋਂ ਬਾਅਦ ਅਗਲਾ ਸੰਘਰਸ਼ ਸੀ ਨਵੀਂ ਇਮਾਰਤ ਦਾ | ਇਸ ਵਾਸਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਰਕਾਰੀ ਕਾਲਜ ਦੀ ਜ਼ਮੀਨ ਵਿਚੋਂ ਕਰੀਬ 5 ਕਿਲੇ ਜ਼ਮੀਨ ਰਿਜ਼ਨਲ ਸੈਂਟਰ ਦੇ ਨਾਮ ਤਬਦੀਲ ਕਰਨ ਦੇ ਹੁਕਮ ਦੇ ਦਿੱਤੇ ਸਨ | ਜ਼ਮੀਨ ਟਰਾਂਸਫਰ ਹੋਣ ਤੋਂ ਬਾਅਦ ਕਰੀਬ 3 ਸਾਲ ਪਹਿਲਾਂ ਇਸ ਦੀ ਚਾਰਦੀਵਾਰੀ ਹੋ ਗਈ ਸੀ | ਹੁਣ ਇਮਾਰਤ ਬਣਨ ਲੱਗੀ ਹੈ | ਰਿਜ਼ਨਲ ਸੈਂਟਰ ਬਣਾਓ ਮੰਚ ਦੇ ਆਗੂ ਜਸਕਰਨ ਸਿੰਘ ਬਰਾੜ ਅਤੇ ਗੁਰਸੇਵਕ ਸਿੰਘ ਪ੍ਰੀਤ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਇਸ ਸੈਂਟਰ ਵਾਸਤੇ ਪੂਰੇ ਫੰਡ ਜਾਰੀ ਕਰੇ ਤਾਂ ਜੋ ਇਥੇ ਪੜ੍ਹਨ ਆਉਂਦੇ ਕਰੀਬ ਦੋ ਸੌ ਪਿੰਡਾਂ ਦੇ ਵਿਦਿਆਰਥੀਆਂ ਨੂੰ ਸਹੂਲਤ ਮਿਲ ਸਕੇ | ਰਿਜ਼ਨਲ ਸੈਂਟਰ ਦੇ ਨਿਰਮਾਣ ਵਾਸਤੇ 37 ਕਰੋੜ ਰੁਪਏ ਦੀ ਗਰਾਂਟ ਜਾਰੀ ਕਰਵਾਉਣ ਲਈ ਪਿਛਲੇ ਦਿਨੀਂ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ |
ਸਰਕਾਰੀ ਕਾਲਜ ਕੰਪਲੈਕਸ ਵਿਚ ਰਿਜ਼ਨਲ ਸੈਂਟਰ ਦੀ ਨਵੀਂ ਇਮਾਰਤ ਦੀਆਂ ਪੁੱਟੀਆਂ ਜਾ ਰਹੀਆਂ ਨੀਹਾਂ ਦਾ ਦਿ੍ਸ਼ | ਅਜੀਤ ਤਸਵੀਰ


ਪਿਛਲੀ ਖ਼ਬਰ ਸਰਕਾਰ ਵਲੋਂ ਵਪਾਰੀਆਂ ਦੇ ਹਿੱਤਾਂ ਦੀ ਕੀਤੀ ਜਾਵੇਗੀ ਰਾਖੀ-ਐਸ.ਡੀ.ਐਮ. ਅਗਲੀ ਖ਼ਬਰ ਜਨਮ ਸਰਟੀਫਿਕੇਟ ਨੂੰ ਡਿਜੀਟਲ ਕਰਨ ਦੇ ਆਦੇਸ਼ ਨੂੰ ਬੋਰਡ ਵਾਪਿਸ ਲਵੇ- ਯੂਨੀਅਨ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।