ਸੁਰਜੀਤ ਸਿੰਘ ਰੱਖੜਾ ਨੇ ਡਰੋਲੀ ਤੇ ਝੰਡੀ ’ਚ ਆਧੁਨਿਕ ਪੇਂਡੂ ਜਿੰਮ ਕੀਤੇ ਲੋਕ ਅਰਪਣ
ਸਮਾਣਾ, 3 ਅਗਸਤ (ਹਰਵਿੰਦਰ ਸਿੰਘ ਟੋਨੀ)-ਸਾਬਕਾ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਨੇ ਹਲਕਾ ਸਮਾਣਾ ਦੇ ਪਿੰਡ ਡਰੋਲੀ ਤੇ ਝੰਡੀ ਵਿਖੇ ਆਧੁਨਿਕ ਸਾਜ਼ੋ-ਸਾਮਾਨ ਨਾਲ ਲੈਸ ਪੇਂਡੂ ਜਿੰਮ ਲੋਕ ਅਰਪਣ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਅਤੇ ਤੰਦਰੁਸਤੀ ਪ੍ਰਤੀ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਸਮਾਣਾ, 3 ਅਗਸਤ (ਹਰਵਿੰਦਰ ਸਿੰਘ ਟੋਨੀ)-ਸਾਬਕਾ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਨੇ ਹਲਕਾ ਸਮਾਣਾ ਦੇ ਪਿੰਡ ਡਰੋਲੀ ਤੇ ਝੰਡੀ ਵਿਖੇ ਆਧੁਨਿਕ ਸਾਜ਼ੋ-ਸਾਮਾਨ ਨਾਲ ਲੈਸ ਪੇਂਡੂ ਜਿੰਮ ਲੋਕ ਅਰਪਣ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਅਤੇ ਤੰਦਰੁਸਤੀ ਪ੍ਰਤੀ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸ. ਰੱਖੜਾ ਨੇ ਕਿਹਾ ਕਿ ਪੇਂਡੂ ਜਿੰਮਾਂ ਦੀ ਸਥਾਪਨਾ ਸਿਰਫ਼ ਇਕ ਸਹੂਲਤ ਨਹੀਂ, ਸਗੋਂ ਨੌਜਵਾਨਾਂ ਨੂੰ ਸਿਹਤਮੰਦ ਜੀਵਨ-ਸ਼ੈਲੀ, ਅਨੁਸ਼ਾਸਨ ਤੇ ਖੇਡ ਸਭਿਆਚਾਰ ਨਾਲ ਜੋੜਨ ਵੱਲ ਇਕ ਮਹੱਤਵਪੂਰਨ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨ ਖੇਡਾਂ ਤੇ ਕਸਰਤ ਨਾਲ ਜੁੜਦੇ ਹਨ ਤਾਂ ਉਹ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਆਪਣੇ ਆਪ ਦੂਰ ਰਹਿੰਦੇ ਹਨ ਅਤੇ ਸਮਾਜ ਲਈ ਇਕ ਸਕਾਰਾਤਮਿਕ ਮਿਸਾਲ ਬਣਦੇ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਾ ਉਦੇਸ਼ ਪਿੰਡਾਂ ਦੇ ਨੌਜਵਾਨਾਂ ਨੂੰ ਵੀ ਸ਼ਹਿਰਾਂ ਵਾਂਗ ਬਿਹਤਰੀਨ ਖੇਡ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਹਲਕਾ ਸਮਾਣਾ ਦੇ ਨੌਜਵਾਨਾਂ ਲਈ ਅਜਿਹੇ ਲੋਕ-ਭਲਾਈ ਦੇ ਉਪਰਾਲੇ ਜਾਰੀ ਰਹਿਣਗੇ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ। ਇਸ ਮੌਕੇ ਸਰਪੰਚ ਸੰਦੀਪ ਸਿੰਘ ਚੇਅਰਮੈਨ ਸਪੋਰਟਸ ਵੈੱਲਫੇਅਰ ਬੋਰਡ, ਡੀ. ਐੱਸ. ਓ. ਪਟਿਆਲਾ ਨਵਜੋਤ ਸਿੰਘ ਧਾਲੀਵਾਲ, ਕੋਚ ਬੌਬੀ ਵੜੈਚ, ਚੇਅਰਮੈਨ ਮਨਿੰਦਰ ਸਿੰਘ ਡਕਾਲਾ, ਅਮਰਦੀਪ ਸਿੰਘ ਸਰਪੰਚ ਡਕਾਲਾ, ਕੋਚ ਪ੍ਰਦੀਪ ਸ਼ਰਮਾ, ਸਾਬਕਾ ਚੇਅਰਮੈਨ ਮਲਕੀਤ ਸਿੰਘ ਡਕਾਲਾ ਆਦਿ ਵੀ ਹਾਜ਼ਰ ਸਨ।