ਪਟਿਆਲਾ, 28 ਜੁਲਾਈ (ਅ.ਸ.ਅਹਲੂਵਾਲੀਆ)-ਸੀਨੀਅਰ ਭਾਜਪਾ ਆਗੂ ਸੁਖਵਿੰਦਰਪਾਲ ਸਿੰਘ ਮਿੰਟਾ ਨੇ ਸਾਥੀਆਂ ਸਮੇਤ ਨਿਊ ਮੋਤੀ ਮਹਿਲ ਵਿਚ ਪਹੁੰਚ ਕੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਤੇ ਭਾਜਪਾ ਦੀ ਮਾਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਜੈਇੰਦਰ ਕੌਰ ਨੂੰ ਸਨਮਾਨਿਤ ਕੀਤਾ। ਮਿੰਟਾਂ ਨਾਲ ਗਏ ਸਮਰਥਕਾਂ ਦੇ ਇਕੱਠ ਨੂੰ ਦੇਖ ਕੇ ਗਦ ਗਦ ਹੋਈ ਪ੍ਰਨੀਤ ਕੌਰ ਨੇ ਕਿਹਾ ਕਿ ਸ. ਮਿੰਟਾ ਮਿਹਨਤੀ ਤੇ ਜਮੀਨ ਨਾਲ ਜੁੜੇ ਹੋਏ ਆਗੂ ਹਨ। ਜਿਨ੍ਹਾਂ ਨੇ ਹਮੇਸ਼ਾ ਹੀ ਪਾਰਟੀ ਦੀ ਮਜਬੂਤੀ ਲਈ ਕੰਮ ਕੀਤਾ ਹੈ। ਭਾਜਪਾ ਨੂੰ ਅਜਿਹੇ ਜ਼ਮੀਨ ਨਾਲ ਜੁੜੇ ਹੋਏ ਆਗੂਆਂ ਦੀ ਜ਼ਰੂਰਤ ਸੀ। ਬੀਬਾ ਜੈਇੰਦਰ ਕੌਰ ਨੇ ਕਿਹਾ ਕਿ ਅਜਿਹੇ ਮਿਹਨਤੀ ਤੇ ਜ਼ਮੀਨ ਨਾਲ ਜੁੜੇ ਆਗੂਆਂ ਦੇ ਕਾਰਨ ਹੀ ਪਾਰਟੀ ਦਾ 2027 ਵਿਚ ਸੱਤਾ ’ਤੇ ਕਾਬਜ਼ ਹੋਣਾ ਹੈ। ਸੁਖਵਿੰਦਰਪਾਲ ਸਿੰਘ ਮਿੰਟਾ ਨੇ ਕਿਹਾ ਪ੍ਰਨੀਤ ਕੌਰ ਤੇ ਬੀਬਾ ਜੈਇੰਦਰ ਕੌਰ ਦੀ ਅਗਵਾਈ ਹੇਠ ਪਟਿਆਲਾ ਵਿਚ ਭਾਜਪਾ ਦਿਨ ਪ੍ਰਤੀ ਦਿਨ ਮਜ਼ਬੂਤ ਹੋ ਰਹੀ ਹੈ। ਪਟਿਆਲਾ ਹੀ ਨਹੀਂ ਪੁਰਾ ਪੰਜਾਬ ਹੁਣ ਭਾਜਪਾ ਦੇ ਝੰਡੇ ਹੇਠ ਲਾਮਬੰਦ ਹੋ ਚੁੱਕਿਆ ਹੈ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਹਨ੍ਹੇਰੀ ਚੱਲਣੀ ਤੈਅ ਹੈ, ਜਿਸ ਦੇ ਅੱਗੇ ਵਿਰੋਧੀ ਪਾਰਟੀਆਂ ਕਿਸੇ ਕਿਤੇ ਵੀ ਨਹੀਂ ਟਿਕ ਸਕਣਗੀਆਂ। ਇਸ ਮੌਕੇ ਰਜਿੰਦਰ ਪਾਲ ਰਿੰਕੂ, ਇਕਬਾਲ ਸਿੰਘ ਸਿਉਣਾ, ਰਵਿੰਦਰ ਪਾਲ ਸਿੰਘ ਖਰੋੜ, ਅਮਰਜੀਤ ਅਰੋੜਾ, ਸੁਰਿੰਦਰ ਸਿੰਘ ਛਾਬੜਾ, ਗੁਰਮੀਤ ਸਿੰਘ ਰਾਜੂ, ਅਮਰੀਕ ਸਿੰਘ ਗਿੱਲ, ਮਨਜੀਤ ਖਰੋੜ, ਬਲਜਿੰਦਰ ਪਾਲ, ਅਮਰਦੇਵ ਬੰਟੀ, ਸੁਖਦਰਸ਼ਨ ਸਿੰਘ, ਵਰਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।